ਖੇਤ ਮਜ਼ਦੂਰ ਆਗੂਆਂ ਵੱਲੋਂ ਪੰਜਾਬ ਭਰ 'ਚ ਕਿਸਾਨਾਂ ਦੀ ਫੜੋ ਫੜੀ ਦੀ ਨਿਖੇਧੀ
ਅਸ਼ੋਕ ਵਰਮਾ
ਚੰਡੀਗੜ੍ਹ, 4 ਮਾਰਚ 2025:ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਗਿਰਫ਼ਤਾਰ ਕਰਨ ਤੇ ਛਾਪੇਮਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਜ਼ਦੂਰ ਆਗੂਆਂ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਲੋਕਤੰਤਰ ਦਾ ਨੰਗੇ ਚਿੱਟੇ ਦਿਨ ਕਤਲ ਕਰਾਰ ਦਿੰਦਿਆਂ ਨਸੀਹਤ ਦਿੱਤੀ ਕਿ ਇਸ ਤਰ੍ਹਾਂ ਡੰਡੇ ਦੇ ਜ਼ੋਰ ਤੇ ਲੋਕ ਆਬਾਦ ਨਹੀਂ ਦਬਾਈ ਜਾ ਸਕੇਗੀ। ਮਜ਼ਦੂਰ ਆਗੂਆਂ ਨੇ ਆਖਿਆ ਕਿ ਮੁੱਖ ਮੰਤਰੀ ਖੁਦ ਕਹਿੰਦਾ ਹੁੰਦਾ ਸੀ ਕਿ ਕਿਸਾਨ ਮਜ਼ਦੂਰ ਸੜਕਾਂ ਰੋਕਣ ਦੀ ਥਾਂ ਉਹਨਾਂ ਸਮੇਤ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇ ਲਾਉਣ।
ਉਹਨਾਂ ਕਿਹਾ ਕਿ ਹੁਣ ਜਦੋਂ ਕਿਸਾਨ ਹੱਕੀ ਮੰਗਾਂ ਨੂੰ ਲੈ ਕੇ 5 ਮਾਰਚ ਨੂੰ ਚੰਡੀਗੜ੍ਹ ਵਿਖੇ ਉਹਨਾਂ ਦੇ ਘਰ ਅੱਗੇ ਧਰਨਾ ਦੇਣ ਜਾ ਰਹੇ ਹਨ ਤਾਂ ਮੁੱਖ ਮੰਤਰੀ ਨੇ ਪੂਰੀ ਪੁਲਿਸ ਫੋਰਸ ਨੂੰ ਕਿਸਾਨ ਧਰਨੇ ਨੂੰ ਸਾਬੋਤਾਜ ਕਰਨ ਦੀ ਯੋਜਨਾ ਬਣਾ ਲਈ ਹੈ। ਉਹਨਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਜਿਸ ਤਰ੍ਹਾਂ 3 ਮਾਰਚ ਦੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੂੰ ਬੇਇੱਜਤ ਕਰਨ ਤੋਂ ਇਲਾਵਾ ਧਮਕੀਆਂ ਦਿੱਤੀਆਂ ਗਈਆਂ ਉਹ ਕਿਸੇ ਵੀ ਜਮਹੂਰੀ ਕਾਇਦੇ ਕਾਨੂੰਨ ਚ ਨਹੀਂ ਆਉਂਦਾ। ਉਹਨਾਂ ਆਖਿਆ ਕਿ ਮੁੱਖ ਮੰਤਰੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਬੁਖਲਾ ਗਏ ਹਨ । ਉਹਨਾਂ ਭਗਵੰਤ ਮਾਨ ਸਰਕਾਰ ਦੇ ਇਹਨਾਂ ਕਦਮਾਂ ਨੂੰ ਜਮਹੂਰੀਅਤ ਦਾ ਘਾਣ ਕਰਾਰ ਦਿੰਦਿਆਂ ਮੰਗ ਕੀਤੀ ਕਿ ਗਿਰਫ਼ਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ, ਛਾਪੇਮਾਰੀ ਬੰਦ ਕੀਤੀ ਜਾਵੇ ਅਤੇ ਕਿਸਾਨਾਂ ਦਾ ਚੰਡੀਗੜ੍ਹ ਵਿਖੇ ਧਰਨਾ ਦੇਣ ਦਾ ਜਮਹੂਰੀ ਹੱਕ ਬਹਾਲ ਕੀਤਾ ਜਾਵੇ।