ਅਧਿਆਪਕਾਂ ਦੀਆਂ ਬਦਲੀਆਂ 'ਚ ਵੱਡੀ ਹੇਰਾ-ਫੇਰੀ ਦਾ ਦੋਸ਼; DTF ਨੇ ਸਿੱਖਿਆ ਵਿਭਾਗ ਦੀ ਤਬਾਦਲਾ ਨੀਤੀ 'ਤੇ ਚੁੱਕੇ ਸਵਾਲ!
ਇਮਾਨਦਾਰ ਸਰਕਾਰ 'ਚ ਬੇਈਮਾਨੀ ਨਾਲ ਹੋਈਆਂ ਅਧਿਆਪਕਾਂ ਦੀਆਂ ਬਦਲੀਆਂ-ਡੀਟੀਐਫ਼ ਦਾ ਗੰਭੀਰ ਦੋਸ਼
ਚੰਡੀਗੜ੍ਹ, 24 ਅਗਸਤ 2025- ਸਿੱਖਿਆ ਵਿਭਾਗ ਪੰਜਾਬ ਨੇ ਅਧਿਆਪਕਾਂ ਲਈ ਬਣਾਈ ਬਦਲੀ ਨੀਤੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ| 22 ਅਗਸਤ ਨੂੰ ਜਾਰੀ ਹੋਏ ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਦੇਖ ਕੇ ਅਧਿਆਪਕ ਹੱਕੇ ਬੱਕੇ ਰਹਿ ਗਏ, ਕਿਉਕਿ ਇਸ ਵਿੱਚ ਵੱਡੇ ਪੱਧਰ ਤੇ ਸਿਫਾਰਸਾਂ ਅਤੇ ਪੈਸੇ ਦੇ ਲੈਣ ਦੇਣ ਕਰਕੇ ਬਦਲੀਆਂ ਹੋਈਆਂ ਹਨ।
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੁਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪਿਛਲੇ ਦੋ - ਢਾਈ ਮਹੀਨੇ ਤੋ ਬਦਲੀਆਂ ਦੀ ਪ੍ਰਕਿਰਿਆ ਚਲਾਉਣ ਤੋ ਬਾਅਦ ਜਦ ਹੁਣ ਬਦਲੀਆਂ ਦੇ ਆਰਡਰ ਆਏ ਤਾਂ ਬਹੁਤ ਸਾਰੇ ਅਜਿਹੇ ਸਟੇਸ਼ਨ ਤੇ ਸਿਫਾਰਸ ਨਾਲ ਬਦਲੀਆਂ ਹੋ ਗਈਆਂ ਜੋ ਸਟੇਸ਼ਨ ਸ਼ੋਂ ਹੀ ਨਹੀਂ ਸਨ ਕੀਤੇ, ਕਈ ਅਧਿਆਪਕਾਂ ਦੇ ਗੰਭੀਰ ਬਿਮਾਰੀਆਂ ਤੋ ਪੀੜਤ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਖਾਲੀ ਸਟੇਸ਼ਨ ਤੇ ਬਦਲੀ ਨਹੀਂ ਹੋਈ|
ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਅਡਜਸਟ ਕਰਨ ਲਈ ਬਹੁਤ ਸਾਰੇ ਸਟੇਸ਼ਨ ਪਹਿਲਾਂ ਸਟੇਸ਼ਨ ਚੁਆਇਸ ਵੇਲੇ ਦਿਖਾਏ ਹੀ ਨਹੀਂ ਅਤੇ ਆਨਲਾਈਨ ਬਦਲੀ ਨੀਤੀ ਤੋੜ ਕੇ ਸ਼ਹਿਰਾਂ ਦੇ ਸਕੂਲਾਂ ਦੀਆਂ ਖਾਲੀ ਪੋਸਟਾਂ ਛੁਪਾ ਕੇ ਉਹਨਾਂ ਤੇ ਬਦਲੀਆਂ ਕਰ ਦਿੱਤੀਆਂ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ ਅਤੇ ਪ੍ਰੈਸ ਸਕੱਤਰ ਲਖਵੀਰ ਮੁਕਤਸਰ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਪਹਿਲੇ ਅਤੇ ਦੂਜੇ ਨੰਬਰ ਤੇ ਚੋਇਸ ਦੇਣ ਦੇ ਬਾਵਜੂਦ ਉਹਨਾਂ ਨੂੰ ਤੀਜੇ ਜਾਂ ਚੌਥੇ ਸਟੇਸ਼ਨ ਤੇ ਆਰਡਰ ਕਰ ਦਿੱਤੇ ਗਏ| ਉਹਨਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਪੀ ਟੀ ਆਈ ਅਧਿਆਪਕਾਂ ਦੀ ਇੱਕ ਵੀ ਬਦਲੀ ਨਹੀਂ ਹੋਈ ਹਾਲਾਂਕਿ ਉਹਨਾਂ ਨੂੰ ਸਟੇਸ਼ਨ ਚੋਇਸ ਕਰਵਾਈ ਗਈ ਸੀ|
ਜਥੇਬੰਦੀ ਦੇ ਵਿਤ ਸਕੱਤਰ ਜਸਵਿੰਦਰ ਬਠਿੰਡਾ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਸਰਕਾਰੀ ਹਾਈ ਸਕੂਲ ਗਿੱਲਪੱਤੀ (ਜਿਲਾ ਬਠਿੰਡਾ) ਵਿਖੇ ਤੈਨਾਤ ਵਿਧਵਾ ਕੈਟਾਗਰੀ ਅਧੀਨ ਆਉਣ ਵਾਲੀ ਅਧਿਆਪਕਾ ਨੂੰ 16 ਅਗਸਤ ਨੂੰ ਕਰਵਾਈ ਸਟੇਸ਼ਨ ਚੋਣ ਸਮੇਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਠਿੰਡਾ ਅਤੇ ਸਰਕਾਰੀ ਹਾਈ ਸਕੂਲ ਚੰਦਸਰ ਬਸਤੀ ਬਠਿੰਡਾ ਦਿਖਾਏ ਗਏ।
ਫਿਰ ਪਹਿਲਾਂ ਵਾਲੀ ਸਟੇਸ਼ਨ ਚੋਣ ਰੱਦ ਕਰਕੇ ਹੁਣ ਹੋਈਆਂ ਬਦਲੀਆਂ ਵਿੱਚ ਇਹ ਦੋਵੇਂ ਸਟੇਸ਼ਨ ਛੁਪਾ ਲਏ, ਜਿਸ ਕਾਰਨ ਕਿਸੇ ਵੀ ਅਧਿਆਪਕ ਨੂੰ ਉਕਤ ਸਟੇਸ਼ਨਾਂ ਦੀ ਚੁਆਇਸ ਹੀ ਉਪਲੱਬਧ ਨਹੀਂ ਹੋਈ, ਪਰ ਹੈਰਾਨੀਜਨਕ ਪੱਖ ਇਹ ਹੈ ਕਿ 22 ਅਗਸਤ ਨੂੰ ਜਾਰੀ ਬਦਲੀਆਂ ਵਿੱਚ ਪਹਿਲਾਂ ਛੁਪਾਏ ਗਏ ਇਹ ਦੋਵੇਂ ਸਟੇਸ਼ਨਾਂ 'ਤੇ ਆਪਣੇ ਚਹੇਤੇ ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ।
ਇਹ ਸਰਾਸਰ ਧੱਕਾ ਅਤੇ ਆਨਲਾਈਨ ਬਦਲੀ ਦੀ ਆੜ ਹੇਠ ਇੱਕ ਵਿਧਵਾ ਨਾਲ ਧੋਖਾ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਮਾਨਸਾ ਜ਼ਿਲ੍ਹੇ ਦੇ ਮੂਸਾ ਸਕੂਲ ਦੇ ਲਾਇਬਰੇਰੀਅਨ ਬਲਵਿੰਦਰ ਸਿੰਘ ਆਪਣੇ ਬੱਚੇ ਦੀ ਗੰਭੀਰ ਬਿਮਾਰੀ ਕਾਰਨ ਸਪੈਸ਼ਲ ਕੈਟਾਗਰੀ ਚ ਬਦਲੀ ਫੱਤਾ ਮਲੋਕਾ ਸਕੂਲ ਵਿੱਚ ਅਪਲਾਈ ਕੀਤੀ, ਪਰ ਉਸਦੀ ਬਦਲੀ ਨਹੀਂ ਕੀਤੀ ਹਾਲਾਂਕਿ ਉਹ ਸਟੇਸ਼ਨ ਖਾਲੀ ਹੀ ਪਿਆ ਹੈ|
ਆਗੂਆਂ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਆਉਣ ਵਾਲੇ ਅੰਤਰ ਜ਼ਿਲਾ ਰਾਉਂਡ ਵਿੱਚ ਵੀ ਵੱਡੇ ਪੱਧਰ ਤੇ ਧਾਂਦਲੀਆ ਹੋਣ ਦਾ ਅੰਦੇਸ਼ਾ ਹੈ। ਆਗੂਆਂ ਨੇ ਅੱਗੇ ਦੱਸਿਆ ਕਿ ਇੱਕ ਇੱਕ ਸਟੇਸ਼ਨ ਤੇ ਦੋ ਦੋ ਅਧਿਆਪਕਾਂ ਦੀਆਂ ਬਦਲੀਆਂ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ|
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਪਰੋਕਤ ਤੱਥਾਂ ਨਾਲ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਉਹਨਾਂ ਮੰਗ ਕੀਤੀ ਕਿ ਸਿਫਾਰਸੀ ਅਤੇ ਗਲਤ ਢੰਗ ਨਾਲ ਕੀਤੀਆਂ ਬਦਲੀਆਂ ਤੁਰੰਤ ਰੱਦ ਕਰਕੇ ਲੋੜਵੰਦ ਅਤੇ ਯੋਗ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਜਾਣ ਨਹੀਂ ਤਾਂ ਜਥੇਬੰਦੀ ਨੂੰ ਸੰਘਰਸ਼ ਕਰਨ ਲਏ ਮਜ਼ਬੂਰ ਹੋਣਾ ਪਵੇਗਾ|