ਕਨੂੰਨੀ ਚਾਰਾਜੋਈ ਤੋਂ ਬਾਅਦ ਆਖਿਰ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਨੂੰ ਨਸੀਬ ਹੋਏ ਸੱਤ ਡਾਕਟਰ
- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਲੈਟਰ ਜਾਰੀ ਕਰਕੇ 7 ਡਾਕਟਰਾਂ ਨੂੰ ਜੁਆਇੰਨ ਕਰਨ ਦੇ ਹੁਕਮ
- ਮਾਲੇਰਕੋਟਲਾ ਜ਼ਿਲ੍ਹਾ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਦੇ ਮਾਮਲੇ ਸਬੰਧੀ ਮਾਲੇਰਕੋਟਲਾ ਦੇ ਵਕੀਲ ਨੇ ਕੀਤੀ ਸੀ ਹਾਈਕੋਰਟ ਵਿੱਚ ਪਹੁੰਚ
- ਅੱਗੇ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ 'ਚ ਮਾਮਲੇ ਦੀ ਹੋਰ ਸੁਣਵਾਈ 13 ਫਰਵਰੀ ਨੂੰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 5 ਫਰਵਰੀ 2025,ਆਖਿਰ ਮਾਲੇਰਕੋਟਲਾ ਦੇ ਜ਼ਿਲ੍ਹਾ ਸਿਵਲ ਹਸਪਤਾਲ ਨੂੰ 10 ਡਾਕਟਰ ਨਸੀਬ ਹੋ ਗਏ ਹਨ ਜਿਸ ਦੇ ਤਹਿਤ ਸਿਹਤ ਵਿਭਾਗ ਵੱਲੋਂ ਇੱਕ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁੱਖ ਸਕੱਤਰ ਸ਼੍ਰੀ ਕੁਮਾਰ ਰਾਹੁਲ (ਆਈਏਐਸ )ਵੱਲੋਂ ਲੈਟਰ ਜਾਰੀ ਕਰਕੇ 7 ਡਾਕਟਰਾਂ ਨੂੰ ਬਕਾਇਦਾ ਇੱਥੇ ਜੁਆਇਨ ਕਰਨ ਲਈ ਕਿਹਾ ਗਿਆ ਹੈ। ਜਿਸ ਅਨੁਸਾਰ ਡਾ.ਠਾਕੁਰਵੀਰ ਸਿੰਘ ਮੈਡੀਕਲ ਅਫਸਰ (ਬੱਚਿਆਂ ਦੇ ਮਾਹਿਰ ,ਡਾ.ਪ੍ਰਿਅੰਕਾ ਵਸ਼ਿਸ਼ਟ ਮੈਡੀਕਲ ਅਫਸਰ (ਗਾਇਨੀ),ਡਾ.ਸਮਸ਼ੇਰ ਸਿੰਘ ਸੋਈ ਮੈਡੀਕਲ ਅਫਸਰ, ਡਾ.ਅਮਰਿੰਦਰ ਸਿੰਘ ਸੋਈ, ਮੈਡੀਕਲ ਅਫਸਰ (ਸਰਜਰੀ), ਡਾ. ਜੈਦੀਪ ਸਿੰਘ ਮੈਡੀਕਲ ਅਫਸਰ(ਜਨਰਲ), ਡਾ.ਸੀਨਾ ਚੋਪੜਾ ਮੈਡੀਕਲ ਅਫਸਰ(ਗਾਇਨੀ), ਡਾ.ਜਸਜੋਤ ਸਿੰਘ ਦਿਉਲ ਮੈਡੀਕਲ ਅਫਸਰ(ਜਨਰਲ) ਨੂੰ ਸਿਵਲ ਹਸਪਤਾਲ ਵਿਖੇ ਜੁਆਇਨ ਕਰਨ ਲਈ ਕਿਹਾ ਗਿਆ ਹੈ।
ਦੱਸਣਾ ਬਣਦਾ ਹੈ ਕਿ ਸਥਾਨਕ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਮਾਮਲਾ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ 'ਚ ਪੁੱਜਾ ਹੋਇਆ ਹੈ। ਇਸ ਜ਼ਿਲ੍ਹਾ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਇੱਥੋਂ ਦੇ ਸਮਾਜ ਸੇਵੀ ਸਾਬਕਾ ਕੌਂਸਲਰ ਸ੍ਰੀ ਬੇਅੰਤ ਕਿੰਗਰ ਦੇ ਸਪੁੱਤਰ ਵਕੀਲ ਭੀਸ਼ਮ ਕਿੰਗਰ ਵੱਲੋਂ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ ਵਿੱਚ ਜਨ ਹਿਤ ਪਟੀਸ਼ਨ ਪਾਈ ਹੋਈ ਹੈ।ਸ੍ਰੀ ਕਿੰਗਰ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਖ਼ਾਲੀ ਅਸਾਮੀ ਦੀ ਗਿਣਤੀ ਅਤੇ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਬਾਰੇ ਜਾਣਕਾਰੀ ਦੀਆਂ ਕਾਪੀਆਂ ਦੇ ਨਾਲ ਆਪਣੇ ਦਾਅਵੇ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਪਹਿਲਾਂ 12 ਦਸੰਬਰ 2024 ਅਤੇ 27 ਜਨਵਰੀ ਨੂੰ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ ਵਿੱਚ ਸੁਣਵਾਈ ਵੀ ਹੋ ਚੁੱਕੀ ਹੈ ।
ਐਡਵੋਕੇਟ ਭੀਸ਼ਮ ਕਿੰਗਰ ਨੇ ਦੱਸਿਆ ਕਿ 27 ਜਨਵਰੀ ਨੂੰ ਸਥਾਨਕ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਜੀਤ ਸਿੰਘ ਨੇ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ ਵਿੱਚ ਆਪਣਾ ਹਲਫ਼ੀਆ ਬਿਆਨ ਦੇ ਕੇ ਹਸਪਤਾਲ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਹਸਪਤਾਲ ਲਈ 29 ਡਾਕਟਰਾਂ ਦੀ ਭਰਤੀ ਮੁੱਢਲੇ ਪੜਾਅ 'ਚ ਹੈ । ਮਾਨਯੋਗ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ ਨੇ ਰਾਜ ਦੇ ਮੁੱਖ ਸਕੱਤਰ ਨੂੰ ਹਲਫ਼ਨਾਮੇ ਰਾਹੀ ਭਰਤੀ ਪ੍ਰਕਿਰਿਆ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇਣ ਲਈ 13 ਫਰਵਰੀ ਨਿਯਤ ਕੀਤੀ ਹੈ।
ਦੂਜੇ ਪਾਸੇ ਸਿਵਲ ਸਰਜਨ ਡਾ.ਸੰਜੇ ਗੋਇਲ ਨੇ ਦਾਅਵਾ ਕੀਤਾ ਕਿ ਉਸ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਥਾਨਕ ਹਸਪਤਾਲਾ ਅਤੇ ਸਿਹਤ ਸੰਭਾਲ ਕੇਂਦਰਾਂ ਵਿੱਚ ਉਪਲਬਧ ਮਨੁੱਖੀ ਵਸੀਲਿਆਂ ਅਤੇ ਉਪਕਰਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਬਿਹਤਰ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੁਣ ਇਹ ਮਾਮਲਾ ਮਾਣਯੋਗ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ ਵਿਚ13 ਫਰਵਰੀ ਨੂੰ ਪਹਿਲਾਂ ਹੀ ਸੂਚੀਬੱਧ ਹੈ। ਮੁੱਖ ਸਕੱਤਰ ਪੰਜਾਬ ਸਰਕਾਰ ਨੇ ਇਸ ਸਬੰਧੀ 13 ਫਰਵਰੀ ਨੂੰ ਹਲਫ਼ਨਾਮੇ ਰਾਹੀਂ ਮਾਲੇਰਕੋਟਲਾ ਜ਼ਿਲ੍ਹਾ ਹਸਪਤਾਲ ਲਈ 29 ਮੈਡੀਕਲ ਅਫ਼ਸਰਾਂ ਦੀ ਭਰਤੀ ਦੀ ਪ੍ਰਕਿਰਿਆ ਦੀ ਸਥਿਤੀ ਪੇਸ਼ ਕਰਨੀ ਹੈ।