ਤਹਿਸੀਲਾਂ ’ਚ ਨਿਰਵਿਘਨ ਜਾਰੀ ਰਹੇਗਾ ਰਜਿਸਟਰੇਸ਼ਨ ਦਾ ਕੰਮ: ਆਸ਼ਿਕਾ ਜੈਨ
- ਡਿਪਟੀ ਕਮਿਸ਼ਨਰ ਨੇ ਰਜਿਸਟਰੇਸ਼ਨ ਲਈ 4 ਸੁਪਰਡੰਟ ਤੇ 5 ਕਾਨੂੰਗੋਆਂ ਨੂੰ ਰਜਿਸਟਰੇਸ਼ਨ ਲਈ ਕੀਤਾ ਅਧਿਕਾਰਤ
ਹੁਸ਼ਿਆਰਪੁਰ, 4 ਮਾਰਚ 2025: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਦੇ ਤਹਿਸੀਲ ਕੰਪਲੈਕਸਾਂ ਵਿਚ ਰਜਿਸਟਰੀਆਂ ਦਾ ਕੰਮ ਨਿਰਵਿਘਨ ਜਾਰੀ ਰਹੇਗਾ ਅਤੇ ਲੋਕਾਂ ਨੂੰ ਮਾਲ ਵਿਭਾਗ ਦੇ ਦਫ਼ਤਰਾਂ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਜ਼ਿਲ੍ਹੇ ਦੀਆਂ ਸਬ-ਡਵੀਜਨਾਂ ਵਿਚ ਰਜਿਸਟਰੀਆਂ ਦੇ ਕੰਮ ਦੀ ਜਾਣਕਾਰੀ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਗੜ੍ਹਸ਼ੰਕਰ, ਹੁਸ਼ਿਆਰਪੁਰ, ਟਾਂਡਾ, ਦਸੂਹਾ ਅਤੇ ਮੁਕੇਰੀਆਂ ਵਿਖੇ ਅੱਜ 55 ਰਜਿਸਟਰੀਆਂ ਅਤੇ ਪਾਵਰ ਆਫ ਅਟਾਰਨੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਰਜਿਸਟਰੇਸ਼ਨ ਦੇ ਕੰਮ ਲਈ ਕਰਮਚਾਰੀਆਂ ਨੂੰ ਅਧਿਕਾਰਤ ਵੀ ਕੀਤਾ ਗਿਆ ਹੈ ਜਿਨ੍ਹਾਂ ਵਿਚ 4 ਸੁਪਰਡੰਟ ਅਤੇ 5 ਕਾਨੂੰਗੋ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਤੋਂ ਰਜਿਸਟਰੀਆਂ ਅਤੇ ਪਾਵਰ ਆਫ਼ ਅਟਾਰਨੀ ਦਾ ਕੰਮ ਲਗਾਤਾਰ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਉਹ ਖੁੱਦ ਤਹਿਸੀਲ ਕੰਪਲੈਕਸਾਂ ਵਿਚ ਜਾ ਕੇ ਰਜਿਸਟਰੀਆ ਦੇ ਕੰਮ ਦੀ ਸਮੀਖਿਆ ਅਤੇ ਲੋਕਾਂ ਨਾਲ ਗੱਲਬਾਤ ਕਰਨਗੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਨਾਗਰਿਕ ਸਹੂਲਤਾਂ ਬਿਨ੍ਹਾਂ ਕਿਸੇ ਦਿੱਕਤ ਤੋਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਜ਼ਾਇਦਾਦਾ ਦੀ ਰਜਿਸਟਰੇਸ਼ਨ ਸਹਿਜੇ ਹੀ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਹਦਾਇਤ ਕੀਤੀ ਜਾ ਚੁੱਕੀ ਹੈ ਤਾਂ ਜੋ ਪੂਰੀ ਪਾਰਦਰਸ਼ਤਾ ਨਾਲ ਲੋਕਾਂ ਦੇ ਕੰਮਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ-ਕਮ-ਰਜਿਸਟਰਾਰ ਆਸ਼ਿਕਾ ਜੈਨ ਨੇ ਪੰਜਾਬ ਰਜਿਸਟਰੇਸ਼ਨ ਐਕਟ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 9 ਕਰਮਚਾਰੀਆਂ ਨੂੰ ਰਜਿਸਟਰੇਸ਼ਨ ਦੇ ਕੰਮ ਦਾ ਅਧਿਕਾਰ ਦਿੱਤਾ ਹੈ। ਜਾਰੀ ਹੁਕਮਾਂ ਅਨੁਸਾਰ ਗਰੇਡ-2 ਸੁਪਰਡੰਟ ਸੁਖਵਿੰਰਦ ਸਿੰਘ ਨੂੰ ਮੁਕੇਰੀਆਂ ਦੇ ਸਬ ਰਜਿਸਟਰਾਰ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਪਰਡੰਟ ਗਰੇਡ-2 ਗੁਰਜਿੰਦਰ ਕੌਰ ਨੂੰ ਰਜਿਸਟਰਾਰ/ਸਬ ਰਜਿਸਟਰਾਰ ਹੁਸ਼ਿਆਰਪੁਰ, ਸੁਪਰਡੰਟ ਗਰੇਡ-2 ਕਮਲੇਸ਼ ਦੇਵੀ ਨੂੰ ਗੜ੍ਹਸ਼ੰਕਰ ਅਤੇ ਮਾਹਿਲਪੁਰ ਅਤੇ ਸੁਪਰਡੰਟ ਗਰੇਡ-2 ਨਿਰਮਲ ਸਿੰਘ ਨੂੰ ਟਾਂਡਾ ਦਾ ਚਾਰਜ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਫੀਲਡ ਕਾਨੂੰਗੋ ਵਰਿੰਦਰ ਕੁਮਾਰ ਨੂੰ ਦਸੂਹਾ ਅਤੇ ਗੜਦੀਵਾਲਾ, ਕਾਨੂੰਗੋ ਸੁਖਦੇਵ ਕੁਮਾਰ ਨੂੰ ਹਾਜੀਪੁਰ, ਕਾਨੂੰਗੋ ਵਿਜੇ ਕੁਮਾਰ ਨੂੰ ਭੂੰਗਾ, ਕਾਨੂੰਗੋ ਵਰਿੰਦਰ ਕੁਮਾਰ ਨੂੰ ਤਲਵਾੜਾ ਅਤੇ ਕਾਨੂੰਗੋ ਸੁਖਜਿੰਦਰ ਸਿੰਘ ਨੂੰ ਸ਼ਾਮ ਚੁਰਾਸੀ ਦਾ ਚਾਰਜ ਦਿੱਤਾ ਗਿਆ ਹੈ।