ਅਕਾਲ ਅਕੈਡਮੀ ਜੰਡਿਆਲੀ ਨੇ ਬੱਚਿਆਂ ਨੂੰ ਦਰਬਾਰ ਸਾਹਿਬ ਦੀ ਯਾਤਰਾ ਕਰਵਾਈ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 19 ਅਪ੍ਰੈਲ 2025 - ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਜੰਡਿਆਲੀ ਵੱਲੋਂ ਨਵੇਂ ਸੈਸ਼ਨ ਦੇ ਸ਼ੁਭ ਆਰੰਭ ਦੀ ਖੁਸ਼ੀ ਵਿੱਚ ਵਿਦਿਆਰਥੀਆਂ ਲਈ ਇੱਕ ਦਿਨ ਦੀ ਵਿਸ਼ੇਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਧਾਰਮਿਕ, ਆਧਿਆਤਮਿਕ ਅਤੇ ਸੱਭਿਆਚਾਰਕ ਜਾਗਰੂਕਤਾ ਦੇਣਾ ਸੀ। ਇਸ ਯਾਤਰਾ ਦੇ ਤਹਿਤ ਵਿਦਿਆਰਥੀਆਂ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰਵਾਏ ਗਏ, ਜਿੱਥੇ ਬੱਚਿਆਂ ਨੇ ਪਰਿਕਰਮਾ ਵਿੱਚ ਰਲ-ਮਿਲ ਕੇ ਚੌਪਈ ਸਾਹਿਬ ਦੇ ਜਾਪ ਕੀਤੇ ਅਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸ਼ਰਧਾ ਭਾਵਨਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ 'ਤੇ ਵਿਦਿਆਰਥੀਆਂ ਨੂੰ 'ਸਾਡਾ ਪਿੰਡ' ਵਿੱਚ ਜਾ ਕੇ ਪੰਜਾਬੀ ਸੱਭਿਆਚਾਰ ਨਾਲ ਜਾਣੂ ਕਰਵਾਇਆ ਗਿਆ, ਜਿਸ ਰਾਹੀਂ ਉਹਨਾਂ ਨੇ ਮੂਲ ਪੰਜਾਬੀ ਰੀਤੀ-ਰਿਵਾਜਾਂ ਅਤੇ ਪਿੰਡ ਦੀ ਜੀਵਨ ਸ਼ੈਲੀ ਨੂੰ ਨੇੜੇ ਤੋਂ ਮਹਿਸੂਸ ਕੀਤਾ। ਇਹ ਯਾਤਰਾ ਅਕਾਲ ਅਕੈਡਮੀ ਜੰਡਿਆਲੀ ਦੇ ਪ੍ਰਿੰਸੀਪਲ ਨਵਜੋਤ ਕੌਰ ਜੀ ਦੀ ਅਗਵਾਈ ਹੇਠ ਹੋਈ। ਉਨ੍ਹਾਂ ਨੇ ਬੱਚਿਆਂ ਦੀ ਰੂਹਾਨੀ ਤੇ ਸੱਭਿਆਚਾਰਕ ਤਰੱਕੀ ਲਈ ਇਸ ਤਰ੍ਹਾਂ ਦੇ ਯਤਨਾਂ ਦੀ ਲੋੜ ਨੂੰ ਜ਼ਰੂਰੀ ਦੱਸਿਆ।
ਇਸ ਯਾਤਰਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸ਼ਾਮਲ ਸਨ: ਨਵਰੀਤ ਕੌਰ, ਸਤਵੰਤ ਸਿੰਘ ਕੁਹਾੜਾ, ਬਰਿੰਦਰ ਸਿੰਘ ਬਿੰਨੀ, ਮੈਡਮ ਜਸਪ੍ਰੀਤ ਕੌਰ, ਗੁਰਸ਼ਰਨ ਸਿੰਘ, ਗੁਰਪਾਲ ਸਿੰਘ, ਹਿੰਦਪਾਲ ਸਿੰਘ, ਰਵਿੰਦਰ ਕੌਰ, ਅਗਮਜੋਤ ਕੌਰ, ਅਤੇ ਵੀਨਾ ਕੌਲ ਜੀ। ਅੰਤ ਵਿੱਚ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਕਿਸਮ ਦੀ ਯਾਤਰਾ ਬੱਚਿਆਂ ਦੇ ਮਨੋਰੰਜਨ ਨਾਲ-ਨਾਲ ਉਨ੍ਹਾਂ ਦੀ ਆਤਮਿਕ ਤੇ ਨੈਤਿਕ ਤਰੱਕੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ।