← ਪਿਛੇ ਪਰਤੋ
ਪਤੀ ਨਾਲ ਸੈਰ ਕਰ ਰਹੀ ਨਵਵਿਆਹੁਤਾ ਤੇ ਫਾਇਰਿੰਗ- ਜ਼ਖ਼ਮੀ ਹਾਲਤ ’ਚ ਬਠਿੰਡਾ ਰੈਫਰ ਅਸ਼ੋਕ ਵਰਮਾ ਭਗਤਾ ਭਾਈ, 21 ਜਨਵਰੀ2025: ਬਠਿੰਡਾ ਜਿਲ੍ਹੇ ਦੇ ਕਸਬਾ ਭਗਤਾ ਭਾਈ ’ਚ ਅੱਜ ਸਵੇਰ ਵੇਲੇ ਆਪਣੇ ਪਤੀ ਨਾਲ ਸੈਰ ਕਰ ਰਹੀ ਨਵਵਿਆਹੁਤਾ ਲੜਕੀ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਤਕਰੀਬਨ ਨੌ ਵਜੇ ਦੀ ਹੈ ਜਦੋਂ ਹਮਲਾਵਾਰ ਵੱਲੋਂ ਚਲਾਈ ਗੋਲੀ ਲੜਕੀ ਦੇ ਪੱਟ ਨੂੰ ਚੀਰਦੀ ਲੰਘ ਗਈ । ਰਾਹਤ ਦੀ ਗੱਲ ਇਹੋ ਰਹੀ ਕਿ ਅਚਾਨਕ ਕੀਤੇ ਗਏ ਇਸ ਹਮਲੇ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਜਾਣਕਾਰੀ ਅਨੁਸਾਰ ਲੜਕੀ ਹਰਪ੍ਰੀਤ ਕੌਰ ਦਾ ਭਗਤਾ ਭਾਈ ਦੀ ਸੁਰਜੀਤ ਬਸਤੀ ’ਚ ਰਹਿਣ ਵਾਲੇ ਅਰਸ਼ਦੀਪ ਸਿੰਘ ਨਾਲ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਅੱਜ ਉਹ ਸ਼ਹਿਰ ਦੀ ਅਨਾਜ ਮੰਡੀ ’ਚ ਆਪਣੇ ਪਤੀ ਨਾਲ ਸੈਰ ਕਰ ਰਹੀ ਸੀ ਤਾਂ ਅਚਾਨਕ ਉਸ ਤੇ ਕਿਸੇ ਨੇ ਗੋਲੀ ਚਲਾ ਦਿੱਤੀ ਜਿਸ ਦੇ ਸਿੱਟੇ ਵਜੋਂ ਉਹ ਜਖਮੀ ਹੋ ਗਈ। ਹਰਪ੍ਰੀਤ ਕੌਰ ਨੂੰ ਫੌਰੀ ਤੌਰ ਤੇ ਭਗਤਾ ਭਾਈ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਦੀ ਸਥਿਤੀ ਨੂੰ ਦੇਖਦਿਆਂ ਡਾਕਟਰਾਂ ਨੇ ਬਠਿੰਡਾ ਰੈਫਰ ਕਰ ਦਿੱਤਾ । ਵਾਰਦਾਤ ਦਾ ਪਤਾ ਲੱਗਦਿਆਂ ਡੀਐਸਪੀ ਡੀ ਬਠਿੰਡਾ, ਥਾਣਾ ਦਿਆਲਪੁਰਾ ਭਾਈ ਦੀ ਪੁਲਿਸ ਪਾਰਟੀ ਅਤੇ ਸੀਆਈਏ ਸਟਾਫ ਦੀ ਟੀਮ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਬਠਿੰਡਾ ’ਚ ਹਰਪ੍ਰੀਤ ਕੌਰ ਦੇ ਪਤੀ ਅਰਸ਼ਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਉਹ ਦੋਨੋ ਸੈਰ ਕਰ ਰਹੇ ਸਨ ਤਾਂ ਇਸ ਦੌਰਾਨ ਬਿਨਾਂ ਨੰਬਰ ਵਾਲੇ ਸਪਲੈਂਡਰ ਮੋਟਰਸਾਈਕਲ ਤੇ ਦੋ ਜਣੇ ਆਏ ਜਿੰਨ੍ਹਾਂ ਚੋਂ ਇੱਕ ਨੇ ਮੂੰਹ ਬੰਨਿ੍ਹਆ ਹੋਇਆ ਸੀ ਜਦੋਂਕਿ ਦੂਸਰੇ ਨੇ ਲੋਈ ਲਈ ਹੋਈ ਸੀ। ਉਸ ਨੇ ਦੱਸਿਆ ਕਿ ਇਸ ਮੌਕੇ ਇੱਕ ਨੇ ਹਰਪ੍ਰੀਤ ਕੌਰ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਜਖਮੀ ਹੋ ਗਈ। ਅਰਸ਼ਦੀਪ ਸਿੰਘ ਨੇ ਕਿਸੇ ਨਾਲ ਕਿਸੇ ਵੀ ਕਿਸਮ ਦੀ ਰੰਜਿਸ਼ ਹੋਣ ਤੋਂ ਇਨਕਾਰ ਕੀਤਾ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਹਰਪ੍ਰੀਤ ਕੌਰ ਆਪਣੇ ਪਤੀ ਨਾਲ ਸੈਰ ਕਰ ਰਹੀ ਸੀ ਤਾਂ ਮੌਕੇ ਤੇ ਦੋ ਮੋਟਰਸਾਈਕਲ ਸਵਾਰ ਆਏ ਅਤੇ ਇੱਕ ਨੇ ਹਰਪ੍ਰੀਤ ਕੌਰ ਤੇ ਗੋਲੀ ਚਲਾ ਦਿੱਤੀ ਜੋ ਪੱਟ ਨੂੰ ਚੀਰਦੀ ਆਰ ਪਾਰ ਲੰਘ ਗਈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਬਿਆਨ ਲਏ ਜਾ ਰਹੇ ਹਨ ਜਿਨ੍ਹਾਂ ਦੇ ਅਧਾਰ ਤੇ ਜਾਂਚ ਨੂੰ ਅੱਗੇ ਵਧਾਇਆ ਜਾਏਗਾ। ਐਸਪੀ ਨੇ ਦੱਸਿਆ ਕਿ ਇਸ ਮਾਮਲੇ ’ਚ ਕੇਸ ਦਰਜ ਕੀਤਾ ਜਾ ਰਿਹਾ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਲੜਕੀ ਦੀ ਲਵ ਮੈਰਿਜ ਹੋਈ ਹੈ ਪਰ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਜਿਸ ਤੋਂ ਲੱਗਦਾ ਹੋਵੇ ਕਿ ਵਿਆਹ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੜਕੀ ਨੇ ਅਜੇ ਕਿਸੇ ਤੇ ਸ਼ੱਕ ਵੀ ਨਹੀਂ ਜਤਾਇਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।
Total Responses : 1241