ਟੀਬੀ ਮੁਕਤ ਭਾਰਤ ਮਿਸ਼ਨ ਲਈ ਪੈਰਾਮੈਡੀਕਲ ਸਟਾਫ ਵੱਲੋਂ ਸਰਵੇ ਅਤੇ ਜਾਗਰੂਕਤਾ ਮੁਹਿੰਮ ਸੁਰੂ
ਪ੍ਰਮੋਦ ਭਾਰਤੀ
ਭਰਤਗੜ੍ਹ 24 ਜਨਵਰੀ ,2025 - ਟੀਬੀ ਮੁਕਤ ਭਾਰਤ ਮਿਸ਼ਨ ਦੇ ਤਹਿਤ 100 ਦਿਨਾਂ ਦੀ ਮੁਹਿੰਮ ਚਲਾਉਂਦੇ ਹੋਏ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਦੇ ਪੈਰਾਮੈਡੀਕਲ ਸਟਾਫ ਨੇ ਭਰਤਗੜ੍ਹ ਪਿੰਡ ਵਿੱਚ ਟੀਬੀ ਖ਼ਤਮ ਕਰਨ ਲਈ ਵਿਆਪਕ ਸਰਵੇ ਅਤੇ ਜਾਗਰੂਕਤਾ ਅਭਿਆਨ ਸੁਰੂ ਕੀਤਾ। ਇਸ ਮੁਹਿੰਮ ਦਾ ਮੁੱਖ ਉਦੇਸ਼ ਟੀਬੀ ਬਾਰੇ ਪਿੰਡ ਵਾਸੀਆਂ ਵਿੱਚ ਜਾਣਕਾਰੀ ਫੈਲਾਉਣ ਅਤੇ ਟੀਬੀ ਦੇ ਪੀੜਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਵਧੀਆ ਇਲਾਜ ਮੁਹੱਈਆ ਕਰਾਉਣਾ ਸੀ।
ਡਾ.ਆਨੰਦ ਘਈ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ, "ਟੀਬੀ ਇੱਕ ਗੰਭੀਰ ਬਿਮਾਰੀ ਹੈ, ਪਰ ਇਸ ਨੂੰ ਸਮੇਂ-ਸਿਰ ਪਛਾਣ ਕਰਕੇ ਮੁਫ਼ਤ ਇਲਾਜ ਦੇ ਜਰੀਏ ਖ਼ਤਮ ਕੀਤਾ ਜਾ ਸਕਦਾ ਹੈ। ਭਰਤਗੜ੍ਹ ਪਿੰਡ ਵਿੱਚ ਇਸ ਮੁਹਿੰਮ ਨੇ ਸਵਾਸਥ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"
ਬਲਾਕ ਐਕਸਟੇਂਸ਼ਨ ਐਜੁਕੇਟਰ ਸਹਿਲ ਸੁਖੇਰਾ ਨੇ ਕਿਹਾ, "ਸਵਾਸਥ ਬਾਰੇ ਜਾਗਰੂਕਤਾ ਪਿੰਡ ਪੱਧਰ ’ਤੇ ਟੀਬੀ ਖ਼ਤਮ ਕਰਨ ਦਾ ਪਹਿਲਾ ਕਦਮ ਹੈ। ਸਾਡੀ ਟੀਮ ਨੇ ਪਿੰਡ ਦੇ ਹਰ ਕੋਨੇ ਵਿੱਚ ਜਾ ਕੇ ਇਹ ਯਕੀਨੀ ਬਣਾਇਆ ਕਿ ਹਰ ਨਾਗਰਿਕ ਨੂੰ ਟੀਬੀ ਦੇ ਲੱਛਣਾਂ ਅਤੇ ਇਲਾਜ ਬਾਰੇ ਪੂਰੀ ਜਾਣਕਾਰੀ ਮਿਲੇ।"
ਇਸ ਮੁਹਿੰਮ ਵਿੱਚ ਡਾ.ਅਭਿਨਵ ਖੰਨਾ ਕਮਿਊਨਿਟੀ ਹੈਲਥ ਅਫਸਰ, ਨਵੀਨ ਕੁਮਾਰ ਹੈਲਥ ਵਰਕਰ ਅਤੇ ਰਜਿੰਦਰ ਸਿੰਘ ਟੀਬੀ ਹੈਲਥ ਵਿਜ਼ਿਟਰ ਨੇ ਮੁੱਖ ਭੂਮਿਕਾ ਨਿਭਾਈ। ਇਨ੍ਹਾਂ ਨੇ ਪਿੰਡ ਵਿੱਚ ਘਰ-ਘਰ ਜਾ ਕੇ ਸਰਵੇ ਕੀਤਾ, ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੇ ਟੈਸਟ ਅਤੇ ਇਲਾਜ ਲਈ ਸਹੂਲਤਾਂ ਦੀ ਪਹੁੰਚ ਯਕੀਨੀ ਬਣਾਈ।
ਮੁਹਿੰਮ ਦੌਰਾਨ ਕਈ ਲੋਕਾਂ ਦੇ ਸਵਾਸਥ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਟੀਬੀ ਦੇ ਲੱਛਣਾਂ, ਕਾਰਣਾਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਸਥਾਨਕ ਸਕੂਲਾਂ ਅਤੇ ਸਮਾਜਕ ਮੀਟਿੰਗਾਂ ਵਿੱਚ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਗਏ, ਜਿਸ ਵਿਚ ਟੀਬੀ ਦੀ ਸ਼ੁਰੂਆਤੀ ਪਛਾਣ ਅਤੇ ਜਲਦੀ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਹ ਮੁਹਿੰਮ ਭਰਤਗੜ੍ਹ ਪਿੰਡ ਦੇ ਲੋਕਾਂ ਵਿੱਚ ਸਵਾਸਥ ਜਾਗਰੂਕਤਾ ਵਧਾਉਣ ਵਿੱਚ ਕਾਫ਼ੀ ਸਫਲ ਰਹੀ ਹੈ। ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਦੀ ਟੀਮ ਅਗਾਂਹ ਵੀ ਟੀਬੀ ਖ਼ਤਮ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇਗੀ।