ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਦੋ ਨਵੇਂ ਰਿਫ਼ਰੈਸ਼ਰ ਕੋਰਸ ਸ਼ੁਰੂ
ਪਟਿਆਲਾ, 8 ਜਨਵਰੀ 2025 - ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਦੋ ਨਵੇਂ ਰਿਫ਼ਰੈਸ਼ਰ ਕੋਰਸ ਸ਼ੁਰੂ ਹੋਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ ਅਤੇ ਭਾਸ਼ਾਵਾਂ ਸੰਬੰਧੀ ਰਿਫ਼ਰੈਸ਼ਰ ਕੋਰਸ ਦੀ ਸ਼ੁਰੂਆਤ ਮੌਕੇ ਰੱਖੇ ਉਦਘਾਟਨੀ ਸਮਾਰੋਹ ਵਿੱਚ
ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਜੈ ਸ਼ੰਕਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ, ਯੁਵਕ ਭਲਾਈ ਪ੍ਰੋ. ਵਰਿੰਦਰ ਕੌਸ਼ਿਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਦੱਸਿਆ ਕਿ ਔਫਲਾਈਨ-ਮੋਡ ਵਿੱਚ ਕਰਵਾਇਆ ਜਾ ਰਿਹਾ ਗੁਰੂ ਦਕਸ਼ਤਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਕੇਂਦਰੀ, ਰਾਜ ਅਤੇ ਡੀਮਡ ਯੂਨੀਵਰਸਿਟੀਆਂ, ਪ੍ਰਾਈਵੇਟ ਯੂਨੀਵਰਸਿਟੀਆਂ, ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ, ਕਾਲਜਾਂ ਅਤੇ ਹੋਰ ਉੱਚ ਵਿਦਿਅਕ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਲਈ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਭਾਸ਼ਾਵਾਂ ਸੰਬੰਧੀ ਰਿਫ਼ਰੈਸ਼ਰ ਕੋਰਸ ਆਨਲਾਈਨ ਮੋਡ ਰਾਹੀਂ ਹੈ।
ਪ੍ਰੋ. ਜੈ ਸ਼ੰਕਰ ਸਿੰਘ ਨੇ ਕਿਹਾ ਕਿ ਅਧਿਆਪਕ ਦੇਸ ਅਤੇ ਸਮਾਜ ਦੇ ਨਿਰਮਾਤਾ ਹੁੰਦੇ ਹਨ। ਪ੍ਰੋਫੈਸਰ ਵਿਦਿਆਰਥੀਆਂ ਲਈ ਆਦਰਸ਼ ਰੋਲ ਮਾਡਲ ਹੋਣੇ ਚਾਹੀਦੇ ਹਨ, ਉਨ੍ਹਾਂ ਨੂੰ ਵਿਕਸਿਤ ਭਾਰਤ ਲਈ ਨੌਜਵਾਨਾਂ ਦੀ ਊਰਜਾ ਨੂੰ ਚੈਨਲਾਈਜ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਿੱਖਿਅਕ ਹੋਣ ਦੇ ਨਾਤੇ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਨਾ ਸਿਰਫ਼ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਬਾਰੇ ਜਾਣੂ ਰਹੀਏ, ਸਗੋਂ ਸਮਾਜ, ਸਿਹਤ ਅਤੇ ਵਾਤਾਵਰਣ ਲਈ ਉਹਨਾਂ ਦੇ ਪ੍ਰਭਾਵਾਂ ਦੀ ਡੂੰਘੀ ਸਮਝ ਨੂੰ ਵੀ ਪੈਦਾ ਕਰੀਏ। ਉਨ੍ਹਾਂ ਕਿਹਾ ਕਿ ਇਹ ਕੋਰਸ ਅਕਾਦਮਿਕ ਗਿਆਨ ਨੂੰ ਅਪਡੇਟ ਕਰਨ ਦੇ ਇੱਕ ਮੌਕੇ ਤੋਂ ਵੱਧ ਹੈ।
ਪ੍ਰੋ. ਵਰਿੰਦਰ ਕੁਮਾਰ ਕੌਸ਼ਿਕ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨ ਅਧਿਆਪਕਾਂ ਵਿੱਚ ਅਕਾਦਮਿਕ ਹੁਨਰਾਂ ਨੂੰ ਨਿਖਾਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਆਪਣੇ ਅਧਿਆਪਨ ਅਤੇ ਸਿੱਖਣ ਦੇ ਤਜਰਬਿਆਂ ਨੂੰ ਵਧਾਉਣ ਲਈ ਇਹਨਾਂ ਪਲੇਟਫਾਰਮਾਂ ਦੀ ਵਰਤੋਂ ਕਰਨ ਹਿਤ ਈ ਉਤਸ਼ਾਹਿਤ ਕੀਤਾ।
ਪ੍ਰੋ. ਅਨੂਪ ਠਾਕੁਰ, ਕੋ-ਆਰਡੀਨੇਟਰ, ਗੁਰੂ ਦਕਸ਼ਿਤਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਨੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 35 ਪ੍ਰਤੀਯੋਗੀ ਭਾਗ ਲੈ ਰਹੇ ਹਨ।
ਭਾਸ਼ਾਵਾਂ ਦੇ ਰਿਫਰੈਸ਼ਰ ਕੋਰਸ ਦੀ ਕੋ-ਆਰਡੀਨੇਟਰ ਡਾ. ਸ਼ਿਵਾਨੀ ਠੱਕਰ ਨੇ ਦੱਸਿਆ ਕਿ ਸਾਨੂੰ ਭਾਗੀਦਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਦੇਸ ਤੋਂ 200 ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। ਇਸ ਕੋਰਸ ਵਿੱਚ 16 ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਅਧਿਆਪਕ ਇਸ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਹਨ।
ਡਾ. ਕਰਮਜੀਤ ਸਿੰਘ ਧਾਲੀਵਾਲ, ਕੋਰਸ ਕੋਆਰਡੀਨੇਟਰ ਗੁਰੂ ਦਕਸ਼ਤਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਨੇ ਸਟੇਜ ਸੰਚਾਲਕ ਵਜੋਂ ਭੂਮਿਕਾ ਨਿਭਾਈ।
ਸੈਸ਼ਨ ਦੀ ਸਮਾਪਤੀ ਭਾਸ਼ਾਵਾਂ ਦੇ ਰਿਫਰੈਸ਼ਰ ਕੋਰਸ ਦੇ -ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਢੀਂਡਸਾ ਵੱਲੋਂ ਧੰਨਵਾਦ ਦੇ ਮਤੇ ਨਾਲ ਹੋਈ।