ਕਪੂਰਥਲਾ: ਅਮਰੀਕਾ ਤੋਂ ਡਿਪੋਰਟ ਕੀਤੇ ਪੰਜਾਬ ਦੇ 30 ਵਿਅਕਤੀਆਂ 'ਚੋਂ ਇਕ ਪਿੰਡ ਡੋਗਰਾਂਵਾਲ ਦਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 5 ਫਰਵਰੀ 2025 - ਜ਼ਿਲ੍ਹਾ ਕਪੂਰਥਲਾ ਦੇ ਕਸਬਾ ਸੁਭਾਨਪੁਰ ਦੇ ਨਜ਼ਦੀਕੀ ਪਿੰਡ ਡੋਗਰਾਂਵਾਲ ਦਾ ਨੌਜਵਾਨ ਜੋ ਕਿ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ, ਪੰਜਾਬ ਦੇ 30 ਵਿਅਕਤੀਆਂ ਵਿਚੋਂ ਇਕ ਵਿਅਕਤੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੋਗਰਾਂਵਾਲ ਦਾ ਹੈ, ਜਿਸ ਦੇ ਮਾਤਾ-ਪਿਤਾ ਉਸਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈਣ ਗਏ ਹੋਏ ਹਨ। ਘਰ ਵਿਚ ਮੌਜੂਦ ਉਸ ਦੇ ਦਾਦਾ ਹਰਮੇਲ ਸਿੰਘ ਨੇ ਦੱਸਿਆ ਕਿ ਉਸਦੇ ਪਰਿਵਾਰ ਨੇ 22 ਸਾਲਾ ਵਿਕਰਮਜੀਤ ਸਿੰਘ ਪੁੱਤਰ ਸ਼ੀਸ਼ ਸਿੰਘ ਵਾਸੀ ਡੋਗਰਾਂਵਾਲ ਕਰੀਬ 2 ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ ਤੇ ਉਸ ਨੂੰ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਚੁੱਕਿਆ ਹੋਇਆ ਹੈ, ਜਿਸ ਨੂੰ ਉਸਦਾ ਲੜਕਾ ਹੁਣ ਸਾਰੀ ਉਮਰ ਤੱਕ ਨਹੀਂ ਉਤਾਰ ਸਕੇਗਾ। ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤ ਬਹੁਤ ਮਾੜੇ ਹਨ, ਜਿਸ ਕਰਕੇ ਵਿਕਰਮਜੀਤ ਸਿੰਘ ਜੋ ਕਿ 6 ਭੈਣਾਂ ਦਾ ਇਕਲੌਤਾ ਭਰਾ ਹੈ, ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ।