ਅਕਾਲ ਅਕੈਡਮੀ ਮਨਾਵਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਆਤਮਿਕ ਭਾਵਨਾ ਨਾਲ ਮਨਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਮਨਾਵਾਂ, 17 ਅਪ੍ਰੈਲ 2025 - ਖ਼ਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਮਨਾਵਾਂ ਵਿੱਚ ਆਤਮਿਕ ਸ਼ਰਧਾ ਅਤੇ ਸਿੱਖ ਰੂਹਾਨੀ ਪਰੰਪਰਾਵਾਂ ਅਨੁਸਾਰ ਬੜੀ ਧੂਮਧਾਮ ਅਤੇ ਭਾਵਨਾਤਮਕ ਤਰੀਕੇ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਨ ਦੀ ਸ਼ੁਰੂਆਤ ਪੰਜ ਬਾਣੀਆਂ ਦੇ ਪਾਠ ਨਾਲ ਹੋਈ। ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਨਾਲ ਸਾਰੇ ਪਵਿੱਤਰ ਮਾਹੌਲ ਵਿੱਚ ਗੁਰਸਿੱਖੀ ਦੀ ਮਿੱਠਾਸ ਘੁਲ ਗਈ। ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਕਵਿਤਾਵਾਂ ਅਤੇ ਗੁਰਮਤਿ ਵਿਚਾਰ ਰਾਹੀਂ ਆਪਣੀ ਸ਼ਰਧਾ ਨੂੰ ਪ੍ਰਗਟ ਕੀਤਾ ਗਿਆ। ਗੁਰਮਤਿ ਅਧਿਆਪਕ ਵੱਲੋਂ ਕੀਰਤਨ ਦਰਬਾਰ ਵਿਖੇ ਸ਼ਾਨਦਾਰ ਰੂਹਾਨੀ ਦਿੱਤੀ ਗਈ, ਜਿਸ ਨਾਲ ਸਾਰਾ ਆਡੀਟੋਰੀਅਮ ਗੁਰੂ ਕੀ ਬਾਣੀ ਦੇ ਰੰਗ ਵਿੱਚ ਰੰਗਿਆ ਗਿਆ।
ਇਸੇ ਰੂਹਾਨੀ ਲਹਿਰ ਦੇ ਚਲਦਿਆਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਭਾਵਪੂਰਕ ਨਿਮਰਤਾ ਨਾਲ ਵੰਡੀ ਗਈ। ਇਸ ਤੋਂ ਬਾਅਦ ਲੰਗਰ ਦੀ ਵਿਵਸਥਾ ਕੀਤੀ ਗਈ ਜੋ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਕੱਠੇ ਮਿਲ ਬੈਠ ਕੇ ਛਕਿਆ। ਅਕਾਲ ਅਕੈਡਮੀ ਦੇ ਪ੍ਰਿੰਸੀਪਲ ਵੱਲੋਂ ਸਮੂਹ ਸੰਗਤ ਨੂੰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਬੱਚਿਆਂ ਨੂੰ ਇਸ ਦਿਹਾੜੇ ਦੀ ਇਤਿਹਾਸਕ ਮਹੱਤਤਾ ਅਤੇ ਸਿੱਖੀ ਵਿਚਲੇ ਇਸ ਦੇ ਮਹਾਨ ਸਿਧਾਂਤਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਨੇ ਆਖਿਆ ਕਿ “ਇਹ ਸਮਾਗਮ ਸਿਰਫ਼ ਤਿਉਹਾਰ ਨਹੀਂ, ਸਗੋਂ ਆਪਣੇ ਅਤੀਤ ਨਾਲ ਜੁੜਨ ਅਤੇ ਆਪਣੇ ਚਰਿੱਤਰ ਨੂੰ ਨਿਖਾਰਨ ਦਾ ਮੌਕਾ ਵੀ ਹੈ।”