ਕੌਂਸਲਰਾਂ ਵੱਲੋਂ ਈਓ ਨੂੰ ਕੂੜੇ ਦੇ ਹੱਲ ਲਈ ਕਹੀ ਧਰਨੇ ਦੀ ਗੱਲ ਤੋਂ ਬਾਅਦ ਈਓ ਵੱਲੋਂ ਸੱਦੀ ਮੀਟਿੰਗ ਰਹੀ ਬੇਸਿੱਟਾ
- ਮਿਹਨੋ ਮਿਹਣੀ ਹੁੰਦੇ ਦਿਖੇ ਦੋਨਾਂ ਧੜਿਆਂ ਦੇ ਕੌਂਸਲਰ, ਸ਼ਹਿਰ ਵਾਸੀ ਪਰੇਸ਼ਾਨ
- ਮਹਿਲਾ ਕੌਂਸਲਰਾਂ ਦੀ ਜਗ੍ਹਾ ਤੇ ਮੀਟਿੰਗ ਵਿੱਚ ਪੁੱਜੇ ਕੌਂਸਲਰ ਪਤੀ, ਪੁੱਤਰ
ਦੀਪਕ ਜੈਨ
ਜਗਰਾਉਂ/27 ਜੂਨ 2025 - ਬੀਤੇ ਲੰਮੇ ਸਮੇਂ ਤੋਂ ਜਗਰਾਉਂ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਕੂੜੇ ਦਾ ਡੰਪ ਬਣ ਚੁੱਕਾ ਹੈ। ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਦਾ ਸ਼ਹਿਰ ਵਿੱਚੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਸ਼ਹਿਰ ਦੇ ਜਿਸ ਪਾਸੇ ਵੀ ਝਾਤ ਮਾਰੀ ਜਾਵੇ ਤਾਂ ਕੂੜੇ ਦੇ ਵੱਡੇ-ਵੱਡੇ ਢੇਰ ਸਾਫ ਦੇਖੇ ਜਾ ਸਕਦੇ ਹਨ ਅਤੇ ਇਹਨਾਂ ਕੂੜੇ ਦੇ ਢੇਰਾਂ ਕਰਕੇ ਸਥਾਨਕ ਨਿਵਾਸੀਆਂ ਦਾ ਰਹਿਣ ਕਿੰਨੇ ਕੁ ਔਖੇ ਹੋਵੇਗਾ ਇਸਦਾ ਅੰਦਾਜਾ ਲਗਾਉਣਾ ਹੀ ਮੁਸ਼ਕਿਲ ਹੈ। ਸ਼ਹਿਰ ਵਾਸੀਆਂ ਕੂੜੇ ਦੇ ਵੱਡੇ ਡੰਪਾਂ ਦੇ ਨੇੜਿਓਂ ਲੰਘਣ ਤੋਂ ਪਹਿਲਾਂ ਆਪਣੇ ਸਾਹ ਰੋਕਣੇ ਪੈਂਦੇ ਹਨ। ਬੀਤੇ ਦੋ ਦਿਨ ਪਹਿਲਾਂ ਜਗਰਾਉਂ ਦੇ ਕੁਝ ਕੌਂਸਲਰਾਂ ਵੱਲੋਂ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨੂੰ ਮਿਲ ਕੇ ਸਖਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਜਗਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਦਾ ਹੱਲ ਨਾ ਕੀਤਾ ਗਿਆ ਤਾਂ ਕੌਂਸਲਰਾਂ ਵੱਲੋਂ ਸੋਮਵਾਰ ਤੋਂ ਧਰਨਾ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਅੱਜ ਸ਼ੁਕਰਵਾਰ ਨੂੰ ਇਉ ਸੁਖਦੇਵ ਸਿੰਘ ਰੰਧਾਵਾ ਵੱਲੋਂ ਦੁਪਹਿਰ 3 ਵਜੇ ਨਗਰ ਕੌਂਸਲ ਦੇ ਟਾਊਨ ਹਾਲ ਸਾਰੇ ਕੌਂਸਲਰਾਂ ਦੀ ਇੱਕ ਮੀਟਿੰਗ ਸੱਦੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਹੋਇਆ ਈਓ ਰੰਧਾਵਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਸੱਦੀ ਗਈ ਹੈ ਅਤੇ ਉਹ ਸਾਰੇ ਹੀ ਕੌਂਸਲਰਾਂ ਤੋਂ ਉਹਨਾਂ ਦੇ ਸੁਝਾਅ ਮੰਗਦੇ ਹਨ ਕਿ ਸ਼ਹਿਰ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੀ ਕੀਤਾ ਜਾ ਸਕਦਾ ਹੈ। ਜਿਸ ਤੇ ਪਹਿਲਾਂ ਤਾਂ ਸਾਰੇ ਹੀ ਕੌਂਸਲਰਾਂ ਨੇ ਈਓ ਰੰਧਾਵਾ ਨੂੰ ਇਹ ਭਰੋਸਾ ਦਿੱਤਾ ਕਿ ਉਹ ਜੋ ਫੈਸਲਾ ਲੈਣਗੇ ਉਹ ਸਾਰੇ ਕੌਂਸਲਰ ਉਸ ਫੈਸਲੇ ਦਾ ਸਮਰਥਨ ਕਰਨਗੇ। ਪਰ ਜਦੋਂ ਈਓ ਰੰਧਾਵਾ ਵੱਲੋਂ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਤੋ ਕੂੜਾ ਚੁੱਕ ਕੇ ਸੁੱਟਣ ਦੇ ਲਈ ਚਾਰ ਪੰਜ ਥਾਵਾਂ ਦਾ ਸੁਝਾਵ ਦਿੱਤਾ ਗਿਆ ਤਾਂ ਸਾਰੇ ਹੀ ਕੌਂਸਲਰ ਆਪੋ ਆਪਣੇ ਮਸ਼ਵਰੇ ਦੇਣ ਲੱਗੇ। ਜਦੋਂ ਅਖੀਰ ਅਗਵਾੜ ਪੋਨੇ ਦੇ ਨੇੜੇ ਬਣੇ ਛੱਪੜ ਨੇੜੇ ਕੂੜੇ ਨੂੰ ਸੁੱਟਣ ਦੀ ਸਹਿਮਤੀ ਬਣੀ ਤਾਂ ਉਸ ਵਾਰਡ ਦੇ ਕੌਂਸਲਰ ਜਰਨੈਲ ਸਿੰਘ ਲੋਹਟ ਨੇ ਆਪਣੇ ਵਾਰਡ ਵਿੱਚ ਕੂੜਾ ਸਿੱਟੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਅਸਹਿਮਤੀ ਜਤਾਈ। ਦੋ ਧਿਰਾਂ ਵਿੱਚ ਵੰਡੇ ਕੌਂਸਲਰਾਂ ਚ ਡੇਢ ਘੰਟੇ ਤੋਂ ਵੀ ਵੱਧ ਸਮਾਂ ਚੱਲੀ ਮੀਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆਈ ਪਰ ਦੋਨਾਂ ਧੜਿਆਂ ਦੇ ਕੌਂਸਲਰ ਇੱਕ ਦੂਜੇ ਤੇ ਦੂਛਣਬਾਜ਼ੀ ਲਗਾਉਂਦੇ ਹੋਏ ਸਿਆਸੀ ਰੋਟੀਆਂ ਸੇਕਦੇ ਨਜ਼ਰ ਆਏ।
ਕੀ ਕਹਿਣਾ ਹੈ ਈਓ ਦਾ:- ਨਗਰ ਕੌਂਸਲ ਜਗਰਾਉਂ ਦੇ ਈਓ ਸੁਖਦੇਵ ਸਿੰਘ ਰੰਧਾਵਾ ਨੇ ਮੀਟਿੰਗ ਦੇ ਖਤਮ ਹੁੰਦਿਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਮੌਜੂਦ ਇੱਕਾ ਦੁਕਾ ਕੌਂਸਲਰਾਂ ਨੂੰ ਛੱਡ ਕੇ ਬਹੁ ਗਿਣਤੀ ਕੌਂਸਲਰਾਂ ਨੇ ਉਹਨਾਂ ਵੱਲੋਂ ਦਿੱਤੇ ਗਏ ਸੁਝਾਅ ਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਫਿਲਹਾਲ ਤਾਂ ਇੱਕ ਵਾਰ ਕੱਲ ਤੋਂ ਸ਼ਹਿਰ ਵਿੱਚ ਅਸਥਾਈ ਤੌਰ ਤੇ ਬਣਿਆ ਡੰਪਾਂ ਤੋਂ ਕੂੜਾ ਚੁੱਕ ਕੇ ਵਾਰਡ ਨੰਬਰ ਛੇ, ਅਗਵਾੜ ਪੋਨੇ ਦੇ ਕੋਠੇ ਦੇ ਕੋਠੇ ਨੇੜੇ ਛੱਪੜ ਕੋਲੇ ਸੁੱਟਿਆ ਜਾਵੇਗਾ। ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਪੱਕਾ ਹੱਲ ਵੀ ਲੱਭ ਲਿਆ ਜਾਵੇਗਾ।
ਕੀ ਕਹਿਣਾ ਹੈ ਕੌਂਸਲ ਪ੍ਰਧਾਨ ਦਾ:-
ਅੱਜ ਦੀ ਮੀਟਿੰਗ ਦੇ ਬਾਰੇ ਜਦੋਂ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਕੁਝ ਨਹੀਂ ਕਹਿ ਸਕਦੇ ਅੱਜ ਦੀ ਮੀਟਿੰਗ ਈਓ ਵੱਲੋਂ ਬੁਲਾਈ ਗਈ ਸੀ ਇਸ ਲਈ ਤੁਸੀਂ ਇਸ ਬਾਰੇ ਈਓ ਸਾਹਿਬ ਤੋਂ ਹੀ ਪੁੱਛੋ। ਜਦੋਂ ਅੱਜ ਦੀ ਮੀਟਿੰਗ ਵਿੱਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਬਣੀ ਸਹਿਮਤੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਮੀਟਿੰਗ ਵਿੱਚ ਮੌਜੂਦ ਕੌਂਸਲਰ ਨਾਲ ਨਾ ਪੁੱਛ ਲਓ ਮੈਨੂੰ ਇਸ ਬਾਰੇ ਵੀ ਕੁਝ ਨਹੀਂ ਪਤਾ, ਤੁਹਾਨੂੰ ਇਹ ਵੀ ਦੱਸ ਦਈਏ ਕਿ ਪ੍ਰਧਾਨ ਰਾਣਾ ਖੁਦ ਇਸ ਮੀਟਿੰਗ ਵਿੱਚ ਮੌਜੂਦ ਸਨ ਪਰ ਉਹਨਾਂ ਨੇ ਅੱਜ ਦੀ ਮੀਟਿੰਗ ਬਾਰੇ ਕੁਛ ਵੀ ਕਹਿਣਾ ਮੁਨਾਸਿਬ ਨਹੀਂ ਸਮਝਿਆ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਰਾਣਾ ਖੁਦ ਵੀ ਈਓ ਰੰਧਾਵਾ ਵੱਲੋਂ ਦਿੱਤੇ ਗਏ ਸੁਝਾਅ ਤੋ ਸਹਿਮਤ ਨਹੀਂ ਹਨ।
ਕੀ ਕਹਿਣਾ ਹੈ 6 ਵਾਰਡ ਦੇ ਕੌਂਸਲਰ ਦਾ:-
ਅੱਜ ਦੀ ਮੀਟਿੰਗ ਦੌਰਾਨ ਈਓ ਰੰਧਾਵਾ ਵੱਲੋਂ ਕੂੜੇ ਦੀ ਸਮੱਸਿਆ ਦੇ ਹੱਲ ਲਈ ਵਾਰਡ ਨੰਬਰ ਛੇ ਦੇ ਕੌਂਸਲਰ ਜਰਨੈਲ ਸਿੰਘ ਲੋਹਟ ਤੋਂ ਉਹਨਾਂ ਦੇ ਵਾਰਡ ਵਿੱਚ ਛੱਪੜ ਕੋਲੇ ਕੂੜਾ ਸੁੱਟੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੇ ਵਾਰਡ ਵਿੱਚ ਕੂੜਾ ਸੁੱਟਣ ਨਹੀਂ ਦੇਣਗੇ ਚਾਹੇ ਇਸ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ। ਉਹਨਾਂ ਕਿਹਾ ਕਿ ਉਹਨਾਂ ਦਾ ਵਾਰਡ ਤਾਂ ਪਹਿਲਾਂ ਹੀ ਕੂੜੇ ਦਾ ਡੰਪ ਬਣਿਆ ਹੋਇਆ ਜਿਸ ਦੇ ਕਾਰਨ ਉਹਨਾਂ ਦੇ ਵਾਰਡ ਵਾਸੀਆਂ ਦਾ ਆਪਣੇ ਘਰਾਂ ਵਿੱਚ ਰਹਿਣਾ ਤੱਕ ਦੁੱਬਰ ਹੋ ਚੁੱਕਾ ਹੈ।