ਗਰਭ ਦੌਰਾਨ ਗਲਤ ਸਕੈਨ ਰਿਪੋਰਟ ਦੇਣ ਕਾਰਨ ਕੋਟਕਪੂਰਾ ਦੇ ਨਾਮੀ ਸਕੈਨ ਸੈਂਟਰ ਨੂੰ ਦੇਣਾ ਪਵੇਗਾ 16.5 ਲੱਖ ਰੁਪਏ ਹਰਜ਼ਾਨਾਂ
- ਫਰੀਦਕੋਟ ਦੀ (ਖਪਤਕਾਰ ਅਦਾਲਤ) ਨੇ ਸੁਣਾਇਆ ਫੈਸਲਾ
- ਪੈਦਾਇਸ਼ ਤੋਂ ਬਾਅਦ ਸਾਹਮਣੇ ਆਇਆ ਕੇ ਬੱਚੇ ਦੇ ਹੱਥ ਦੀਆਂ ਚਾਰ ਉਂਗਲਾਂ ਨਹੀਂ ਜਦਕਿ ਲੇਵਲ ਟੂ ਸਕੈਨ ਰਿਪੋਰਟ 'ਚ ਦੱਸਿਆ ਗਿਆ ਸੀ ਸਭ ਨੋਰਮਲ
ਮਨਜੀਤ ਸਿੰਘ ਢੱਲਾ
ਕੋਟਕਪੂਰਾ,24 ਜਨਵਰੀ 2025 - ਸਾਲ 2018 ਚ ਕੋਟਕਪੂਰਾ ਦੇ ਇਕ ਵਿਅਕਤੀ ਗਗਨ ਅਰੋੜਾ ਵੱਲੋਂ ਆਪਣੀ ਪਤਨੀ ਦੇ ਗਰਭਵਤੀ ਹੋਣ ਦੇ ਚਲਦੇ ਡਾਕਟਰ ਜਸਵੀਰ ਸਿੰਘ ਕੋਟਕਪੂਰਾ ਵੱਲੋਂ ਦੱਸੇ ਕੁੱਜ ਸਕੈਨ ਅਤੇ ਅਲਟਰਾ ਸਾਊਡ ਟੈਸਟ ਨੂੰ ਲੈਕੇ ਕੋਟਕਪੂਰਾ ਦੇ ਨਾਮੀ ਜਸਬੀਰ ਸਕੈਨ ਸੈਂਟਰ ਜੋ ਜੈਤੋ ਰੋਡ ਕੋਟਕਪੂਰਾ ਸਥਿਤ ਹੈ ਤੋਂ ਆਪਣੀ ਪਤਨੀ ਦੇ ਟੈਸਟ ਕਰਵਾਏ ਜੋ ਇੱਕ ਵਾਰ ਨਹੀਂ ਬਲਕਿ ਤਿੰਨ ਵਾਰ ਸਕੈਨ ਦੌਰਾਨ ਉਕਤ ਸਕੈਨਿੰਗ ਸੈਂਟਰ ਦੇ ਡਾਕਟਰ ਜਸਬੀਰ ਵੱਲੋ ਦਿੱਤੀਆਂ ਰਿਪੋਰਟਾਂ 'ਚ ਪੇਟ ਅੰਦਰ ਪਲ ਰਿਹਾ ਬੱਚਾ ਬਿਲਕੁਲ ਨੋਰਮਲ ਦੱਸਿਆ ਗਿਆ।
ਇਸੇ ਸਬੰਧ ਚ ਲੈਵਲ ਟੂ ਦੀ ਰਿਪੋਰਟ ਜਿਸ ਵਿੱਚ ਬੱਚੇ ਦੇ ਹਰ ਇੱਕ ਅੰਗ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਰਿਪੋਰਟ ਮੁਤਾਬਿਕ ਵੀ ਬੱਚਾ ਬਿਲਕੁਲ ਤੰਦਰੁਸਤ ਅਤੇ ਸਾਰੇ ਅੰਗ ਨੋਰਮਲ ਹੋਣ ਬਾਰੇ ਦੱਸਿਆ ਗਿਆ, ਪਰ ਜਦ 7 ਅਪ੍ਰੈਲ 2018 ਚ ਬੱਚੇ ਦੀ ਪੈਦਾਇਸ਼ ਹੁੰਦੀ ਹੈ ਤਾਂ ਸਾਹਮਣੇ ਆਉਂਦਾ ਹੈ ਕੇ ਬੱਚੇ ਦੇ ਖੱਬੇ ਹੱਥ ਦੀਆਂ ਚਾਰ ਉਂਗਲਾਂ ਹੈ ਹੀ ਨਹੀਂ ਜਿਸ ਤੋਂ ਬਾਅਦ ਪਰਿਵਾਰ ਨੂੰ ਕਾਫੀ ਸਦਮਾ ਲਗਦਾ ਹੈ ਜਿਸ ਸਬੰਧੀ ਸਕੈਨ ਸੈਂਟਰ ਦੇ ਮਾਲਕ ਡਾ ਜਸਬੀਰ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਆਪਣਾ ਪੱਲਾ ਝਾੜਦਿਆਂ ਆਪਣੀ ਗਲਤੀ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ, ਜਿਸ ਨੂੰ ਲੈਕੇ ਬੱਚੇ ਦੇ ਪਿਤਾ ਗਗਨ ਵੱਲੋਂ ਸਿਵਲ ਸਰਜਨ ਫਰੀਦਕੋਟ ਨੂੰ ਉਕਤ ਸਕੈਨ ਸੈਂਟਰ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਪਰ ਉਨ੍ਹਾਂ ਦੀ ਜਾਂਚ ਦੌਰਾਨ ਵੀ ਕੋਈ ਇਨਸਾਫ ਨਾ ਮਿਲਣ ਤੋਂ ਬਾਅਦ ਪਰਿਵਾਰ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਥੇ ਪਰਿਵਾਰ ਦੇ ਵਕੀਲ ਮਨਦੀਪ ਚਾਨਣਾ ਵੱਲੋਂ (ਖਪਤਕਾਰ ਅਦਾਲਤ) ਚ ਉਕਤ ਡਾਕਟਰ ਖਿਲਾਫ ਕੇਸ ਦਾਇਰ ਕੀਤਾ ਗਿਆ ਜਿਸ ਤੇ ਕਰੀਬ 7 ਸਾਲ ਸੁਣਵਾਈ ਚੱਲਣ ਤੋਂ ਬਾਅਦ ਆਖਰ ਖਪਤਕਾਰ ਅਦਾਲਤ ਵੱਲੋਂ ਫੈਸਲਾ ਸੁਣਾਂਦੇ ਹੋਏ ਡਾ ਜਸਬੀਰ ਸਿੰਘ ਨੂੰ ਪੀੜਤ ਪਰਿਵਾਰ ਨੂੰ ਸਾਢੇ 16 ਲੱਖ ਰੁਪਏ ਮੁਆਵਜ਼ੇ ਵੱਜੋਂ ਦੇਣ ਦਾ ਹੁਕਮ ਸੁਣਾਇਆ ਗਿਆ। ਨਾਲ ਹੀ ਸਕੈਨ ਦੌਰਾਨ ਲਈ ਗਈ ਫੀਸ ਵੀ ਵਾਪਿਸ ਕਰਨੀ ਹੋਵੇਗੀ ਜਿਸ ਤੇ ਪੀੜਿਤ ਪਰਿਵਾਰ ਨੇ ਸੰਤੁਸ਼ਟੀ ਜਾਹਰ ਕਰਦੇ ਕਿਹਾ ਕਿ ਅੱਜ 7 ਸਾਲ ਬਾਅਦ ਉਨ੍ਹਾਂ ਦੇ ਬੱਚੇ ਨੂੰ ਇਨਸਾਫ ਮਿਲਿਆ ਹੈ।
ਉਧਰ ਵਕੀਲ ਮਨਦੀਪ ਚਾਨਣਾ ਨੇ ਕਿਹਾ ਕਿ 45 ਦਿਨਾਂ ਦੇ ਅੰਦਰ ਅੰਦਰ ਇਨ੍ਹਾਂ ਨੂੰ ਮੁਆਵਜ਼ਾ ਦੇਣਾ ਹੋਵੇਗਾ ਅਤੇ ਜੇਕਰ ਖਪਤਕਾਰ ਅਦਾਲਤ ਦੇ ਫੈਸਲੇ ਤੇ ਸੰਤੁਸ਼ਟ ਨਹੀਂ ਤਾਂ ਉਤਲੀ ਅਦਾਲਤ ਚ ਅਪੀਲ ਦਾ ਹੱਕ ਰੱਖਦੇ ਹਨ। ਪੀੜਤ ਪਰਿਵਾਰ ਵੱਲੋਂ ਸਹੀ ਫੈਸਲਾ ਸਨਾਉਣ ਤੇ ਮਾਨਯੋਗ ਅਦਾਲਤ ਦਾ ਦਿਲੋਂ ਧੰਨਵਾਦ ਕੀਤਾ ਗਿਆ । ਜਦੋਂ ਇਸ ਸਬੰਧੀ ਜਸਵੀਰ ਸਕੈਨ ਸੈਂਟਰ ਕੋਟਕਪੂਰਾ ਦੇ ਸੰਚਾਲਕ ਦਾ ਮੋਬਾਈਲ ਫੋਨ ਤੇ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਪੱਤਰਕਾਰ ਦਾ ਫੋਨ ਨਹੀਂ ਚੁੱਕਿਆ ਗਿਆ।