ਮੇਰਾ ਖ਼ਜ਼ਾਨਾ –Mera Khazana -5
ਕਦੇ ਨਹੀਂ ਭੁੱਲਿਆ ਹੱਡੀਂ - ਹੰਢਾਇਆ ਐਮਰਜੈਂਸੀ ਦਾ ਉਹ ਕਾਲਾ ਦੌਰ …..ਬਲਜੀਤ ਬੱਲੀ
DIR ਅਧੀਨ ਮੇਰੇ ਨਜ਼ਰਬੰਦੀ ਦੇ ਲਈ ਵੀ ਜਾਰੀ ਹੋਏ ਸੀ ਫ਼ਰਮਾਨ
50 ਵਰ੍ਹੇ ਬੀਤ ਗਏ ਨੇ ਪਰ ਅੱਜ ਵੀ ਐਮਰਜੈਂਸੀ ਦੇ ਦੌਰ ਦੀ ਹੱਡ-ਬੀਤੀ ਅੱਖਾਂ ਸਾਹਮਣੇ ਹੈ.
ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਬਠਿੰਡੇ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ।ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ।ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ।ਬੇਹੱਦ ਤੱਤੀਆਂ ਲੋਆਂ ਦੇ ਨਾਲ ਹਨ੍ਹੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ।ਰੇਤਾ ਐਨਾ ਉੱਡਦਾ ਸੀ ਕਿ ਬਠਿੰਡੇ ਜ਼ਿਲ੍ਹੇ ਵਿਚ ਲਗਭਗ ਸਭ ਨੂੰ ਅੱਖਾਂ 'ਚ ਕੁੱਕਰੇ ਹੁੰਦੇ ਸਨ।ਸ਼ਾਮ ਨੂੰ ਮੈਂ ਆਪਣੇ ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ।ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ।ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਰਿੰਦਾ ਸੀ ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ ਦਾ ਆਗੂ ਸਾਂ। ਉਦੋਂ ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇ , ਮੋਬਾਈਲ ਫ਼ੋਨ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ।ਉਨ੍ਹਾਂ ਦਿਨਾਂ ਵਿਚ ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ ਜਾਂਦੇ ਸੀ।ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ ਦੇ ਘਰ ਅਕਸਰ ਹੀ ਚੱਕਰ ਲਾਉਂਦੇ ਰਹਿੰਦੇ ਸੀ ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ।ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ।

ਪਹਿਲੀ ਵਾਰ ਸੁਣਿਆ ਐਮਰਜੈਂਸੀ ਦਾ ਨਾਂ
ਉਸ ਦਿਨ ਮੈਂ ਵੀ ਰਾਤ ਗੋਨਿਆਨੇ ਵਿਚ ਪੰਜਾਬ ਸਿੰਘ ਦੇ ਘਰ ਠਹਿਰਿਆ। ਗੱਪ-ਸ਼ੱਪ ਕੀਤੀ ਤੇ ਸੌਂ ਗਏ । ਸਵੇਰੇ ਉਠਦੇ ਨਾਸ਼ਤਾ ਕਰਕੇ ਮੈਂ ਬੱਸ ਫੜੀ ਤੇ ਬਠਿੰਡੇ ਆ ਗਿਆ । ਉਂਜ ਉਨ੍ਹਾਂ ਦਿਨਾਂ ਵਿਚ ਅਸੀਂ 15 -20 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਆਮ ਹੀ ਕਰ ਲੈਂਦੇ ਸੀ .ਰਾਮਪੁਰਾ ਫੂਲ ਵਿਚਲੇ ਸਾਡੇ ਘਰ ਤੋਂ ਬਠਿੰਡੇ ਵਾਲਾ ਮੇਰਾ ਕਾਲਜ 35 ਕਿਲੋਮੀਟਰ ਦੂਰ ਸੀ ਪਰ ਅਸੀਂ ਅਕਸਰ ਹੀ ਸਵੇਰੇ ਉੱਠ ਕੇ ਸਾਈਕਲ ਤੇ ਬਠਿੰਡੇ ਜਾਇਆ ਕਰਦੇ ਸੀ . ਮੈਨੂੰ ਯਾਦ ਹੈ ਸਵੇਰੇ 6 ਕੁ ਵਜੇ ਸਾਈਕਲ ਚੁੱਕਣਾ . ਲਹਿਰੇ ਖਾਨੇ ਜਾ ਕੇ ਆਪਣੇ ਕੁੱਝ ਕਾਲਜੀਏਟ ਦੋਸਤਾਂ ਕੋਲ ਰੁਕਣਾ . ਉਨ੍ਹਾਂ ਦੇ ਘਰੋਂ ਨਾਸ਼ਤਾ ਕਰਨਾ ਅਤੇ ਫੇਰ ਕੱਠੇ ਹੋ ਕੇ ਸਾਈਕਲਾਂ ਤੇ ਚੱਲ ਪੈਣਾ ਅਤੇ 9 ਵਜੇ ਤੱਕ ਕਾਲਜ ਪਹੁੰਚ ਜਾਣਾ .

ਐਮਰਜੈਂਸੀ ਦੇ ਦੌਰ ਦੀ ਮੇਰੀ ਇੱਕ ਫੋਟੋ
ਪਰ ਜੂਨ ਮਹੀਨੇ ਵਿਚ ਗਰਮੀ ਵੀ ਬਹੁਤ ਸੀ ਅਤੇ ਇੱਧਰ -ਉੱਧਰ ਬਠਿੰਡੇ ਘੁੰਮਣ ਦੀ ਕੋਲ ਲੋੜ ਨਹੀਂ ਸੀ ਇਸ ਲਈ ਗੋਨਿਆਨੇ ਜਾਂ ਆਉਣ ਲਈ ਮੈਂ ਬੱਸ ਹੀ ਫੜੀ ਸੀ .
ਜ਼ਿਲ੍ਹਾ ਕਚਹਿਰੀ ਸਾਹਮਣੇ ਬਨਵਾਰੀ ਹਲਵਾਈ ਦੀ ਇੱਕ ਦੁਕਾਨ ਸੀ . ਇਹ ਸਵੀਟ ਸ਼ੌਪ ਸਾਡੇ ਪੀ ਐਸ ਯੂ ਦੇ ਕਰਿੰਦਿਆਂ ਅਤੇ ਕਈ ਖੱਬੇ ਪੱਖੀ ਕਾਮਰੇਡਾਂ ਦੇ ਮੇਲ- ਮਿਲਾਪ ਅਤੇ ਚਾਹ -ਪਾਣੀ ਤੇ ਚੁੰਝ -ਚਰਚਾ ਦਾ ਮਸ਼ਹੂਰ ਅੱਡਾ ਸੀ . ਰਾਜਿੰਦਰਾ ਕਾਲਜ ਦੇ ਵੀ ਇਹ ਨੇੜੇ ਸੀ . ਇਸ ਲਈ ਬਠਿੰਡੇ ਤੋਂ ਆਉਣ ਜਾਂ ਸਮੇਂ ਸਭ ਤੋਂ ਪਹਿਲਾਂ ਹਾਜ਼ਰੀ ਓਥੇ ਲਾਈਦੀ ਸੀ .
ਉਸ ਦਿਨ ਗੋਨਿਆਨੇ ਤੋਂ ਆਈ ਬੱਸ ਤੋਂ ਬਠਿੰਡੇ ਬੱਸ ਅੱਡੇ ' ਤੇ ਉੱਤਰਕੇ ਵੱਲ ਅਜੇ ਮੈਂ ਬਨਵਾਰੀ ਦੀ ਦੁਕਾਨ ਵੱਲ ਜਾ ਹੀ ਰਿਹਾ ਸੀ ਕਿ ਮੇਰਾ ਇੱਕ ਕਾਲਜਮੇਟ ਅਤੇ ਪੀ ਐਸ ਯੂ ਦਾ ਕਰਿੰਦਾ ਮਿਲ ਪਿਆ। ਉਹ ਇੱਕ ਦਮ ਮੈਨੂੰ ਖਿੱਚ ਕੇ ਦੁਕਾਨ ਦੇ ਅੰਦਰ ਲੈ ਗਿਆ ਅਤੇ ਤ੍ਰਭਕ ਕੇ ਬੋਲਿਆ ,'' ਉਹ ਬੱਲੀ, ਤੂੰ ਕਿਵੇਂ ਮੌਜ ਨਾਲ ਫਿਰਦੈਂ, ਤੈਨੂੰ ਪਤਾ ਨਹੀਂ ਤੈਨੂੰ ਪੁਲਿਸ ਲੱਭ ਰਹੀ ਐ ?ਰਾਤ ਨੂੰ ਪੁਲਿਸ ਨੇ ਛਾਪੇ ਮਾਰੇ ਸੀ। ਥੋਡੇ ਘਰੇ ਰਾਮਪੁਰੇ ਵੀ ਅੱਧੀ ਰਾਤ ਨੂੰ ਪੁਲਿਸ ਗਈ ਸੀ ਤੈਨੂੰ ਫੜਨ।ਹੋਰ ਕਈ ਥਾਈਂ ਛਪੇ ਪਏ ਨੇ, ਹੁਣ ਪਤਾ ਨਹੀਂ ਕੌਣ ਕਾਬੂ ਆਇਆ ਤੇ ਕੌਣ ਬਚਿਐ ?'' ਉਹ ਇੱਕੇ ਸਾਹ ਹੀ ਸਾਰਾ ਕੁਝ ਕਹਿ ਗਿਆ। ਮੈਂ ਬਹੁਤ ਹੈਰਾਨ ਹੋਇਆ।ਮੈਂ ਕਿਹਾ ,'' ਪੁਲਿਸ ਕਾਹਤੋਂ ਛਪੇ ਮਾਰ ਰਹੀ ਐ , ਅਸੀਂ ਤਾਂ ਕੁਛ ਕੀਤਾ ਹੀ ਨਹੀਂ , ਨਾ ਹੀ ਕੋਈ ਐਜੀਟੇਸ਼ਨ ਚੱਲ ਰਹੀ ਹੈ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਐ ?''
ਉਸ ਨੇ ਦੱਸਿਆ ਕਿ ਕੋਈ ਐਮਰਜੈਂਸੀ ਲੱਗੀ ਐ। ਕਹਿੰਦੇ ਐ ਇੰਦਰਾ ਨੇ ਲਾਈ ਐ।
ਕਿਸੇ ਤੇ MISA ਤੇ ਕਿਸੇ ਤੇ ਲਾਇਆ DIP-ਜੇਲ੍ਹਾਂ ਚ ਸੁੱਟੇ ਲੱਖਾਂ ਲੋਕ
ਮੇਰੀ ਤਾਂ ਸਮਝੋ ਬਾਹਰ ਸੀ ।ਐਮਰਜੈਂਸੀ ਦਾ ਨਾਂ ਵੀ ਅਸੀਂ ਪਹਿਲੀ ਵਾਰ ਸੁਣਿਆ ਸੀ।ਇਸ ਤੋਂ ਪਹਿਲਾਂ 1965 ਅਤੇ 1971 ਦੀਆਂ ਜੰਗਾਂ ਵੇਲੇ ਬਲੈਕ ਆਊਟ ਤਾਂ ਹੰਢਾਏ ਸੀ ਪਰ ਅਜਿਹੀ ਐਮਰਜੈਂਸੀ ਬਾਰੇ ਕਦੇ ਨਹੀਂ ਸੀ ਸੁਣਿਆ।ਉਸ ਨੇ ਦੱਸਿਆ ਕਿ ਸਿਰਫ਼ ਪੀ ਐਸ ਯੂ ਵਾਲਿਆਂ ਦੇ ਹੀ ਨਹੀਂ ਹੋਰ ਕਈ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੇਤਾ ਵੀ ਪੁਲਿਸ ਨੇ ਫੜੇ ਨੇ । ਫੇਰ ਪੁਲਿਸ ਤੋਂ ਬਚਦੇ- ਬਚਾਉਂਦੇ ਅਸੀਂ ਅਖ਼ਬਾਰ ਲੱਭਿਆ।ਮੈਨੂੰ ਇੰਡੀਅਨ ਐਕਸਪ੍ਰੈਸ ਦਾ 26 ਜੂਨ ਦਾ ਉਹ ਪਹਿਲਾ ਸਫ਼ਾ ਯਾਦ ਹੈ ਜੋ ਲਗਭਗ ਸਾਰਾ ਖ਼ਾਲੀ ਸੀ । ਉਸ ਤੇ ਇੱਕ ਵੱਡੀ ਸਾਰੀ ਕੈਂਚੀ ਛਾਪ ਕੇ ਸਿਰਫ਼ -ਸੈਂਸਰਡ ਸ਼ਬਦ ਲਿਖਿਆ ਹੋਇਆ ਸੀ ।ਫਿਰ ਹੌਲੀ ਹੌਲੀ ਇੱਧਰੋਂ ਉਧਰੋਂ ਸੁਣ ਕੇ ਸਮਝ ਆਈ ਕਿ ਓਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਹੇਠ ਸ਼ੁਰੂ ਹੋਏ ਜਨਤਕ ਅੰਦੋਲਨ ਨੂੰ ਦਬਾਉਣ ਲਈ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਦੇ ਬਹਾਨੇ ਐਮਰਜੈਂਸੀ ਲਾਈ ਸੀ ਅਤੇ ਸਾਰੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਪਾ ਦਿੱਤਾ ਸੀ। ਉਨ੍ਹਾਂ 'ਤੇ ਅੰਗਰੇਜ਼ ਸਰਕਾਰ ਦੇ ਜ਼ਮਾਨੇ ਦਾ ਬਣਾਇਆ ਕਾਲਾ ਕਾਨੂੰਨ -ਡਿਫੈਂਸ ਆਫ ਇੰਡੀਆ ਰੂਲਜ਼ (ਡੀ.ਆਈ.ਆਰ. )- ਲਾਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ।ਇਸ ਐਕਟ ਹੇਠ ਕਿਸੇ ਨੂੰ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਬਹਾਨੇ ਵੀ ਦੋ ਸਾਲ ਲਈ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਸਕਦਾ ਸੀ। ਮੇਰੇ ਅਤੇ ਅਤੇ ਪੀ ਐਸ ਯੂ ਦੇ ਕੁੱਝ ਹੋਰ ਸਾਥੀਆਂ 'ਤੇ ਉਹੀ ਕਾਲਾ ਕਾਨੂੰਨ -ਡੀ. ਆਈ. ਆਰ. ਲਾਇਆ ਗਿਆ ਸੀ। ਮੇਰੇ ਤੋਂ ਇਲਾਵਾ ਮੇਰੇ ਦੋ ਭਰਾਵਾਂ ਅਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਤੇ ਵੀ ਡੀ. ਆਈ. ਆਰ. ਲਾਇਆ ਗਿਆ ਸੀ ਅਤੇ ਉਹ ਤਿੰਨੇ ਕਾਫ਼ੀ ਸਮਾਂ ਜੇਲ੍ਹ ਵਿਚ ਹੀ ਰਹੇ ਸਨ। ਪੁਲਿਸ ਦੀ ਪਕੜ- ਧੱਕੜ ਅਤੇ ਛਾਪਿਆਂ ਕਾਰਨ ਉਸ ਵੇਲੇ ਚਾਰੇ ਪਾਸੇ ਬਹੁਤ ਖੌਫ਼ਜ਼ਦਾ ਮਾਹੌਲ ਸੀ।
ਐਮਰਜੈਂਸੀ ਦਾ ਕਿਸ ਕਿਸ ਨੇ ਕੀਤਾ ਵਿਰੋਧ- ਅਕਾਲੀ ਦਲ ਦਾ ਦਾਅਵਾ ਸਹੀ ਨਹੀਂ
ਅਸੀਂ ਜਾਂ ਸਾਡੀ ਯੂਨੀਅਨ ਸਿੱਧੇ ਰੂਪ ਵਿਚ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਵਿਚ ਸ਼ਾਮਲ ਨਹੀਂ ਸੀ ਅਤੇ ਅਸੀਂ ਤਾਂ ਗਰਮ- ਖ਼ਿਆਲੀ ਖੱਬੇ ਪੱਖੀ ਸਮਝੇ ਜਾਂਦੇ ਸੀ ਫਿਰ ਵੀ ਅਸੀਂ ਵੀ ਐਮਰਜੈਂਸੀ ਦੇ ਰਗੜੇ ਵਿੱਚ ਆ ਗਏ ਸੀ। ਫ਼ਾਰਮੂਲਾ ਇੱਕੋ ਸੀ ਕਿ ਸਰਕਾਰ ਦੇ ਹਰ ਤਰ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਅੰਦਰ ਕਰੋ .ਉਹਨਾਂ ਦੀ ਜ਼ੁਬਾਨ ਬੰਦ ਕਰੋ .

ਮੇਰੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਸਿੱਧ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਅਤੇ ਸਾਡੇ ਕਈ ਹੋਰ ਸਾਥੀਆਂ ਤੇ ਵੀ ਪੂਰਾ ਪੁਲਿਸ ਕਹਿਰ ਵਰਤਿਆ ਸੀ .ਸਾਡੇ ਉਸ ਵੇਲੇ ਦੇ ਪਟਿਆਲੇ -ਸੰਗਰੂਰ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਕਈ ਅਹਿਮ ਕਰਿੰਦੇ ਵੀ ਫੜ ਕੇ ਸਲਾਖ਼ਾਂ ਪਿੱਛੇ ਬੰਦ ਕਰ ਗਏ ਸਨ .
ਗ੍ਰਿਫ਼ਤਾਰੀ ਤੋਂ ਬੱਚੇ ਅਸੀਂ ਪੀ ਆਈ ਯੂ ਦੇ ਆਗੂਆਂ ਅਤੇ ਵਰਕਰਾਂ ਰੂਪੋਸ਼ ਹਾਲਤ ਵਿਚ ਆਪਸ ਵਿਚ ਸੰਪਰਕ ਕੀਤਾ . ਗੁਪਤਵਾਸ ਵਿਚ ਹੀ ਮੀਟਿੰਗਾਂ ਕੀਤੀਆਂ . ਸੋਚ ਵਿਚਾਰ ਕੇ ਐਮਰਜੈਂਸੀ ਵਰਗੇ ਤਾਨਾਸ਼ਾਹ ਕਦਮ ਦਾ ਵਿਰੋਧ ਕਰਨ ਦਾ ਫ਼ੈਸਲਾ ਪੀ ਐਸ ਯੂ ਨੇ ਵੀ ਕੀਤਾ। ਅਸੀਂ ਪਹਿਲੇ ਦਿਨ ਤੋਂ ਆਪਣੇ ਹਿਸਾਬ ਨਾਲ ਵੱਖਰੇ ਤੌਰ ਤੇ ਐਮਰਜੈਂਸੀ ਵਿਰੋਧੀ ਲਹਿਰ ਚਲਾਉਂਦੇ ਰਹੇ।

ਅਸੀਂ ਐਮਰਜੈਂਸੀ ਦਾ ਵਿਰੋਧ ਕਰਨ ਅਤੇ ਲੋਕਾਂ ਨੂੰ ਇਸਦੇ ਖ਼ਿਲਾਫ਼ ਲੜਨ ਦਾ ਸੱਦਾ ਦੇਣ ਲਈ ਆਮ ਤੌਰ ਤੇ ਹੱਥ ਲਿਖਤ ਪੋਸਟਰ ਕਾਲਜਾਂ ਅਤੇ ਜਨਤਕ ਥਾਵਾਂ ਤੇ ਰਾਤਾਂ ਨੂੰ ਲਾਉਂਦੇ ਸੀ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗੇ।ਕਾਲਜਾਂ ਵਿਚ ਮੀਟਿੰਗਾਂ ਅਤੇ ਕਦੇ - ਕਦੇ ਖੁੱਲ੍ਹੀਆਂ ਰੋਸ ਰੈਲੀਆਂ ਵੀ ਕਰ ਲੈਂਦੇ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਖਿਸਕ ਜਾਂਦੇ ਸੀ। ਪੀ ਐਸ ਯੂ ਦੀ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪ੍ਰਿਥੀਪਾਲ ਸਿੰਘ ਰੰਧਾਵਾ ਤਾਂ ਗ੍ਰਿਫ਼ਤਾਰ ਹੋ ਗਏ ਪਰ ਮੈਂ ਅਤੇ ਯੂਨੀਅਨ ਦੇ ਕੁਝ ਇੱਕ ਹੋਰ ਨੇਤਾ ਰੂਪੋਸ਼ ( ਅੰਡਰਗਰਾਊਂਡ ) ਹੀ ਰਹੇ। ਮੇਰੇ ਵੱਡੇ ਭਰਾ ਯਸ਼ ਪਾਲ , ਛੋਟੇ ਭਰਾ ਤੇਜਿੰਦਰ ਪਾਲ , ਜੀਜਾ ਗੁਰਨਾਮ ਸਿੰਘ ਅਤੇ ਨਜ਼ਦੀਕੀ ਰਿਸ਼ਤੇਦਾਰ ਚਮਨ ਲਾਲ ਪ੍ਰਭਾਕਰ ( ਹੁਣ ਪ੍ਰੋ ਚਮਨ ਲਾਲ ) ਵੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤੇ ਗਏ ਸਨ . ਸ਼੍ਰੋਮਣੀ ਅਕਾਲ ਦਲ ਅਤੇ ਇਸਦੇ ਨੇਤਾਵਾਂ ਦਾ ਇਹ ਦਾਅਵਾ ਸਹੀ ਨਹੀਂ ਕੀ ਐਮਰਜੈਂਸੀ ਦੇ ਖ਼ਿਲਾਫ਼ ਸਿਰਫ਼ ਉਨ੍ਹਾਂ ਹੀ ਮੋਰਚਾ ਲਾਇਆ ਸੀ। ਸਿਰਫ਼ CPI ਨੂੰ ਛੱਡ ਕੇ ਸਾਡੀ PSU ਸਮੇਤ ਬਹੁਤੀਆਂ ਖੱਬੇ-ਪੱਖੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਨੇ ਆਪਣੇ ਵਿੱਤ ਮੁਤਾਬਿਕ ਐਮਰਜੈਂਸੀ ਦਾ ਵਿਰੋਧ ਜਾਰੀ ਰੱਖਿਆ। ਇਹ ਵੀ ਜ਼ਿਕਰ ਕਰਨ ਬੰਦ ਕਿ ਪ੍ਰੈਸ ਭਾਵ ਅਖ਼ਬਾਰਾਂ ਦੇ ਵੀ ਇੱਕ ਤਕੜੇ ਹਿੱਸੇ ਨੇ ਵੀ ਐਮਰਜੈਂਸੀ ਤੇ ਇਸਦੇ ਸੀਤੇ ਵਜੋਂ ਲਾਈ ਗਈ ਸੈਂਸਰਸ਼ਿਪ ਦਾ ਵਿਰੋਧ ਜਾਰੀ ਰੱਖਿਆ ਸੀ.
ਮੇਰੇ ਪਰਿਵਾਰ ਨੂੰ ਵੀ ਸਹਿਣਾ ਪਿਆ ਐਮਰਜੈਂਸੀ ਦਾ ਕਹਿਰ
ਪਹਿਲਾਂ-ਪਹਿਲਾਂ ਤਾਂ ਪੁਲਿਸ ਨੇ ਬਹੁਤ ਸਖ਼ਤੀ ਕੀਤੀ ਸੀ ਮੇਰੇ ਪਰਿਵਾਰ ਨੂੰ ਵੀ ਪੁਲੀਸ ਨੇ ਬਹੁਤ ਤੰਗ ਕੀਤਾ ਸੀ ਅਤੇ ਸਾਰੇ ਪਰਿਵਾਰ ਨੂੰ ਕਾਫ਼ੀ ਲੰਮਾ ਸਮਾਂ ਘਰੋਂ ਬਾਹਰ ਲੁਕ ਕੇ ਰਹਿਣਾ ਪਿਆ ਸੀ । ਇੱਥੋਂ ਤਕ ਕਿ ਮੇਰੀ ਗਰਭਵਤੀ ਭੈਣ ਪੁਸ਼ਪਾ ਨੂੰ ਵੀ ਪੁਲੀਸ ਨੇ ਤੰਗ ਕਰਨ ਸ਼ੁਰੂ ਕਰ ਦਿੱਤਾ ਸੀ । ਨਤੀਜੇ ਵਜੋਂ ਅਸੀਂ ਆਪਣੇ ਮਾਂ –ਪਿਓ ਅਤੇ ਭੈਣ ਨੂੰ ਕਿਸੇ ਹੋਰ ਸ਼ਹਿਰ ਵਿੱਚ ਕਿਸੇ ਦੇ ਘਰ ਲੁਕੋ ਕੇ ਰੱਖਿਆ । ਭੈਣ ਦੇ ਵੱਡੇ ਪੁੱਤਰ ਦਾ ਜਨਮ ਅਜਿਹੇ ਹਾਲਾਤ ਵਿੱਚ ਹੀ ਹੋਇਆ । ਮੇਰਾ ਉਹ ਭਾਣਜਾ ਮਨਿੰਦਰਪਾਲ ਸਿੱਧੂ ਇਸ ਵੇਲੇ ਕੈਨੇਡਾ ਸਰਕਾਰ ਦੀ ਫੈਡਰਲ ਸਰਕਾਰ ਦਾ ਅਫ਼ਸਰ ਹੈ । ਪਰ ਸਾਲ- ਛੇ ਮਹੀਨੇ ਬਾਅਦ ਕੁਝ ਢਿੱਲ ਮਿਲ ਗਈ ਸੀ ਪਰ ਮੈਂ ਤਾਂ ਐਮਰਜੈਂਸੀ ਖ਼ਤਮ ਹੋ ਤਕ ਰੂਪੋਸ਼ ਹੀ ਰਿਹਾ ਸੀ। ਜੇਲ੍ਹਾਂ ਚ ਨਜ਼ਰਬੰਦ ਕੀਤੇ ਗਏ ਨੇਤਾਵਾਂ ਅਤੇ ਹੋਰ ਲੋਕਾਂ ਚੋਂ ਕੁਝ ਕੁ ਨੂੰ ਕੁਝ ਮਹੀਨਿਆਂ ਬਾਅਦ ਹੀ ਛੱਡ ਦਿੱਤਾ ਗਿਆ ਸੀ ਪਰ ਕਈਆਂ ਨੂੰ 2-2 ਸਾਲ ਵੀ ਅੰਦਰ ਰਹਿਣਾ ਪਿਆ ਸੀ .
ਮੇਰੇ ਤੇ ਲੱਗਿਆ ਡੀ ਆਈ ਆਰ 23 ਮਾਰਚ 1977 ਨੂੰ ਉਦੋਂ ਹੀ ਖ਼ਤਮ ਹੋਇਆ ਜਦੋਂ ਐਮਰਜੈਂਸੀ ਚੁੱਕੀ ਗਈ ਸੀ। ਉਹ ਸਮਾਂ ਕਾਲਜ ਦਿਨਾਂ ਦੀ ਇੱਕ ਅਭੁੱਲ ਯਾਦ ਬਣਿਆ ਹੋਇਐ ਅਤੇ ਹਰ ਵਰ੍ਹੇ ਜੂਨ ਮਹੀਨੇ ਵਿਚ ਇਹ ਯਾਦ ਤਾਜ਼ਾ ਹੋ ਜਾਂਦੀ ਹੈ।
( ਜੂਨ,2011 ਵਿਚ ਲਿਖਿਆ ਅਤੇ 25 ਜੂਨ 2025 ਨੂੰ ਸੋਧਿਆ )

-
ਬਲਜੀਤ ਬੱਲੀ, ਐਡੀਟਰ , ਬਾਬੂਸ਼ਾਹੀ ਨੈਟਵਰਕ, ਤਿਰਛੀ ਨਜ਼ਰ ਮੀਡੀਆ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.