ਐਮਰਜੈਂਸੀ ਦੇ ਮੋਰਚਿਆਂ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ: ਪ੍ਰੋ. ਚੰਦੂਮਾਜਰਾ
- ਐਮਰਜੈਂਸੀ ਦੀ 50 ਵੀਂ ਵਰ੍ਹੇਗੰਢ ਤੇ ਵਿਸ਼ੇਸ਼ ਸੈਮੀਨਰ
ਚੰਡੀਗੜ 27 ਜੂਨ 2025 - ਅੱਜ ‘ਪੰਜਾਬ ਪ੍ਰੋਗਰੈਸਿਵ ਡੈਮੋਕ੍ਰੇਟਿਕ ਫਰੰਟ’ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਚੰਡੀਗੜ੍ਹ ਵਿਖੇ “ਐਮਰਜੈਂਸੀ: ਸਬਕ ਅਤੇ ਯਾਦਾਂ” ਦੀ 50 ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤੀ। ਇਸ ਮੌਕੇ ਸੈਮੀਨਾਰ ‘ਚ ਪਹੁੰਚੇ ਮੁੱਖ ਬੁਲਾਰੇ ਉੱਘੇ ਚਿੰਤਕ ਅਤੇ ਇਤਿਹਾਸਕਾਰ ਪ੍ਰੋ ਚਮਨ ਲਾਲ, ਸੀਨੀਅਰ ਪੱਤਰਕਾਰ ਬਲਜੀਤ ਬੱਲੀ ਅਤੇ ਗੁਰਦਰਸ਼ਨ ਸਿੰਘ ਬਾਹੀਆ ਨੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਮੌਕੇ ਜੂਨ 1975 ਦੇ ਐਮਰਜੈਂਸੀ ਕਾਲ ਦੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਦੱਸਿਆ ਕਿ ਕਿਵੇਂ 25 ਜੂਨ 1975 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਜਮਹੂਰੀਅਤ ਦੀਆਂ ਸਾਰੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਦਿਆਂ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਐਮਰਜੈਂਸੀ ਦੇ ਵਿਰੋਧ ਵਿੱਚ ਆਏ ਹਜ਼ਾਰਾਂ ਲੋਕਾਂ ਅਤੇ ਵੱਡੇ-ਵੱਡੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਜਿਸ ਵਿੱਚ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਭ ਤੋਂ ਸਖ਼ਤ ਕਾਨੂੰਨ ‘ਮੀਸਾ’ ਤਹਿਤ ਸਭ ਤੋਂ ਛੋਟੀ ਉਮਰ ਅਤੇ ਸਭ ਤੋਂ ਲੰਬਾ ਸਮਾਂ ਜੇਲ੍ਹ ਵਿੱਚ ਰੱਖਿਆ ਗਿਆ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਐਮਰਜੈਂਸੀ ਦੇ ਕਾਲੇ ਦੌਰ ਨੇ ਦੇਸ਼ ਅੰਦਰ ਨਵੀਂ ਲੀਡਰਸ਼ਿਪ ਨੂੰ ਪੈਦਾ ਕੀਤਾ। ਉਨ੍ਹਾਂ ਆਖਿਆ ਕਿ ਸੱਤਾ ਦਾ ਕੇਂਦਰੀਕਰਨ ਜਿੱਥੇ ਤਾਨਾਸ਼ਾਹੀ ਬਿਰਤੀ ਪੈਦਾ ਕਰਦਾ ਹੈ, ਉੱਥੇ ਸੀਨੀਅਰ, ਤਜਰਬੇਕਾਰ ਅਤੇ ਯੋਗ ਵਿਅਕਤੀਆਂ ਨੂੰ ਫ਼ੈਸਲੇ ਲੈਣ ਤੋਂ ਵੀ ਦੂਰ ਕਰਦਾ ਹੈ। ਉਨ੍ਹਾਂ ਆਖਿਆ ਕਿ ਇਸਦਾ ਵਕਤੀ ਤੌਰ ਤੇ ਭਾਂਵੇ ਰਾਜ ਕਰਨ ਵਾਲੀ ਧਿਰ ਲਾਹਾ ਲੈਂਦੀ ਹੈ, ਪ੍ਰੰਤੂ ਲੰਬੇ ਸਮੇਂ ਤੋਂ ਬਾਅਦ ਵੱਡਾ ਨੁਕਸਾਨ ਉਠਾਉਣਾ ਪੈਂਦਾ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਦੇਸ਼ ਦੇ ਲੋਕਾਂ ਨਾਲ ਐਮਰਜੈਂਸੀ ਸਮੇਂ ਕੀਤੀਆਂ ਜ਼ਿਆਦਤੀਆਂ ਦੇ ਰੋਹ ਕਾਰਨ ਕਾਂਗਰਸ ਨੂੰ ਵੱਡੀ ਗਿਣਤੀ ‘ਚ ਸੀਨੀਅਰ ਕਾਂਗਰਸੀ ਲੀਡਰਾਂ ਨੇ ਅਲਵਿਦਾ ਆਖ ਦਿੱਤਾ, ਨਤੀਜੇ ਵਜੋਂ ਕਾਂਗਰਸ ਪਾਰਟੀ ਲੀਡਰਲਿਸ਼ ਹੋ ਗਈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਲੋਕਾਂ ਦੀ ਆਵਾਜ਼ ਨੂੰ ਜ਼ਬਰਦਸਤੀ ਤੌਰ ਤੇ ਲੰਬਾ ਸਮਾਂ ਦਬਾਇਆ ਨਹੀਂ ਜਾ ਸਕਦਾ।
ਇਸ ਮੌਕੇ ਉੱਘੇ ਚਿੰਤਕ ਪ੍ਰੋ ਚਮਨ ਲਾਲ ਨੇ ਇਤਿਹਾਸ ਦੇ ਨਜ਼ਰੀਏ ਤੋਂ ਐਮਰਜੈਂਸੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਲਗਾਈ ਅੰਦਰੂਨੀ ਐਮਰਜੈਂਸੀ ਨੇ ਪੂਰੇ ਦੇਸ਼ਵਾਸੀਆਂ ਨੂੰ ਅਧਿਕਾਰਾਂ ਤੋਂ ਵਾਂਝੇ ਕਰ ਦਿੱਤਾ। ਉਨ੍ਹਾਂ ਮੌਜੂਦਾ ਸਮੇਂ ਮੌਕੇ ਦੇਸ਼ ਵਿੱਚ ਬਣ ਰਹੇ ਐਮਰਜੈਂਸੀ ਜਿਹੇ ਹਾਲਾਤਾਂ ਤੇ ਵੀ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਐਮਰਜੈਂਸੀ ਦੇ ਦੌਰ ਅੰਦਰ ਮੀਡੀਆ ਦੇ ਰੋਲ ਦੀ ਵਿਸ਼ੇਸ਼ ਚਰਚਾ ਕੀਤੀ। ਉਨ੍ਹਾਂ ਆਖਿਆ ਐਮਰਜੈਂਸੀ ਮੌਕੇ ਮੀਡੀਆ ਨੂੰ ਸ਼ੈਸਰਸਿਪ ਦਾ ਸਾਹਮਣਾ ਕਰਨ ਪਿਆ, ਪ੍ਰੰਤੂ ਇਸਦੇ ਬਾਵਜੂਦ ਦੇਸ਼ ਦੀਆਂ ਨਿਰਪੱਖ ਅਖਬਾਰਾਂ ਅਤੇ ਪੱਤਰਕਾਰਾਂ ਨੇ ਕਾਰਟੂਨਾਂ ਦੇ ਜ਼ਰੀਏ ਇਸ ਸੰਕਟਕਾਲੀਨ ਦੌਰ ਦਾ ਵਿਰੋਧ ਕੀਤਾ। ਬਲਜੀਤ ਬੱਲੀ ਨੇ ਦੇਸ਼ ਵਿੱਚ ਯੂਨੀਵਰਸਿਟੀ ਅਤੇ ਕਾਲਜਾਂ ਦੇ ਨੌਜਵਾਨਾਂ ਵੱਲੋਂ ਨਿਭਾਏ ਰੋਲ ਦਾ ਵੀ ਜ਼ਿਕਰ ਕੀਤਾ। ਪੱਤਰਕਾਰ ਬੱਲੀ ਨੇ ਦੱਸਿਆ ਕਿ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਐਮਰਜੈਂਸੀ ਲੱਗਣ ਦੌਰਾਨ ਸਭ ਤੋਂ ਲੰਬਾ ਸਮਾਂ 21 ਮਹੀਨੇ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ।
ਇਸ ਮੌਕੇ ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਬਾਹੀਆ ਨੇ ਐਮਰਜੈਂਸੀ ਕਾਲ ਦੌਰਾਨ ਅਕਾਲੀ ਮੋਰਚਿਆਂ ਦੇ ਇਤਿਹਾਸ ਨੂੰ ਯਾਦ ਕਰਦਿਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਨਿਭਾਏ ਰੋਲ ਦੇ ਅਹਿਮ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਦੇ ਕਾਲੇ ਦੌਰ ਅੰਦਰ ਵਕਤੀ ਸਰਕਾਰ ਦੁਆਰਾ 1 ਲੱਖ 40 ਹਜ਼ਾਰ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ, ਜਿਸ ਵਿੱਚੋਂ ਤਕਰੀਬਨ ਚਾਲੀ ਹਜਾਰ ਦੇ ਕਰੀਬ ਇਕਲੌਤੇ ਪੰਜਾਬੀਆਂ ਨੇ ਐਮਰਜੈਂਸੀ ਦੀਆਂ ਜੇਲ੍ਹਾਂ ਦਾ ਸੰਤਾਪ ਹੰਢਾਇਆ।
ਇਸ ਮੌਕੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਆਈ.ਏ.ਐੱਸ. ਗੁਰਦੇਵ ਸਿੰਘ ਬਰਾੜ, ਸਿੱਖ ਐਜੂਕੇਸ਼ਨ ਸੁਸਾਇਟੀ ਦੇ ਸੈਕਟਰੀ ਰਿਟਾ. ਕਰਨਲ ਜਸਮੇਰ ਸਿੰਘ ਬਾਲਾ, ਜੁਆਇਟ ਸੈਕਟਰੀ ਐਡਵੋਕੇਟ ਕਰਨਵੀਰ ਸਿੰਘ ਚੀਮਾ, ਪ੍ਰਿੰਸੀਪਲ ਜਸਵਿੰਦਰ ਸਿੰਘ, ਐੱਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਪ੍ਰੀਤਮ ਸਿੰਘ ਰੁਪਾਲ, ਭੁਪਿੰਦਰ ਸਿੰਘ ਸੇਖੂਪੁਰਾ, ਗੁਰਚਰਨ ਸਿੰਘ ਸਿੱਧੂ, ਅਰਵਿੰਦਰ ਸਿੰਘ ਕੰਗ ਪ੍ਰਧਾਨ ਗੁਰਦੁਆਰਾ ਕੇਂਦਰੀ ਸਿੰਘ ਸਭਾ ਰਾਜਪੁਰਾ, ਮਨਜੀਤ ਸਿੰਘ ਮੁੱਧੋ, ਜਥੇ ਗੁਰਜੰਟ ਨੂਰਖੇੜੀਆਂ. ਕੋਚ ਜਿਉਣਾ ਖਾਨ, ਸਰਬਜੀਤ ਸਿੰਘ ਕਾਦੀਮਾਜਰਾ, ਗੁਰਚਰਨ ਸਿੰਘ ਕੋਹਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰੋਫੈਸਰ, ਬੁੱਧੀਜੀਵੀ ਅਤੇ ਵਿਦਿਆਰਥੀ ਹਾਜ਼ਰ ਰਹੇ।