ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਕੈਲੀਫੋਰਨੀਆ ਵਿੱਚ ਸਰਕਾਰੀ ਸਕੂਲ ਦੀ ਸਥਾਪਨਾ – ਇਨਸਾਫ਼, ਇਨਸਾਨੀਅਤ ਅਤੇ ਸੱਚ ਦੀ ਜਿੱਤ : ਹਰਮੀਤ ਕਾਲਕਾ
ਨਵੀਂ ਦਿੱਲੀ 27 ਜੂਨ 2025 - ਇਹ ਸਿੱਖ ਕੌਮ ਲਈ ਹੀ ਨਹੀਂ, ਸਗੋਂ ਪੂਰੀ ਮਨਾਵਤਾ ਲਈ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਦੇ ਰਾਜ ਕੈਲੀਫੋਰਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰੀ ਕਰਨ ਵਾਲੇ ਮਹਾਨ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਜੀ ਦੇ ਨਾਮ 'ਤੇ ਇੱਕ ਸਰਕਾਰੀ ਸਕੂਲ ਦੀ ਸਥਾਪਨਾ ਕੀਤੀ ਗਈ ਹੈ। ਇਹ ਫੈਸਲਾ ਨਾ ਸਿਰਫ਼ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੈ, ਸਗੋਂ ਦੁਨੀਆ ਭਰ ਵਿੱਚ ਇਨਸਾਫ਼ ਅਤੇ ਸੱਚ ਲਈ ਲੜਨ ਵਾਲਿਆਂ ਲਈ ਪ੍ਰੇਰਣਾਦਾਇਕ ਮਿਸਾਲ ਵੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਇਸ ਇਤਿਹਾਸਕ ਪੱਲ ਨੂੰ ਸਿੱਖ ਕੌਮ ਦੀ ਆਵਾਜ਼ ਅਤੇ ਸਚਾਈ ਦੀ ਫਤਿਹ ਕਰਾਰ ਦਿੰਦਿਆਂ ਕਿਹਾ ਕਿ ਸ. ਜਸਵੰਤ ਸਿੰਘ ਖਾਲੜਾ ਜੀ ਨੇ 1984 ਤੋਂ ਬਾਅਦ ਪੰਜਾਬ ਵਿਚ ਗੁੰਮਸ਼ੁਦਾ ਨੌਜਵਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਕੇ ਜੋ ਬਹਾਦਰੀ ਦਿਖਾਈ, ਉਹ ਅਮਰ ਰਹੇਗੀ। ਅੱਜ ਉਹਨਾਂ ਦੇ ਨਾਮ 'ਤੇ ਸਕੂਲ ਬਣਨਾ ਸਾਨੂੰ ਸਿੱਖਾਂ ਦੀ ਕੁਰਬਾਨੀ ਦੀ ਵਿਰਾਸਤ ਅਤੇ ਨੈਤਿਕਤਾ ਦੀ ਯਾਦ ਦਿਲਾਉਂਦਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ ਹੈ ਜੋ ਸਰਦਾਰ ਖਾਲੜਾ ਜੀ ਦੀ ਸ਼ਹਾਦਤ ਅਤੇ ਯਤਨਾਂ ਨੂੰ ਮੰਨਤਾ ਦੇ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਖਾਲੜਾ ਜੀ ਦੇ ਉਪਦੇਸ਼ਾਂ ਅਤੇ ਆਦਰਸ਼ਾਂ ਨੂੰ ਲੋਕਾਂ ਤਕ ਲੈ ਕੇ ਜਾਣ ਲਈ ਉਪਰਾਲੇ ਕੀਤੇ ਜਾਣਗੇ।