ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਜ਼ਮੀਨੀ ਸੰਗਰਾਮ ਮੋਰਚੇ ਤਹਿਤ ਕਿਸਾਨੀ ਸੰਘਰਸ਼ ਦੀ ਹਮਾਇਤ
- 13 ਫਰਵਰੀ ਦੀ ਜਿਉਂਦ ਰੈਲੀ ਵਿਚ ਭਰਵੀਂ ਸ਼ਮੂਲੀਅਤ ਦਾ ਐਲਾਨ
ਚੰਡੀਗੜ੍ਹ, 10 ਫਰਵਰੀ 2025 - 10 ਫਰਵਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿਖੇ ਜ਼ਮੀਨ ਬਚਾਉਣ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ -ਪੀਡ ਕਰਨ ਲਈ ਕੀਤੇ ਗਏ ਪੁਲੀਸ ਜ਼ਬਰ ਦੀ ਜਮੂਹਰੀ ਜੱਥੇਬੰਦੀਆ ਵੱਲੋਂ ਚੁਫ਼ੇਰਿਓਂ ਨਿੰਦਾ ਕੀਤੀ ਜਾ ਰਹੀ ਹੈ।ਪਿੰਡ ਜਿਉਂਦ ਵਿਖੇ ਜ਼ਮੀਨ ਬਚਾਓਣ ਜਿੱਥੇ ਇਸ ਸੰਘਰਸ਼ ਨੂੰ ਤੀਹ ਦੇ ਲੱਗਭਗ ਜਨਤਕ ਜਥੇਬੰਦੀਆਂ ਵੱਲੋਂ ਡਟਵੀ ਹਮਾਇਤ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪ੍ਰਤੀਨਿਧ ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਚ ਫ਼ਰੰਟ ਵੱਲੋਂ ਵੀ ਕਿਸਾਨਾਂ ਦੇ ਜ਼ਮੀਨੀ ਸੰਗਰਾਮ ਦੀ ਭਰਵੀਂ ਹਮਾਇਤ ਕਰਨ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਇਸ ਪਿੰਡ ਦੀ ਲੱਗਭਗ 700 ਏਕੜ ਜ਼ਮੀਨ ਤੇ 1907 ਤੋਂ ਕਾਬਜ਼ ਕਿਸਾਨਾਂ ਵੱਲੋਂ ਪੀੜ੍ਹੀਆਂ ਤੋਂ ਇਸ ਜ਼ਮੀਨ ਨੂੰ ਵਾਹੀਯੋਗ ਬਣਾ ਕੇ ਆਪਣੇ ਪ੍ਰੀਵਾਰ ਪਾਲੇ ਜਾ ਰਹੇ ਹਨ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਜ਼ਮੀਨਾਂ ਨੂੰ ਖਾਲੀ ਕਰਾਉਣ ਹਿੱਤ ਬੀਤੇ ਦਿਨੀਂ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਿਸਾਨ ਮਜ਼ਦੂਰ ਵਿਰੋਧੀ ਚਿਹਰਾ ਬੁਰੀ ਤਰ੍ਹਾਂ ਬੇਨਕਾਬ ਹੋ ਚੁੱਕਿਆ ਹੈ। ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਅਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਨੇ ਸਰਕਾਰੀ ਜ਼ਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਦੇ ਨਾਂ ਤੇ ਸੱਤਾ ਵਿਚ ਆਉਣ ਵਾਲੀ ਆਪ ਸਰਕਾਰ ਆਮ ਲੋਕਾਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਤੇ ਲਗਾਤਾਰ ਤਸ਼ੱਦਦ ਕਰ ਰਹੀ ਹੈ।
ਉਨ੍ਹਾਂ ਕਿਹਾ ਆਰਥਿਕ ਥੁੜ੍ਹਾਂ ਦੇ ਮਾਰੇ ਸਿਮਾਂਤ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਜਗੀਰਦਾਰਾਂ ਦਾ ਪੱਖ ਪੂਰਨ ਵਾਲੀ ਲੋਕ ਦੋਖੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਮੋਦੀ ਸਰਕਾਰ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਜ਼ਮੀਨ ਹੜੱਪਣਾਂ ਚਾਹੁੰਦੀ ਸੀ ਉਥੇ ਪੰਜਾਬ ਸਰਕਾਰ ਬਿਨਾਂ ਕਿਸੇ ਅਪੀਲ ਦਲੀਲ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਅਤੇ ਉਨ੍ਹਾਂ ਨੂੰ ਬੇਜ਼ਮੀਨੇ ਕਰਨ ਦੇ ਰਾਹ ਪੈ ਚੁੱਕੀ ਹੈ।