ਚੋਰੀ ਦਾ ਸਿਖ਼ਰ-ਪੁਲਿਸ ਦਾ ਨਹੀਂ ਫ਼ਿਕਰ
ਪੈਟਰੋਲ ਸਟੇਸ਼ਨਾਂ ਲਈ ਧਰਤੀ ਥੱਲੇ ਦੱਬੇ ਟੈਂਕਾਂ ਚੋਂ ਹਜ਼ਾਰਾਂ ਲੀਟਰ ਤੇਲ ਕੱਢ ਕੇ ਲੈ ਗਏ ਚੋਰ
-ਪੁਲਿਸ ਦੇ ਹੱਥ ਰਹਿ ਜਾਂਦੇ ਛੋਟੇ...;ਚੋਰ ਹੋ ਜਾਂਦੇ ਨੇ ਤਿੱਤਰ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 27 ਜੂਨ 2025- ਹੁਣ ਔਕਲੈਂਡ ਅਤੇ ਹਮਿਲਟਨ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਚੋਰ ਪੈਟਰੋਲ ਸਟੇਸ਼ਨਾਂ ਦੇ ਲਈ ਧਰਤੀ ਥੱਲੇ ਦੱਬੇ ਟੈਂਕਾਂ ਦੇ ਵਿਚੋਂ ਵੀ ਤੇਲ ਚੁਰਾਉਣ ਲੱਗੇ ਹਨ। ਰਾਤ ਨੂੰ ਬਿਨਾਂ ਕਿਸੇ ਵਿਅਕਤੀ ਤੋਂ ਚੱਲਣ ਵਾਲੇ ਪੈਟਰੋਲ ਸਟੇਸ਼ਨਾਂ ਮਾਲਕਾਂ ਦੀ ਨੀਂਦ ਖਰਾਬ ਕਰ ਰਹੇ ਹਨ। ਦੋ ਸਟੇਸ਼ਨਾਂ ਦਾ ਕਹਿਣਾ ਹੈ ਕਿ ਇਹ ਚੋਰੀ ਲੋਕਾਂ ਲਈ ਖ਼ਤਰਾ ਪੈਦਾ ਕਰ ਸਕਦੀ ਹੈ ਕਿਉਂਕ ਵੱਡੀ ਮਾਤਰਾ ਵਿਚ ਤੇਲ ਹੋਣ ਕਾਰਨ ਕੋਈ ਘਟਨਾ ਘਟ ਸਕਦੀ ਹੈ। ਨੌਰਥਲੈਂਡ ਵਿੱਚ ਇੱਕ ਜੀ.ਏ.ਐਸ. (ਗੈਸ) ਸਟੇਸ਼ਨ ਅਤੇ ਹੈਮਿਲਟਨ ਵਿੱਚ ਇੱਕ ਹੋਰ ਸਟੇਸ਼ਨ ਉਤੇ ਚੋਰਾਂ ਨੇ ਉਨ੍ਹਾਂ ਦੇ ਭੂਮੀਗਤ ਸਟੋਰੇਜ ਟੈਂਕਾਂ ਵਿੱਚੋਂ ਪੈਟਰੋਲ ਚੋਰੀ ਕੀਤਾ ਹੈ, ਅਤੇ ਉਨ੍ਹਾਂ ਨੇ ਆਪਣੇ ਮਾਮਲਿਆਂ ਨੂੰ ਖੁਦ ਨਜਿੱਠਣ ਦੀ ਕਾਰਵਾਈ ਲਈ ਖਤਰਾ ਮਹਿਸੂਸ ਕੀਤਾ ਹੈ। ਕਾਈਹੂ ਜੀ.ਏ.ਐਸ. ਸਟੇਸ਼ਨ ਦਿਹਾਤੀ ਨੌਰਥਲੈਂਡ ਵਿੱਚ, ਡਾਰਗਾਵਿਲ ਤੋਂ ਲਗਭਗ 23 ਮਿੰਟ ਦੀ ਦੂਰੀ ’ਤੇ ਹੈ। ਇਹ ਸਟੇਸ਼ਨ ਮਨੀ ਕੌਰ ਆਪਣੇ ਪਤੀ ਨਾਲ ਚਲਾਉਂਦੀ ਹੈ, ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਦੋ ਵਾਰ ਚੋਰਾਂ ਨੇ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭੂਮੀਗਤ ਟੈਂਕਾਂ ਵਿੱਚੋਂ ਲਗਭਗ 2000 ਲੀਟਰ ਈਂਧਨ ਕੱਢ ਲਿਆ ਗਿਆ। ਕੌਰ ਨੇ ਦੱਸਿਆ ਕਿ ਇੱਕ ਘਟਨਾ ਦੌਰਾਨ, ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਅਜੇ ਉਨ੍ਹਾਂ ਵਿਚੋਂ ਕੋਈ ਨਹੀਂ ਆ ਰਿਹਾ, ਇਸ ਲਈ ਉਹ ਅਤੇ ਉਸਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ। ਉਸਨੇ ਕਿਹਾ ਮੈਂ ਬਸ ਚੋਰਾਂ ਦੇ ਨੇੜੇ ਜਾ ਕੇ ਕਿਹਾ ‘ਇਹ ਨਾ ਕਰੋ-ਇਹ ਨਾ ਕਰੋ’। ਚੋਰਾਂ ਦੇ ਭੱਜਣ ਤੋਂ ਪਹਿਲਾਂ ਉਸਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਤੋੜ ਦਿੱਤੀ।
ਹੈਮਿਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਾ ਮੰਨਣਾ ਹੈ ਕਿ ਪਿਛਲੇ ਅਕਤੂਬਰ ਵਿੱਚ ਵੀ ਉਸ ਨਾਲ ਇਹੀ ਘਟਨਾ ਵਾਪਰੀ ਸੀ। ਇੱਕ ਦਿਨ ਮੈਂ ਦੇਖਿਆ ਕਿ ਮੇਰੇ ਟੈਂਕਾਂ ਵਿੱਚੋਂ ਇੱਕ ਹਜ਼ਾਰ ਲੀਟਰ ਈਂਧਨ ਗਾਇਬ ਹੈ, ਅਤੇ ਮੈਂ ਸੋਚਿਆ, ‘ਇਹ ਤੇਲ ਕਿੱਥੇ ਜਾ ਸਕਦਾ ਹੈ? ਉਸਨੇ ਆਪਣੀ ਸੀਸੀਟੀਵੀ ’ਤੇ ਦੇਖਿਆ ਅਤੇ ਇੱਕ ਕਾਰ ਨੂੰ ਈਂਧਨ ਪੁਆਇੰਟਾਂ ’ਤੇ ਖੜੀ ਦੇਖਿਆ। ਉਸਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਸੀ ਕਿ ਕਿਸੇ ਕੋਲ ਉੱਥੋਂ ਤੇਲ ਕੱਢਣ ਲਈ ਉਪਕਰਨ ਹਨ।
ਅਮਿਤ ਨੇ ਕਿਹਾ ਕਿ ਉਸਦਾ ਮੰਨਣਾ ਹੈ ਕਿ ਪੁਲਿਸ ਲੋੜੀਂਦੀ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ ਅਤੇ ਉਹ ਇੰਨਾ ਨਿਰਾਸ਼ ਸੀ ਕਿ ਉਸਨੇ ਖੁਦ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਣ ਬਾਰੇ ਸੋਚਿਆ। ਹੈਮਿਲਟਨ ਪੁਲਿਸ ਨੇ ਕਿਹਾ ਕਿ ਉਹ ਅਮਿਤ ਦੇ ਮਾਮਲੇ ਵਿੱਚ ਸ਼ਾਮਲ ਮੰਨੇ ਜਾਂਦੇ ਵਾਹਨ ਦੀ ਪਛਾਣ ਕਰਨ ਦੇ ਯੋਗ ਹੈ ਪਰ ਉਹ ਡਰਾਈਵਰ ਦੀ ਪਛਾਣ ਕਰਨ ਵਿਚ ਅਸਮਰਥ ਹਨ।
ਸੋ ਲਗਦਾ ਹੈ ਕਿ ਚੋਰਾਂ ਦਾ ਸਿਖ਼ਰ ਸਮਾਂ ਚੱਲ ਰਿਹਾ ਹੈ ਅਤੇ ਪੁਲਿਸ ਦੇ ਲੰਬੇ ਹੱਥ ਹੁਣ ਕਾਫੀ ਛੋਟੇ ਨਜ਼ਰ ਆ ਰਹੇ ਹਨ।