ਬੂਥਗੜ੍ਹ ਦੇ ਪਿੰਡਾਂ ਵਿਚ ਡੇਂਗੂ ਵਿਰੁੱਧ ਜਾਗਰੂਕਤਾ ਦਾ ਹੋਕਾ
ਹਰਜਿੰਦਰ ਸਿੰਘ ਭੱਟੀ
- ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਤਹਿਤ ਡੇਂਗੂ ਤੇ ਮਲੇਰੀਆ ਜਾਂਚ
ਬੂਥਗੜ੍ਹ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 27 ਜੂਨ, 2025 : ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਪਿੰਡਾਂ ਵਿਚ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਸਿਹਤ ਕਾਮਿਆਂ ਨੇ ਡੇਂਗੂ ਬੁਖ਼ਾਰ ਵਿਰੁਧ ਰੈਲੀਆਂ ਕੱਢੀਆਂ ਅਤੇ ਘਰ-ਘਰ ਜਾ ਕੇ ਕੰਟੇਨਰ ਚੈੱਕ ਕੀਤੇ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਪੀ.ਐਚ.ਸੀ. ਬੂਥਗੜ੍ਹ ਦੀਆਂ ਸਿਹਤ ਟੀਮਾਂ ਵੱਖ-ਵੱਖ ਥਾਈਂ ਡੇਂਗੂ ਅਤੇ ਮਲੇਰੀਆ ਜਾਂਚ ਕਰ ਰਹੀਆਂ ਹਨ ਤਾਂ ਕਿ ਇਸ ਮਾਰੂ ਬੁਖ਼ਾਰ ਤੋਂ ਲੋਕਾਂ ਦਾ ਸਮੇਂ ਸਿਰ ਬਚਾਅ ਹੋ ਸਕੇ। ਉਨ੍ਹਾਂ ਦੱਸਿਆ ਕਿ ਸਿਹਤ ਕਾਮਿਆਂ ਨੇ ਨਰਸਿੰਗ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਨੂੰ ਨਾਲ ਲੈ ਕੇ ਰੈਲੀਆਂ ਕੱਢੀਆਂ ਅਤੇ ਕੰਟੇਨਰ ਚੈੱਕ ਕੀਤੇ। ਉਨ੍ਹਾਂ ਦੱਸਿਆ ਕਿ ਡੇਂਗੂ ਜਾਨਲੇਵਾ ਬੁਖ਼ਾਰ ਹੈ, ਜਿਸ ਤੋਂ ਬਚਾਅ ਲਈ ਕਿਸੇ ਵੀ ਥਾਂ ’ਤੇ ਪਾਣੀ ਖੜ੍ਹਾ ਨਾ ਹੋਣ ਦਿਤਾ ਜਾਵੇ।
ਜੇ ਕਿਸੇ ਕਾਰਨ ਡੇਂਗੂ ਬੁਖ਼ਾਰ ਹੋ ਜਾਂਦਾ ਹੈ, ਤਾਂ ਘਬਰਾਉਣ ਦੀ ਲੋੜ ਨਹੀਂ। ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ। ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਨੋਡਲ ਅਫ਼ਸਰ ਡਾ.ਅਰੁਣ ਬਾਂਸਲ, ਸਿਹਤ ਸੁਪਰਵਾਈਜ਼ਰ ਸਵਰਨ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਸੀ.ਐਚ.ਓ. ਕਰਮਜੀਤ ਕੌਰ, ਸਿਹਤ ਵਰਕਰ ਜਤਿੰਦਰ ਸਿੰਘ, ਇੰਟਰਨੈਸ਼ਨਲ ਡਿਵਾਈਨ ਰਤਵਾੜਾ ਸਾਹਿਬ ਦੇ ਨਰਸਿੰਗ ਕਾਲਜ ਦੇ ਵਿਦਿਆਰਥੀ ਆਦਿ ਹਾਜ਼ਰ ਸਨ।