ਲੈਮਰਿਨ ਟੈੱਕ ਸਕਿਲਜ਼ ਯੂਨੀਵਰਸਿਟੀ ਪੰਜਾਬ ਵਿਖ਼ੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਸਮਾਗਮ
- ਆਤਮ ਤੱਤ ਦਰਸ਼ਨ ਵਿਸ਼ੇ ਤੇ ਰਾਸ਼ਟਰੀ ਸਰਬ ਧਰਮ ਸੰਮੇਲਨ ਅਤੇ ਵਿਚਾਰ ਗੋਸ਼ਟੀ ਵਿੱਚ ਦੇਸ਼ ਭਰ ਤੋਂ ਵਿਦਵਾਨਾਂ ਨੇ ਕੀਤੀ ਸ਼ਿਰਕਤ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 5 ਜਨਵਰੀ,2025 - ਲੈਮਰਿਨ ਟੈਕ ਸ੍ਕਿਲਜ਼ ਯੂਨੀਵਰਸਿਟੀ ਪੰਜਾਬ ਦੇ ਯੂਨੀਵਰਸਿਟੀ ਸਕੂਲ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਅਧਿਐਨ ਅਤੇ ਖੋਜ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਗੁਰਮਤਿ ਸਮਾਗਮ ਆਯੋਜਿਤ ਕਰਵਾਇਆ ਗਿਆ ਜਿਸ ਦੌਰਾਨ ਆਤਮ ਤੱਤ ਦਰਸ਼ਨ ਵਿਸ਼ੇ ਤੇ ਰਾਸ਼ਟਰੀ ਸਰਬ ਧਰਮ ਸੰਮੇਲਨ ਅਤੇ ਵਿਚਾਰ ਗੋਸ਼ਟੀ ਯੂਨੀਵਰਸਿਟੀ ਕੈੰਪਸ ਵਿਖ਼ੇ ਆਯੋਜਿਤ ਕੀਤੀ ਗਈ ਜਿਸ ਵਿੱਚ ਦੇਸ਼ ਭਰ ਤੋਂ ਹਰੇਕ ਧਰਮ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਆਰੰਭਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਨਾਲ਼ ਹੋਈ |ਇਸ ਮੌਕੇ 'ਤੇ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸਦਾ ੳਦਘਾਟਨ ਮਾਣਯੋਗ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਦੁਆਰਾ ਵਿਦਵਾਨ ਬੁਲਾਰਿਆਂ ਅਤੇ ਧਾਰਮਿਕ ਆਗੂਆਂ ਦੀ ਹਾਜਰੀ ਵਿਚ ਕੀਤਾ ਗਿਆ।
ਸਰਬ ਧਰਮ ਸੰਮੇਲਨ ਵਿਚ ਵੱਖ-ਵੱਖ ਧਰਮਾਂ ਤੋਂ ਵਿਦਵਾਨਾ ਵਿਚ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ, ਡਾ. ਬਲਕਾਰ ਸਿੰਘ, ਡਾ. ਜਸਵੰਤ ਸਿੰਘ ਜ਼ਫ਼ਰ, ਡਾ. ਅਮਰਜੀਤ ਸਿੰਘ ਗਰੇਵਾਲ, ਡਾ. ਹਰਦੇਵ ਸਿੰਘ, ਡਾ. ਵਰਿੰਦਰ ਕੁਮਾਰ (ਸੰਸਕ੍ਰਿਤ ਵਿਦਵਾਨ), ਡਾ. ਏ. ਕੇ. ਮਰਚੈਂਟ (ਬਹਾਈ ਧਰਮ), ਗੋਸਵਾਮੀ ਸ਼ੁਸ਼ੀਲ ਜੀ ਮਹਾਰਾਜ (ਕਨਵੀਨਰ, ਭਾਰਤੀ ਸਰਬ ਧਰਮ ਸੰਸਦ), ਸਵਾਮੀ ਸਰਵਾਲੋਕਾਨੰਦਾ (ਰਾਮਾਕ੍ਰਿਸ਼ਨ ਮਿਸ਼ਨ), ਰਾਬਾਈ ਏਜ਼ਕਈਲ ਮਾਲੇਕਰ (ਯਹੂਦੀ ਧਰਮ), ਮਰਾਜ਼ਬਾਨ ਜ਼ਾਏਵਾਲਾ (ਪਾਰਸੀ ਧਰਮ) ਹਾਜ਼ਰ ਸਨ। ਇਸ ਸੰਮੇਲਨ ਵਿਚ ਇਨ੍ਹਾਂ ਵਿਦਵਾਨਾਂ ਦੁਆਰਾ ਪਰਚੇ ਪੜ੍ਹੇ ਗਏ ਅਤੇ ਧਾਰਮਿਕ ਆਗੂਆਂ ਨੇ ਆਪਣੇ ਵਿਚਾਰਾਂ ਦੁਆਰਾ ਸਰੋਤਿਆਂ ਨਾਲ ਸਾਂਝ ਪਾਈ। ਸੰਮੇਲਨ ਵਿਚ ਸ਼ਾਮਿਲ ਹੋਏ ਬੁਲਾਰਿਆਂ ਨੇ ਸਰੋਤਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਸੰਸਾਰ ਵਿਚ ਸਦਾਚਾਰਕ ਜੀਵਨ ਬਤੀਤ ਕਰਨ ਲਈ ਆਪਣੇ ਆਤਮ ਦੀ ਪਛਾਣ ਕਰਨ ਦੀ ਜਰੂਰਤ ’ਤੇ ਜੋਰ ਦਿੱਤਾ। ਉਨ੍ਹਾਂ ਨੇ ਅਜੋਕੇ ਤਕਨੀਕੀ ਯੁੱਗ ਦੇ ਬਣਾਵਟੀ ਬੁੱਧੀ (ਆਰਟੀਫਿਸ਼ਲ ਇੰਟੈਲੀਜੈਂਸ਼) ਦੇ ਔਜਾਰਾਂ ਦੀ ਵਰਤੋਂ ਵਾਲੇ ਸਮਾਜ ਵਿਚ ਡਿਪਰੈਸ਼ਨ ਨਾਲ ਜੂਝਣ ਲਈ ਸਾਰੇ ਧਰਮਾਂ ਵਿਚ ਦਰਸਾਏ ਆਤਮ ਪੜਚੋਲ ਅਤੇ ਧਿਆਨ ਲਗਾਉਣ ਦੀ ਵਿਧੀ ਨੂੰ ਅਪਣਾਉਣਾ ਅਤੀ ਜਰੂਰੀ ਦਰਸਾਇਆ ਹੈ।
ਸਰਬ ਧਰਮ ਸਮਾਗਮ ਵਿੱਚ ਪ੍ਰਧਾਨਗੀ ਭਾਸ਼ਨ ਕਰਦਿਆਂ ਮਾਣਯੋਗ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਯੂਨੀਵਰਸਿਟੀ ਵੱਲੋਂ ਹੁਨਰ ਮੁਖੀ ਕੋਰਸਾਂ ਬਾਰੇ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਮਾਗਮ ਵਿਚ ਵਿਦਵਾਨਾਂ ਵੱਲੋਂ ਪੇਸ਼ ਕੀਤੇ ਵਿਚਾਰਾਂ ਦੀ ਅਜੋਕੇ ਸਮੇਂ ਵਿਚ ਸਾਰਥਿਕਤਾ ਦਰਸਾਉਂਦਿਆਂ, ਵਿਦਿਆਰਥੀਆਂ ਨੂੰ ਗੰਭੀਰਤਾ ਨਾਲ ਆਪਣੇ ਜੀਵਨ ਵਿਚ ਅਪਨਾਉਣ ਦੀ ਤਾਕੀਦ ਵੀ ਕੀਤੀ। ਸਮਾਗਮ ਦੇ ਸਮਾਪਤੀ ਵਾਲੇ ਦਿਨ ਭੋਗ ਉਪਰੰਤ ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਸ਼ੁੱਭਦੀਪ ਸਿੰਘ ਜੀ ਦੇ ਰਾਗੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ | ਗੱਤਕਾ ਜੱਥੇ ਵੱਲੋਂ ਗੱਤਕੇ ਦੇ ਜੌਹਰ ਦਿਖਾਏ | ਯੂਨੀਵਰਸਿਟੀ ਵੱਲੋਂ ਸਮਾਗਮ ਵਿਚ ਹਾਜਰ ਵਿਦਵਾਨ ਬੁਲਾਰਿਆਂ, ਧਾਰਮਿਕ ਸਖਸ਼ੀਅਤਾਂ ਦਾ ਸਨਮਾਨ ਅਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੀ ਰਾਜੇਸ਼ ਧੀਮਾਨ ਡੀ ਸੀ ਨਵਾਂਸ਼ਹਿਰ, ਡਾ. ਮਹਿਤਾਬ ਸਿੰਘ ਐਸ ਐਸ ਪੀ, ਨਵਾਂਸ਼ਹਿਰ, ਸ਼੍ਰੀ ਗੁਰਨੀਤ ਖੁਰਾਣਾ ਐਸ ਐਸ ਪੀ ਰੂਪਨਗਰ, ਪ੍ਰੀਤਇੰਦਰ ਬੈਂਸ ਐਸ ਡੀ ਐਮ ਬਲਾਚੌਰ,ਸ਼੍ਰੀ ਐਨ ਐਸ ਰਿਆਤ ਪ੍ਰੈਜੀਡੈਂਟ ਟਰੱਸਟ, ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਪਰਵਿੰਦਰ ਕੌਰ, ਪ੍ਰੋ ਵਾਈਸ-ਚਾਂਸਲਰ ਡਾ. ਜਗਦੀਪ ਕੌਰ, ਰਜਿਸਟਰਾਰ ਡਾ. ਰਾਜੀਵ ਮਹਾਜਨ, ਸ. ਸਤਬੀਰ ਸਿੰਘ ਬਾਜਵਾ ਜੋਇੰਟ ਰਜਿਸਟਰਾਰ ਅਤੇ ਅਕਾਲ ਯੂਨੀਵਰਸਿਟੀ ਦੇ ਰਜਿਸਟਾਰ ਡਾ. ਸਵਰਨ ਸਿੰਘ, ਸ. ਜਸਬੀਰ ਸਿੰਘ, ਪਿੰਸੀਪਲ ਸੁਖਜੀਤ ਕੌਰ ਸੋਹੀ, ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ, ਸਮੂਹ ਯੂਨੀਵਰਸਿਟੀ ਅਧਿਆਪਕ ਅਤੇ ਵਿਦਿਆਰਥੀ ਵੀ ਸ਼ਾਮਿਲ ਹੋਏ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |