ਬਰਸਾਤ ਦਾ ਮੌਸਮ ਸਿਰ 'ਤੇ ਨਾਲੇ ਗੰਦਗੀ ਨਾਲ ਨੱਕੋ ਨੱਕ ਭਰੇ, ਸ਼ਹਿਰ 'ਚ ਪਾਣੀ ਵੜਨ ਦਾ ਖ਼ਦਸਾ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਜੂਨ 2025: ਮਾਨਸੂਨ ਨੇੜੇ ਆ ਗਿਆ ਹੈ ਪਰ ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਵਾਰਡਾਂ ਦੇ ਨਾਲਿਆਂ ਦੀ ਸਫਾਈ ਨਾ ਕਰਨ ਦੀ ਲਾਪਰਵਾਹੀ ਸਾਫ਼ ਦਿਖਾਈ ਦੇ ਰਹੀ ਹੈ। ਸ਼ਹਿਰ ਦੇ ਕਈ ਪ੍ਰਮੁੱਖ ਖੇਤਰਾਂ ਵਿੱਚ ਨਾਲੇ ਗੰਦਗੀ ਅਤੇ ਮਲਬੇ ਨਾਲ ਭਰੇ ਹੋਏ ਹਨ, ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਸੰਭਵ ਨਹੀਂ ਹੈ। ਕੌਂਸਲ ਵੱਲੋਂ ਸਫਾਈ ਮੁਹਿੰਮ ਅਜੇ ਵੀ ਧੀਮੀ ਰਫ਼ਤਾਰ ਨਾਲ ਚੱਲ ਰਹੀ ਹੈ।
ਭਾਜਪਾ ਲਾਲੜੂ ਦੇ ਸਾਬਕਾ ਮੰਡਲ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ ਸਮੇਤ ਵਾਰਡ ਨੰਬਰ ਚਾਰ ਦੇ ਵਸਨੀਕਾਂ ਨੇ ਕਿਹਾ ਕਿ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਦੀ ਨਿਕਾਸੀ ਦੀ ਜ਼ਮੀਨੀ ਹਕੀਕਤ ਹੈਰਾਨ ਕਰਨ ਵਾਲੀ ਹੈ। ਵਾਰਡ ਨੰਬਰ ਚਾਰ, ਪੰਜ ਅਤੇ ਛੇ ਵਿੱਚ ਵੱਖ-ਵੱਖ ਥਾਵਾਂ 'ਤੇ ਪ੍ਰਮੁੱਖ ਨਿਕਾਸੀ ਨਾਲਿਆਂ ਅਤੇ ਸੀਵਰੇਜ ਵਿੱਚ ਭਰੀ ਗੰਦਗੀ ਦੀ ਰੁਕਾਵਟ ਕਾਰਨ ਦੂਸ਼ਿਤ ਪਾਣੀ ਸੜਕਾਂ 'ਤੇ ਵਹਿਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਦੇ ਸਾਹਮਣੇ ਸਾਰੀਆਂ ਨਾਲੀਆਂ ਪਾਣੀ ਨਾਲ ਭਰ ਜਾਂਦੀਆਂ ਹਨ। ਸਥਾਨਕ ਵਸਨੀਕਾਂ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੂਸ਼ਿਤ ਪਾਣੀ ਦੀ ਨਿਕਾਸੀ ਤਰਸਯੋਗ ਹਾਲਤ ਵਿੱਚ ਹੈ। ਨਾਲੀਆਂ ਦੀ ਅਜੇ ਤੱਕ ਸਫਾਈ ਨਹੀਂ ਕੀਤੀ ਗਈ ਹੈ।
ਨਾਲੀਆਂ ਗੰਦਗੀ ਨਾਲ ਭਰੀਆਂ ਹੋਈਆਂ ਹਨ। ਲੋਕਾਂ ਨੂੰ ਡਰ ਹੈ ਕਿ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਵਾਰਡ ਦੀਆਂ ਨਾਲੀਆਂ ਅਤੇ ਸੀਵਰਾਂ ਦਾ ਪਾਣੀ ਸੜਕ 'ਤੇ ਇਕੱਠਾ ਹੋ ਜਾਵੇਗਾ। ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਸਫਾਈ ਤਾਂ ਦੂਰ ਦੀ ਗੱਲ, ਕੌਂਸਲ ਦੇ ਅਧਿਕਾਰੀ ਜਾਂਚ ਕਰਨ ਵੀ ਨਹੀਂ ਆਉਂਦੇ। ਇਸ ਖੇਤਰ ਦੇ ਰਾਹਗੀਰ ਅਤੇ ਦੁਕਾਨਦਾਰ ਦੋਵੇਂ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਜੇਕਰ ਜਲਦੀ ਸਫਾਈ ਨਾ ਕੀਤੀ ਗਈ ਤਾਂ ਮੌਨਸੂਨ ਵਿੱਚ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਇਸ ਦੇ ਸਬੰਧ ਵਿੱਚ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਕੌਂਸਲ ਵਿੱਚ 17 ਵਾਰਡ ਹਨ ਅਤੇ ਨਾਲੀਆਂ ਦੀ ਸਫਾਈ ਦਾ ਕੰਮ ਇੱਕ-ਇੱਕ ਕਰਕੇ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਵਾਰਡ 4,5 ਤੇ 6 ਦੇ ਨਾਲਿਆਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।