ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਸ਼ਵ ਫੋਟੋਗ੍ਰਾਫੀ ਹਫ਼ਤਾ ਮਨਾਇਆ
ਬਠਿੰਡਾ, 27 ਅਗਸਤ 2025: ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਵਿਸ਼ਵ ਫੋਟੋਗ੍ਰਾਫੀ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਫੋਟੋਗ੍ਰਾਫੀ ਹਫ਼ਤੇ ਵਿੱਚ ਫੋਟੋਗ੍ਰਾਫੀ ਪ੍ਰਦਰਸ਼ਨੀ, ਅੰਤਰ-ਵਿਭਾਗੀ ਫੋਟੋਗ੍ਰਾਫੀ ਮੁਕਾਬਲਾ ਅਤੇ ਕੈਨਨ ਇੰਡੀਆ ਵੱਲੋਂ ਆਯੋਜਿਤ ਫੋਟੋਗ੍ਰਾਫੀ ਅਤੇ ਸਿਨੇਮੈਟੋਗ੍ਰਾਫੀ ਵਰਕਸ਼ਾਪ ਸ਼ਾਮਲ ਸਨ। ਫੋਟੋਗ੍ਰਾਫੀ ਪ੍ਰਦਰਸ਼ਨੀ ਵਿੱਚ ਐਮ.ਏ. ਜੇ.ਐੱਮ.ਸੀ. (ਤੀਜਾ ਸਮੈਸਟਰ) ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਤਮਕ ਕਿਰਤਾਂ ਨੂੰ ਪੇਸ਼ ਕੀਤਾ ਗਿਆ, ਜਦਕਿ ਅੰਤਰ-ਵਿਭਾਗੀ ਮੁਕਾਬਲੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਜੇਤੂਆਂ ਨੂੰ ਆਕਰਸ਼ਕ ਨਕਦ ਇਨਾਮ ਪ੍ਰਦਾਨ ਕੀਤੇ ਗਏ।
ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਕੈਮਰਾ ਹੈਂਡਲਿੰਗ, ਕੰਪੋਜ਼ੀਸ਼ਨ ਅਤੇ ਵਿਜ਼ੂਅਲ ਸਟੋਰੀਟੈਲਿੰਗ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਸੈਸ਼ਨ ਦੀ ਸ਼ੁਰੂਆਤ ਸੂਚਨਾ ਅਤੇ ਸੰਚਾਰ ਅਧਿਐਨ ਸਕੂਲ ਦੇ ਡੀਨ ਪ੍ਰੋ. ਭਾਵ ਨਾਥ ਪਾਂਡੇ ਦੇ ਪ੍ਰੇਰਕ ਸੰਬੋਧਨ ਨਾਲ ਹੋਈ, ਜਿਨ੍ਹਾਂ ਨੇ ਦ੍ਰਿਸ਼ਟੀਗਤ ਸਾਖਰਤਾ ਦੇ ਮਹੱਤਵ ਤੇ ਚਾਨਣ ਪਾਇਆ ਅਤੇ ਵਿਦਿਆਰਥੀਆਂ ਨੂੰ ਰਚਨਾਤਮਕਤਾ ਨੂੰ ਤਕਨਾਲੋਜੀ ਨਾਲ ਜੋੜ ਕੇ ਪ੍ਰਭਾਵਸ਼ਾਲੀ ਸੰਚਾਰ ਵੱਲ ਪ੍ਰੇਰਿਤ ਕੀਤਾ।
ਸਮਾਪਤੀ ਸੈਸ਼ਨ ਦੌਰਾਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਰਚਨਾਤਮਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਨੂੰ ਕਹਾਣੀ ਸੁਣਾਉਣ, ਸੱਭਿਆਚਾਰਕ ਸੰਭਾਲ ਅਤੇ ਸਮਾਜਿਕ ਬਦਲਾਅ ਦੇ ਸਸ਼ਕਤ ਮਾਧਿਅਮ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਜੇਤੂਆਂ ਨੂੰ ਨਿੱਜੀ ਤੌਰ 'ਤੇ ਇਨਾਮ ਵੀ ਵੰਡੇ ਗਏ।
ਇਸ ਤੋਂ ਬਾਅਦ ਵਿਭਾਗ ਮੁਖੀ ਡਾ. ਰੂਬਲ ਕਨੋਜੀਆ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਾਈਸ ਚਾਂਸਲਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਫੋਟੋਗ੍ਰਾਫੀ ਹਫ਼ਤਾ ਕੇਵਲ ਕਲਾ ਦਾ ਜਸ਼ਨ ਨਹੀਂ, ਸਗੋਂ ਅਨੁਭਵ ਅਧਾਰਿਤ ਸਿੱਖਿਆ ਦਾ ਇਕ ਮਹੱਤਵਪੂਰਨ ਅਭਿਆਸ ਵੀ ਹੈ, ਜੋ ਵਿਦਿਆਰਥੀਆਂ ਨੂੰ ਆਪਣਾ ਹੁਨਰ ਨਿਖਾਰਨ, ਨਵੀਂ ਸੋਚ ਅਪਣਾਉਣ ਅਤੇ ਜ਼ਿੰਮੇਵਾਰ ਮੀਡੀਆ ਪੇਸ਼ੇਵਰ ਬਣਨ ਵਿੱਚ ਸਹਾਇਕ ਹੈ।
ਅੰਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਡਾ. ਅਲੀਮ ਖਾਨ ਨੇ ਖੋਜਕਾਰਾਂ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਲਈ ਧੰਨਵਾਦ ਪ੍ਰਗਟਾਇਆ। ਇਸ ਮੌਕੇ 'ਤੇ ਫੈਕਲਟੀ ਮੈਂਬਰ ਡਾ. ਕਿਨਸ਼ੁਕ ਪਾਠਕ, ਡਾ. ਛਬੀ ਗਰਗ, ਡਾ. ਮਹੇਸ਼ ਮੀਨਾ ਅਤੇ ਡਾ. ਵਿਸ਼ਨੂੰ ਮੈਨਨ ਵੀ ਮੌਜੂਦ ਸਨ।