ਕਲਗੀਧਰ ਸੋਸਾਇਟੀ ਬੜੂ ਸਾਹਿਬ ਵੱਲੋਂ ਅਕਾਲ ਯੂਨੀਵਰਸਿਟੀ ਵਿਖੇ 'ਡਾ. ਮਨਮੋਹਨ ਸਿੰਘ ਚੇਅਰ ਇਨ ਡਵੈਲਪਮੈਂਟ ਇਕਨੌਮਿਕਸ' ਦੀ ਸਥਾਪਨਾ
ਹਰਜਿੰਦਰ ਸਿੰਘ ਭੱਟੀ
ਤਲਵੰਡੀ ਸਾਬੋ, (ਪੰਜਾਬ) – 3 ਜਨਵਰੀ 2025 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਚਾਨਕ ਦਿਹਾਂਤ ਨਾਲ ਦੇਸ਼ ਨੇ ਇਸ ਧਰਤੀ ਦੇ ਇੱਕ ਮਹਾਨ ਪੁੱਤਰ ਨੂੰ ਖੋ ਦਿੱਤਾ ਹੈ। ਅਡੋਲ ਇਮਾਨਦਾਰੀ, ਨਿਮਰਤਾ ਅਤੇ ਜਨਤਕ ਨੀਤੀ ਵਿਚ ਗਹਿਰੇ ਗਿਆਨ ਕਰਕੇ ਜਾਣੇ ਜਾਣ ਵਾਲੇ ਡਾ. ਸਿੰਘ ਨੇ ਆਪਣੀਆਂ ਉਦਾਰੀਕਰਨ ਨੀਤੀਆਂ ਰਾਹੀਂ ਦੇਸ਼ ਨੂੰ ਗਹਿਰੇ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਿਆ ਅਤੇ ਤੇਜੀ ਨਾਲ ਵਿਕਾਸ ਦੀ ਰਾਹ 'ਤੇ ਲੈ ਕੇ ਜਾਣ ਵਾਲੇ ਉਪਰਾਲੇ ਕੀਤੇ।
ਡਾ. ਸਿੰਘ ਦੇ ਮਹਾਨ ਅਕਾਦਮਿਕ ਯੋਗਦਾਨ ਅਤੇ ਦੇਸ਼ ਅਤੇ ਸਮਾਜ ਸੇਵਾ ਨੂੰ ਸਨਮਾਨਿਤ ਕਰਦੇ ਹੋਏ, ਕਲਗੀਧਰ ਸੋਸਾਇਟੀ ਬੜੂ ਸਾਹਿਬ ਨੇ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਪੰਜਾਬ) ਵਿਖੇ 'ਡਾ. ਮਨਮੋਹਨ ਸਿੰਘ ਚੇਅਰ ਇਨ ਡਵੈਲਪਮੈਂਟ ਇਕਨੌਮਿਕਸ' ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਹੈ। ਇਹ ਚੇਅਰ ਡਾ. ਸਿੰਘ ਦੇ ਦਰਸ਼ਨਾਤਮਕ ਵਿਚਾਰਾਂ 'ਤੇ ਗਹਿਨ ਖੋਜ ਕਰੇਗੀ, ਜੋ ਆਰਥਿਕ ਵਿਕਾਸ ਦੀ ਸਮਝ ਨੂੰ ਡੂੰਘਾ ਕਰਨ ਦੇ ਨਾਲ-ਨਾਲ ਭਵਿੱਖ ਦੀ ਪੀੜ੍ਹੀ ਨੂੰ ਉਨ੍ਹਾਂ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰੇਗੀ।
ਕਲਗੀਧਰ ਸੋਸਾਇਟੀ ਬਾਰੇ:
ਕਲਗੀਧਰ ਸੋਸਾਇਟੀ, ਜੋ 'ਬੜੂ ਸਾਹਿਬ' ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ, ਇੱਕ ਗੈਰ-ਲਾਭਕਾਰੀ ਚੈਰੀਟੇਬਲ ਸੰਸਥਾ ਹੈ ਜੋ 130 ਅਕਾਲ ਅਕੈਡਮੀਆਂ ਰਾਹੀਂ ਗੁਣਵੱਤਾ ਵਾਲੀ ਘੱਟ ਲਾਗਤ ਵਾਲੀ ਸਿੱਖਿਆ, ਸਿਹਤ ਸੰਭਾਲ ਅਤੇ ਸਮਾਜਿਕ ਭਲਾਈ ਪ੍ਰਦਾਨ ਕਰਨ ਲਈ ਸਮਰਪਿਤ ਹੈ। ਸਮਾਜਿਕ-ਆਰਥਿਕ ਤਰੱਕੀ ਲਿਆਉਣ ਦੇ ਆਸ਼ੇ ਨਾਲ ਸਥਾਪਿਤ ਇਹ ਸੰਸਥਾ ਉੱਤਰ ਭਾਰਤ ਦੇ ਪਿੰਡਾਂ ਵਿੱਚ ਅਨੇਕ ਪਹਲਾਂ ਚਲਾਉਂਦੇ ਹੋਏ ਇਕ ਸਕਰਾਤਮਕ ਬਦਲਾਅ ਲਿਆ ਰਹੀ ਹੈ। ਕਲਗੀਧਰ ਸੋਸਾਇਟੀ ਪਿੰਡਾਂ ਦੀਆਂ ਲੜਕੀਆਂ ਲਈ ਮੁਫ਼ਤ ਅਧਿਆਪਕ ਸਿਖਲਾਈ ਦੇ ਸਭ ਤੋਂ ਵੱਡੇ ਉਪਰਾਲੇ ਦੇ ਨਾਲ-ਨਾਲ ਦੋ ਯੂਨੀਵਰਸਿਟੀਆਂ, ਅਨੇਕਾਂ ਸਿੱਖਿਆ ਸੰਸਥਾਵਾਂ, ਸਿਹਤ ਸਹੂਲਤਾਂ ਅਤੇ ਸਮਾਜ ਸੇਵਾ ਦੇ ਪ੍ਰਾਜੈਕਟਾਂ ਨੂੰ ਚਲਾਉਂਦੀ ਹੈ, ਜੋ ਸਮਾਜ ਵਿੱਚ ਬਰਾਬਰੀ ਅਤੇ ਸਕਰਾਤਮਕ ਬਦਲਾਅ ਲਈ ਵਚਨਵੱਧ ਹੈ।
ਕਲਗੀਧਰ ਸੋਸਾਇਟੀ ਬੜੂ ਸਾਹਿਬ ਦੇ ਪ੍ਰਧਾਨ ਕਹਿੰਦੇ ਹਨ: "ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਇਸ ਚੇਅਰ ਦੀ ਸਥਾਪਨਾ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ, ਜਿਨ੍ਹਾਂ ਦੀ ਆਰਥਿਕ ਸੁਧਾਰ ਅਤੇ ਜਨਸੇਵਾ ਦੀ ਵਿਰਾਸਤ ਸਾਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ। ਇਸ ਉਪਰਾਲੇ ਦਾ ਉਦੇਸ਼ ਉਹਨਾਂ ਦੇ ਇਸ ਆਸ਼ੇ ਨੂੰ ਸਦੀਵੀ ਬਣਾਉਣ ਅਤੇ ਦੇਸ਼ ਦੇ ਅਕਾਦਮਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਹੈ।"
'ਡਾ. ਮਨਮੋਹਨ ਸਿੰਘ ਚੇਅਰ ਇਨ ਡਵੈਲਪਮੈਂਟ ਇਕਨੌਮਿਕਸ' ਡਾ. ਸਿੰਘ ਦੇ ਆਰਥਿਕ ਨੀਤੀ ਅਤੇ ਵਿਕਾਸ ਸੰਬੰਧੀ ਯੋਗਦਾਨ ਨੂੰ ਦਰਸਾਉਂਦੇ ਹੋਏ ਗਹਿਨ ਖੋਜ, ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕਰਨ ਅਤੇ ਵਿਦਵਾਨੀ ਕਿਤਾਬਾਂ ਪ੍ਰਕਾਸ਼ਤ ਕਰਨ 'ਤੇ ਧਿਆਨ ਦੇਵੇਗੀ। ਇਹ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਅਰਥਪੂਰਨ ਸੰਵਾਦ ਅਤੇ ਸਮਕਾਲੀ ਆਰਥਿਕ ਚੁਨੌਤੀਆਂ ਲਈ ਨਵੇਂ ਉਸਾਰੂ ਹੱਲਾਂ ਦੀ ਪੜਚੋਲ ਕਰਨ ਦਾ ਮੰਚ ਪ੍ਰਦਾਨ ਕਰੇਗੀ।