ਰਾਜਾ ਵੜਿੰਗ ਵੋਟਰਾਂ ਦਾ ਧੰਨਵਾਦ ਕਰਨ ਪੁੱਜੇ ਜਗਰਾਓਂ, ਵੱਡੇ ਇੱਕਠ ਨੈ ਧਾਰਿਆ ਰੈਲੀ ਦਾ ਰੂਪ
ਦੀਪਕ ਜੈਨ
ਜਗਰਾਓਂ, 15 ਜੂਨ 2024 - ਲੁਧਿਆਣਾ ਤੋਂ ਲੋਕ ਸਭਾ 2024 ਦੀ ਸੀਟ ਤੋਂ ਜੇਤੂ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਰਮਿੰਦਰ ਸਿੰਘ ਰਾਜਾ ਵੜਿੰਗ ਵੋਟਰਾਂ-ਸਪੋਟਰਾਂ ਦਾ ਧੰਨਵਾਦ ਕਰਨ ਲਈ ਅੱਜ ਜਗਰਾਓਂ ਵਿਖੇ ਪੁੱਜੇ। ਸਥਾਨਕ ਜੀਟੀ ਰੋਡ ਵਿਖੇ ਓਵਰ-ਸੈਵਨ-ਸੀਜ਼ ਪੈਲੇਸ ਵਿੱਚ ਰੱਖੇ ਇਸ ਸਮਾਗਮ ਦੋਰਾਨ ਇੱਕ ਵੱਡਾ ਇੱਕਠ ਦਿਖਾਈ ਦਿੱਤਾ। ਜੋ ਕਿ ਰੈਲੀ ਦਾ ਰੂਪ ਧਾਰ ਗਿਆ। ਇਸ ਦੋਰਾਨ ਉਨ੍ਹਾਂ ਦੇ ਨਾਲ ਕਾਕਾ ਗਰੇਵਾਲ, ਕਰਨਜੀਤ ਸੋਨੀ ਗਾਲਿਬ, ਜ਼ਿਲ੍ਹਾ ਪ੍ਰਧਾਨ ਮੇਜਰ ਮੁੱਲਾਂਪੁਰ, ਜਗਰਾਓਂ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ, ਮਲਕੀਤ ਸਿੰਘ ਦਾਖਾ, ਨਵਦੀਪ ਗਰੇਵਾਲ, ਪ੍ਰਧਾਨ ਹਰਪ੍ਰੀਤ ਧਾਲੀਵਾਲ, ਪ੍ਰਸ਼ੋਤਮ ਲਾਲ ਖਲੀਫਾ, ਸਮੂਹ ਕੌਂਸਲਰ, ਲੁਧਿਆਣਾ ਸਮੇਤ ਜ਼ਿਲ੍ਹੇ ਭਰ ਤੋਂ ਕਾਂਗਰਸ ਦੀ ਸਮੂਹ ਲੀਡਰਸ਼ਿਪ ਵੀ ਮੌਜੂਦ ਰਹੀ।
ਇਸ ਮੌਕੇ ਰਾਜਾ ਵੜਿੰਗ ਨੇ ਸਮੂਹ ਵੋਟਰਾਂ-ਸਪੋਟਰਾਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਿ ਉਹ ਲੁਧਿਆਣਾ ਜ਼ਿਲ੍ਹੇ ਦੇ ਵਾਸੀਆਂ ਦਾ ਜ਼ਿੰਦਗੀ ਭਰ ਕਰਜ ਅਦਾ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਹੁਣ ਜਗਰਾਓਂ ਵਾਸੀਆਂ ਦੀ ਸੇਵਾ ਕਰਨ ਦੀ ਜਿੰਮੇਵਾਰੀ ਮੇਰੇ ਸਿਰ ਤੇ ਹੈ, ਜੇਕਰ ਕਿਸੇ ਨੂੰ ਵੀ ਕੋਈ ਕੰਮ ਹੈ ਤਾਂ ਉਹ ਕਦੇ ਵੀ ਮੈਨੂੰ ਫੋਨ ਜਾਂ ਵੱਟਸ ਐਪ ਤੇ ਮੈਸੇਜ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ”ਆਪ” ਅਤੇ ”ਭਾਜਪਾ” ਨੂੰ ਨਕਾਰ ਕੇ ਕਾਂਗਰਸ ਤੇ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਲੋਕ 2027 ਵਿੱਚ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹ ਆਰਾਮ ਨਾਲ ਨਹੀਂ ਬੈਠਣਗੇ। ਉਹਨਾਂ ਹਲਕੇ ਦੇ ਆਗੂਆਂ ਅਤੇ ਵਰਕਰਾਂ ਨੂੰ ਜਿੱਤ ਦਾ ਮੰਤਰ ਦਿੰਦਿਆਂ ਕਿਹਾ ਕਿ ਜੇਕਰ ਚੋਣਾਂ ਜਿੱਤਣੀਆਂ ਹਨ ਤਾਂ ਹੱਥ ਜੋੜ ਕੇ ਰੱਖੋ। ਇਸ ਮੌਕੇ ਪੁੱਜੇ ਸਮੂਹ ਆਗੂਆਂ-ਵਰਕਰਾਂ ਵੱਲੋਂ ਐਮ ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਨਮਾਨਿਤ ਕੀਤਾ।