ਚੋਰ ਗਿਰੋਹ ਦੇ 5 ਮੈਬਰ ਕਾਬੂ, ਚੋਰੀ ਦੇ 2 ਮੋਟਰਸਾਈਕਲ ਅਤੇ ਇੱਕ ਸੋਲੋਪਾਵਰ ਬੈਟਰਾ ਬਰਾਮਦ : ਐਸਪੀ ਜਸਮੀਤ ਸਿੰਘ
ਮਨਜੀਤ ਸਿੰਘ ਢੱਲਾ
ਜੈਤੋ,05 ਫਰਵਰੀ 2025 - ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ, ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੀ ਇਹ ਮੁਹਿੰਮ ਇੰਨੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਹੀ 123 ਮੁਕੱਦਮੇ ਦਰਜ ਕਰਕੇ 163 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਤੀਜੇ ਵਜੋਂ, ਜ਼ਿਲ੍ਹੇ ਵਿੱਚ ਗੁਨਾਹਗਾਰਾਂ ਲਈ ਕੋਈ ਠਿਕਾਣਾ ਨਹੀਂ ਰਹਿ ਗਿਆ ਅਤੇ ਆਮ ਲੋਕ ਆਪਣੇ ਆਪ ਨੂੰ ਹੋਰ ਵੀ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸੇ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਸ਼੍ਰੀ ਜਸਮੀਤ ਸਿੰਘ ਸਾਹੀਵਾਲ ਐਸ.ਪੀ. (ਇਨਵੈਸਟੀਗੇਸ਼ਨ) ਅਤੇ ਸ਼੍ਰੀ ਸੁਖਦੀਪ ਸਿੰਘ ਡੀ.ਐਸ.ਪੀ.(ਸ:ਡ) ਜੈਤੋ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਜੈਤੋ ਵੱਲੋਂ ਇੱਕ ਚੋਰ ਗਿਰੋਹ ਦੇ 05 ਮੈਬਰਾਂ ਨੂੰ ਚੋਰੀ ਦੇ 02 ਮੋਟਰਸਾਈਕਲਾ ਅਤੇ ਇੱਕ ਸੋਲੋਪਾਵਰ ਬੈਟਰੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਤੀ 04.02.2025 ਨੂੰ ਸ:ਥ:ਸਮਸ਼ੇਰ ਸਿੰਘ ਪੁਲੀਸ ਪਾਰਟੀ ਸਮੇਤ ਗਸਤ ਦੇ ਸਬੰਧ ਵਿੱਚ ਪੁਲ ਸੂਆ ਕੋਟਕਪੂਰਾ ਰੋਡ ਜੈਤੋ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਇੱਕ ਚੋਰ ਗਿਰੋਹ ਦੇ ਮੈਬਰ ਜੋ ਕਿ ਮੋਟਰ ਸਾਈਕਲ ਚੋਰੀ ਕਰਨ ਦੇ ਆਦੀ ਹਨ ਤੇ ਉਹ ਪਿੰਡ ਰਾਮੇਆਣਾ ਦੀ ਤਰਫੋ ਦੋ ਚੋਰੀ ਦੇ ਮੋਟਰ ਸਾਈਕਲ ਤੇ ਇੱਕ ਬੈਟਰਾ ਸਮੇਤ ਜੈਤੋ ਵੱਲ ਨੂੰ ਆ ਰਹੇ ਹਨ। ਜਿਸ ਤੇ ਮੁਕੱਦਮਾ ਨੰਬਰ 08 ਮਿਤੀ 04.02.2025 ਅਧੀਨ ਧਾਰਾ 303, 317(2) ਬੀ.ਐਨ.ਐਸ ਥਾਣਾ ਜੈਤੋ ਦਰਜ ਰਜਿਸਟਰ ਕੀਤਾ ਗਿਆ।
ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋ ਰੇਡ ਕਰਕੇ ਇਸ ਚੋਰ ਗਿਰੋਹ ਦੇ 05 ਮੈਬਰਾਂ ਨੂੰ ਚੋਰੀ ਦੇ 02 ਮੋਟਰਸਾਈਕਲ ਅਤੇ ਇੱਕ ਬੈਟਰੇ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਗ੍ਰਿਫਤਾਰ ਦੋਸ਼ੀਆ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਬੰਟੀ ਪੁੱਤਰ ਜੱਜ ਸਿੰਘ, ਵਿੱਕੀ ਸਿੰਘ ਪੁੱਤਰ ਸੁਖਦੇਵ ਸਿੰਘ, ਹਰਜੀਤ ਸਿੰਘ ਉਰਫ ਮੰਨੂ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਰਾਮੇਆਣਾ, ਕੁਲਦੀਪ ਸਿੰਘ ਉਰਫ ਰੋਮਾ ਪੁੱਤਰ ਹਰਬੰਸ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਉਰਫ ਖੰਡੀ ਪੁੱਤਰ ਰੇਸ਼ਮ ਸਿੰਘ ਵਾਸੀਆਨ ਕੋਠੇ ਦਿਹਾਤੀ ਮੁਕਤਸਰ ਰੋਡ ਜੈਤੋ ਵਜੋ ਹੋਈ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ।
ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।