ਸਰਕਾਰੀ ਆਈ ਟੀ ਆਈਜ਼ ਦੇ ਠੇਕਾ ਮੁਲਾਜ਼ਮਾਂ ਵੱਲੋਂ ਹੱਕੀ ਮੰਗਾਂ ਲਈ ਸੜਕਾਂ ਤੇ ਉੱਤਰਨ ਦਾ ਐਲਾਨ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 11 ਜੁਲਾਈ2025 : ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਉਹ ਕਿਹੜਾ ਦਰ ਹੈ ਜਿਸ ਤੇ ਉਨ੍ਹਾਂ ਮੱਥਾ ਨਹੀਂ ਰਗੜਿਆ ਪਰ ਉਨ੍ਹਾਂ ਦੀ ਕਿਧਰੇ ਸੁਣਵਾਈ ਨਹੀਂ ਹੋਈ ਜਿਸ ਕਰਕੇ ਹੁਣ ਇਹ ਫੈਸਲਾ ਲੈਣਾ ਪਿਆ ਹੈ। ਯੂਨੀਅਨ ਨੇ ਰਣਨੀਤੀ ਘੜੀ ਹੈ ਕਿ ਹੁਣ 16 ਜੁਲਾਈ ਨੂੰ ਪੰਜਾਬ ਸਰਕਾਰ ਵਿਰੁੱਧ ਆਪੋ ਆਪਣੇ ਅਦਾਰਿਆਂ ਵਿੱਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਕੁੰਭਕਰਨ ਦੀ ਨੀਂਦ ਸੁੱਤੇ ਤਕਨੀਕੀ ਸਿੱਖਿਆ ਵਿਭਾਗ ਨੂੰ ਜਗਾਇਆ ਜਾ ਸਕੇ। ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ ਸੂਬਾ ਕਮੇਟੀ ਮੈਂਬਰ ਨੇ ਦੱਸਿਆ ਕਿ ਉਹ ਪਿਛਲੇ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ ਟੀ ਆਈਜ਼ ਵਿੱਚ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਨਿਗੂਣੀਆਂ ਤਨਖ਼ਾਹ ਸਿਰਫ਼ 15 ਹਜਾਰ ’ਤੇ ਗਰੁੱਪ ਬੀ ਬਤੌਰ ਕਰਾਫ਼ਟ ਇੰਸਟਰਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜੋ ਸਿੱਧੇ ਤੌਰ ਤੇ ਹਕੂਮਤੀ ਸ਼ੋਸ਼ਣ ਹੈ।
ਉਹਨਾਂ ਕਿਹਾ ਕਿ ਇਹੀ ਪੰਜਾਬ ਸਰਕਾਰ ਗਰੁੱਪ ਸੀ ਅਤੇ ਡੀ ਨੂੰ ਸਾਡੇ ਨਾਲੋਂ ਵੱਧ ਤਨਖ਼ਾਹਾਂ ਦੇ ਰਹੀ ਹੈ ਜੋ ਕਿ ਕਿਧਰੇ ਵੀ ਤਰਕਸੰਗਤ ਨਹੀਂ ਹੈ । ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਨੂੰ ਕਿਸੇ ਵੀ ਕਿਸਮ ਦੀ ਛੁੱਟੀ ਨਹੀਂ ਦਿੱਤੀ ਜਾਂਦੀ, ਨਾ ਹੀ ਕੋਈ ਬਦਲੀ ਕਰਵਾਉਣ ਦਾ ਅਧਿਕਾਰ ਹੈ, ਨਾ ਹੀ ਕੋਈ ਸਰਵਿਸ ਬੁੱਕ ਲਾਈ ਗਈ ਹੈ ਅਤੇ ਨਾ ਹੀ ਕੋਈ ਸਲਾਨਾ ਇੰਕਰੀਮੈਂਟ ਹੈ । ਉਹਨਾਂ ਕਿਹਾ ਕਿ ਇੱਥੋਂ ਤੱਕ ਮਹਿਲਾਵਾਂ ਲਈ ਜਣੇਪਾ ਛੁੱਟੀ ਤੱਕ ਦਾ ਅਧਿਕਾਰ ਨਹੀਂ ਹੈ ਜੋ ਕਿ ਇਹ ਪੰਜਾਬ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਅਤੇ ਭੇਦਭਾਵ ਦੀ ਇੰਤਹਾ ਹੈ। ਉਹਨਾਂ ਕਿਹਾ ਕਿ ਅਸੀਂ ਗੱਲਬਾਤ ਰਾਹੀਂ ਪਿਛਲੇ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਦਫ਼ਤਰ ਦੇ ਸੈਂਕੜੇ ਗੇੜੇ ਮਾਰੇ ਕਿ ਸ਼ਾਇਦ ਉਹਨਾਂ ਨੂੰ ਸਮਾਂ ਮਿਲ ਜਾਵੇ ਪਰੰਤੂ ਆਮ ਲੋਕਾਂ ਦੇ ਮੁੱਖ ਮੰਤਰੀ ਕਹਾਉਣ ਵਾਲੇ ਭਗਵੰਤ ਮਾਨ ਵੀ ਪਹਿਲੇ ਮੁੱਖ ਮੰਤਰੀਆਂ ਵਾਂਗ ਹੀ ਨਿਕਲੇ ਅਤੇ ਕੋਈ ਸਮਾਂ ਨਹੀਂ ਦਿੱਤਾ ।
ਉਹਨਾਂ ਕਿਹਾ ਕਿ ਉਹ ਕਈ ਵਾਰ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਮਿਲ ਚੁੱਕੇ ਹਨ ਪਰ ਡੱਕਾ ਪੱਲੇ ਨਹੀਂ ਪਿਆ ਬਲਕਿ ਨਜ਼ਰਅੰਦਾਜ ਹੀ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂਪੰਜਾਬ ਦਾ ਕੋਈ ਆਮ ਆਦਮੀ ਪਾਰਟੀ ਦਾ ਵਿਧਾਇਕ, ਕੋਈ ਮੰਤਰੀ ਨਹੀਂ ਛੱਡਿਆ ਜਿਸਨੂੰ ਬੇਨਤੀ ਨਾ ਕੀਤੀ ਹੋਵੇ ਪਰੰਤੂ ਸਾਰਿਆਂ ਵੱਲੋਂ ਸਿਰਫ਼ ਲਾਰੇ ਹੀ ਮਿਲੇ ਹਨ। ਉਹਨਾਂ ਕਿਹਾ ਕਿ ਇਸ ਲਈ ਜਥੇਬੰਦੀ ਨੇ ਬੀਤੇ ਬੁੱਧਵਾਰ 9 ਜੁਲਾਈ ਨੂੰ ਸਮੂਹਿਕ ਛੁੱਟੀ ਲੈ ਕੇ ਸੰਸਥਾਵਾਂ ਦਾ ਕੰਮ ਠੱਪ ਕੀਤਾ ਅਤੇ ਹੁਣ 16 ਜੁਲਾਈ ਨੂੰ ਗੇਟ ਰੈਲੀਆਂ ਕਰਨ ਦਾ ਫੈਸਲਾ ਲਿਆ ਹੈ । ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾਂ ਦਿੱਤਾ ਤਾਂ ਤਕਨੀਕੀ ਸਿੱਖਿਆ ਮੰਤਰੀ ਅਤੇ ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ। ਇਸ ਮੌਕੇ ਬਲਜੀਤ ਸਿੰਘ, ਸੁਖਪਾਲ ਸਿੰਘ, ਸੁਖਚੈਨ ਕੌਰ ਅਤੇ ਆਰਤੀ ਰਾਣੀ ਆਦਿ ਇੰਸਟਰਕਟਰ ਹਾਜ਼ਰ ਸਨ ।