ਪਦਮਜੀਤ ਮਹਿਤਾ ਬਣਿਆ ਬਠਿੰਡਾ ਦਾ ਸਭ ਤੋਂ ਛੋਟੀ ਉਮਰ ਦਾ ਮੇਅਰ
ਅਸ਼ੋਕ ਵਰਮਾ
ਬਠਿੰਡਾ, 5 ਫਰਵਰੀ 2025 : ਆਮ ਆਦਮੀ ਪਾਰਟੀ ਬਠਿੰਡਾ ਵਿੱਚ ਵੀ ਆਪਣਾ ਮੇਅਰ ਬਣਾਉਣ 'ਚ ਸਫਲ ਰਹੀ ਹੈ। ਅੱਜ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 48 ਤੋਂ ਕੌਂਸਲਰ ਪਦਮਜੀਤ ਮਹਿਤਾ ਮੇਅਰ ਚੁਣੇ ਗਏ ਹਨ। ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ 5 ਫਰਵਰੀ ਦਾ ਦਿਨ ਮੇਅਰ ਦੀ ਚੋਣ ਲਈ ਤੈਅ ਕੀਤਾ ਸੀ। ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਅਤੇ ਨਗਰ ਨਿਗਮ ਦੇ ਕਮਿਸ਼ਨਰ ਕੰਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਭਰੇ ਇਸ ਮੌਕੇ ਹਾਜ਼ਰ ਸਨ। 3 ਵਜੇ ਮੇਅਰ ਦੀ ਚੋਣ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਹੋਈ। ਮੀਟਿੰਗ ਤੋਂ ਪਹਿਲਾਂ ਕੌਂਸਲਰ ਪਦਮਜੀਤ ਮਹਿਤਾ ਨੂੰ ਸੌਂਹ ਚੁਕਾਈ ਗਈ।ਜਾਣਕਾਰੀ ਅਨੁਸਾਰ ਅੱਜ ਜਰਨਲ ਹਾਊਸ ਦੀ ਮੀਟਿੰਗ ਵਿੱਚ 47 ਕੌਂਸਲਰਾਂ ਨੇ ਭਾਗ ਲਿਆ। ਕਾਂਗਰਸ ਤਰਫੋਂ ਬਲਜਿੰਦਰ ਸਿੰਘ ਠੇਕੇਦਾਰ ਮਿਹਰ ਦੇ ਉਮੀਦਵਾਰ ਸਨ ਜਦੋਂ ਕਿ ਆਮ ਆਦਮੀ ਪਾਰਟੀ ਨੇ ਪਦਮਜੀਤ ਮਹਿਤਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ।
ਇਸ ਮੌਕੇ ਪਈਆਂ ਵੋਟਾਂ ਦੌਰਾਨ ਪਦਮਜੀਤ ਮਹਿਤਾ ਨੂੰ 33 ਵੋਟਾਂ ਮਿਲੀਆਂ ਹਨ ਜਦੋਂ ਕਿ ਬਲਜਿੰਦਰ ਠੇਕੇਦਾਰ ਸਿਰਫ 14 ਵੋਟਾਂ ਹੀ ਲੈ ਸਕਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਕਾਂਗਰਸ ਵਿੱਚ ਵੱਡਾ ਸੰਨ੍ਹ ਲਾਉਣ ਵਿੱਚ ਸਫਲ ਰਹੀ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਮਾਇਤੀ ਕੌਂਸਲਰ ਵੀ ਅੱਜ ਪਦਮਜੀਤ ਮਹਿਤਾ ਦੇ ਹੱਕ ਵਿੱਚ ਭੁਗਤੇ ਹਨ। ਅੱਜ ਹੋਈ ਚੋਣ ਦੌਰਾਨ ਮੇਅਰ ਬਣਨ ਵਾਲੇ ਪਦਮਜੀਤ ਮਹਿਤਾ ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਦੇ ਮੇਅਰ ਹਨ।ਕੌਂਸਲਰ ਸੁਖਦੀਪ ਸਿੰਘ, ਹਰਪਾਲ ਸਿੰਘ ਅਤੇ ਸਾਬਕਾ ਕੌਂਸਲਰ ਹਰਜਿੰਦਰ ਸਿੰਘ ਛਿੰਦਾ ਦੀ ਮਾਤਾ ਨੇ ਆਪਣੀ ਵੋਟ ਨਹੀਂ ਪਾਈ ਹੈ। ਵਿਧਾਇਕ ਜਗਰੂਪ ਗਿੱਲ ਕਿਸ ਤਰ੍ਹਾਂ ਭੁਗਤੇ ਇਸ ਬਾਰੇ ਅਜੇ ਸਥਿਤੀ ਸਪਸ਼ਟ ਨਹੀਂ ਹੋਈ ਹੈ । ਇਸ ਸੰਬੰਧ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।