ਨਗਰ ਕੀਰਤਨ ਦੌਰਾਨ ਗਤਕਾ ਖੇਡ ਰਹੇ ਨੌਜਵਾਨਾਂ ਤੇ ਹਮਲਾ
ਕੇਸਾਂ ਦੀ ਕੀਤੀ ਕਥਿਤ ਤੌਰ ਤੇ ਬੇਅਦਬੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਜਨਵਰੀ 2025- ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਬਾਬਾ ਸੰਗਤ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਸਜਾਏ ਗਏ ਨਗਰ ਕੀਰਤਨ ਮੌਕੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਨਗਰ ਕੀਰਤਨ ਜਦ ਚੌਂਕ ਚੇਲਿਆਂ ਪੁੱਜਾ ਤਾਂ ਇਸ ਮੌਕੇ ਕੁਝ ਮੋਟਰਸਾਈਕਲ ਸਵਾਰ ਨੌਜਵਾਨ ਜੋ ਬਹੁਤ ਤੇਜ਼ ਸਪੀਡ ਨਾਲ ਰੇਸਾਂ ਲਗਾਉਂਦੇ ਜਾ ਰਹੇ ਸਨ ਅਤੇ ਸੜਕ ਪਾਰ ਕਰਨਾ ਚਾਹੁੰਦੇ ਸਨ ਜਿਨਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਮੀਰੀ ਪੀਰੀ ਗਤਕਾ ਅਖਾੜਾ ਦੇ ਇੱਕ ਨੌਜਵਾਨ ਵੱਲੋਂ ਕਥਿਤ ਤੌਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਹੌਲ ਗਰਮਾ ਗਿਆ। ਮੀਰੀ ਪੀਰੀ ਗਤਕਾ ਪਾਰਟੀ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਸਾਡੇ ਨੌਜਵਾਨ ਸੁਮਿਤ ਸਿੰਘ ਦੀ ਦਾੜੀ ਪੁੱਟੀ ਤੇ ਕੇਸਾਂ ਦੀ ਬੇਅਦਬੀ ਕੀਤੀ। ਉਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਉਹਨਾਂ ਵੱਲੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਗਿਆ ਜਿਨਾਂ ਦੇ ਹੱਥਾਂ ਵਿੱਚ ਨੰਗੇ ਤੇਜ਼ਧਾਰ ਹਥਿਆਰ ਕਿਰਪਾਨਾ, ਦਾਤਰ ਤੇ ਹੋਰ ਜਾਨ ਲੇਵਾ ਹਥਿਆਰ ਸਨ। ਉਹਨਾਂ ਦੱਸਿਆ ਕਿ ਉਹਨਾਂ ਵਿੱਚ ਇੱਕ ਨੌਜਵਾਨ ਨੇ ਪਹਿਲਾਂ ਇੱਟ ਮਾਰੀ ਜੋ ਨਗਰ ਕੀਰਤਨ ਵਿੱਚ ਜਾ ਰਹੇ ਪੰਜ ਪਿਆਰਿਆਂ ਦੇ ਨਜ਼ਦੀਕ ਤੋਂ ਲੰਘ ਗਈ ਅਤੇ ਫਿਰ ਇਹਨਾਂ ਨੌਜਵਾਨਾਂ ਨੇ ਸਾਡੇ ਗਤਕਾ ਖੇਡਦੇ ਨੌਜਵਾਨ ਤੇ ਤੇਜ਼ਧਾਰ ਹਥਿਆਰ ਨੂੰ ਗਰਦਨ ਤੇ ਮਾਰ ਕੇ ਬੁਰੀ ਤਰ੍ਹਾਂ ਲਹੂ ਲਹਾਨ ਕਰ ਦਿੱਤਾ ਤੇ ਹਥਿਆਰ ਲਹਿਰਾਉਂਦੇ ਦੌੜ ਗਏ। ਉਹਨਾਂ ਦੱਸਿਆ ਕਿ ਇਹਨਾਂ ਨੌਜਵਾਨਾਂ ਦੇ ਪਹਿਲਾਂ ਵੀ ਅਜਿਹੇ ਕਈ ਕਿਸੇ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਨੇ ਹਮੇਸ਼ਾਂ ਗੁੰਡਾਗਰਦੀ ਵਿਖਾ ਕੇ ਕਈ ਵਾਰਦਾਤਾ ਕੀਤੀਆਂ ਹਨ। ਉਹਨਾਂ ਕਿਹਾ ਕਿ ਨਗਰ ਕੀਰਤਨ ਦੌਰਾਨ ਅਜਿਹੀ ਵਾਰਦਾਤ ਬਹੁਤ ਮੰਦਭਾਗੀ ਹੈ ਅਤੇ ਅਸੀਂ ਪ੍ਰਸ਼ਾਸਨ ਤੋਂ ਇਨਾਂ ਸ਼ਰਾਰਤੀ ਤੱਤਾਂ ਦੇ ਵਿਰੁੱਧ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰਦੇ ਹਾਂ।
ਨਗਰ ਕੀਰਤਨ ਦੌਰਾਨ ਹੋਈ ਗੁੰਡਾਗਰਦੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਉੱਠੇ ਸਵਾਲ-
ਨਗਰ ਕੀਰਤਨ ਦੌਰਾਨ ਰਸਤੇ ਵਿੱਚ ਟਰੈਫਿਕ ਨੂੰ ਚਾਲੂ ਰੱਖਣਾ ਅਤੇ ਕੋਈ ਵੀ ਅਣਹੋਣੀ ਨਾ ਵਾਪਰਨ ਦੇ ਲਈ ਵੀ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਤੇ ਅਹਿਮ ਜਿੰਮੇਵਾਰੀ ਹੁੰਦੀ ਹੈ ਜਿਸ ਨੂੰ ਨਿਭਾ ਸਕਣ ਵਿੱਚ ਪੁਲਿਸ ਪ੍ਰਸ਼ਾਸਨ ਫੇਲ ਸਾਬਤ ਹੋਈ ਹੈ। ਨਗਰ ਕੀਰਤਨ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀ ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਵਿਖਾਉਣ ਸਮੇਂ ਪੁਲਿਸ ਕਿੱਥੇ ਸੀ ? ਇਹ ਸਵਾਲ ਹਰੇਕ ਗੁਰਸਿੱਖ ਅਤੇ ਧਾਰਮਿਕ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਸ਼ਰਾਰਤੀ ਤੱਤਾਂ ਨੂੰ ਪੁਲਿਸ ਨੱਥ ਪਾਉਣ ਵਿੱਚ ਫੇਲ ਸਾਬਤ ਹੋਈ ਹੈ ਜਿਸ ਕਾਰਨ ਉਹ ਲੰਮੇ ਸਮੇਂ ਤੋਂ ਅਜਿਹੀਆਂ ਵਾਰਦਾਤਾਂ ਨੂੰ ਬਾਖੂਬੀ ਅੰਜਾਮ ਬੇਖੌਫ ਹੋ ਕੇ ਦੇ ਰਹੇ ਹਨ।
ਕੀ ਕਹਿਣਾ ਥਾਣਾ ਮੁਖੀ ਦਾ- ਇਸ ਸਬੰਧੀ ਥਾਣਾ ਮੁਖੀ ਸੁਲਤਾਨਪੁਰ ਲੋਧੀ ਇੰਸਪੈਕਟਰ ਹਰਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਉਹ ਸ਼ਹਿਰ ਤੋਂ ਬਾਹਰ ਚੰਡੀਗੜ੍ਹ ਕਿਸੇ ਕੰਮ ਕਾਰ ਗਏ ਹੋਏ ਸਨ। ਉਨਾਂ ਕਿਹਾ ਕਿ ਮੇਰੇ ਵੱਲੋਂ ਸਾਰੇ ਮਾਮਲੇ ਦੀ ਰਿਪੋਰਟ ਲਈ ਜਾ ਰਹੀ ਹੈ ਅਤੇ ਨਗਰ ਕੀਰਤਨ ਦੌਰਾਨ ਅਜਿਹੀ ਘਟਨਾ ਬਹੁਤ ਮੰਦਭਾਗੀ ਹੈ ਤੇ ਇਸ ਵਿੱਚ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜੋ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇਗੀ।