ਟਰੱਕ ਦੀ ਲਪੇਟ 'ਚ ਆਉਣ ਨਾਲ ਮੋਟਰ ਸਾਈਕਲ ਸਵਾਰ ਮੌਕੇ 'ਤੇ ਹੋਇਆ ਫੌਤ
ਮਲਕੀਤ ਸਿੰਘ ਮਲਕਪੁਰ
ਲਾਲੜੂ , 22 ਜੂਨ 2024: ਅੰਬਾਲਾ ਚੰਡੀਗੜ੍ਹ ਕੌਮੀ ਮਾਰਗ 'ਤੇ ਲੈਹਲੀ ਚੌਕ 'ਤੇ ਇਕ ਮੋਟਰ ਸਾਈਕਲ ਸਵਾਰ ਦੀ ਟਰੱਕ ਹੇਠਾਂ ਕੁਚਲੇ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਸੁਨੀਲ ਕੁਮਾਰ ਪੁੱਤਰ ਗੇਂਦਰਾਮ ਵਾਸੀ ਜੋਗੀ ਮਾਜਰਾ, ਸ਼ਾਹਬਾਦ ਮਾਰਕੰਡੇ ਹਰਿਆਣਾ ਵਜੋਂ ਹੋਈ ਹੈ, ਜੋ ਕਿ ਇਸ ਸਮੇਂ ਮੌਲੀ ਜਾਗਰਾਂ ਵਿਖੇ ਰਹਿ ਰਿਹਾ ਸੀ। ਪੁਲਿਸ ਨੇ ਟਰੱਕ ਛੱਡ ਕੇ ਭੱਜਣ ਵਾਲੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪੇਸ਼ੇ ਤੋਂ ਪਲੰਬਰ ਦਾ ਕੰਮ ਕਰਦਾ ਸੀ। ਉਹ ਸਵੇਰੇ ਮੋਟਰਸਾਈਕਲ ’ਤੇ ਆਪਣੇ ਕੰਮ ਲਈ ਦੱਪਰ ਜਾ ਰਿਹਾ ਸੀ। ਲੈਹਲੀ ਚੌਂਕ ਨੇੜੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਉਪਰੰਤ ਹੈਲਮੇਟ ਪਹਿਨੇ ਸੁਨੀਲ ਕੁਮਾਰ ਸੜਕ 'ਤੇ ਡਿੱਗ ਗਿਆ ਅਤੇ ਹੈਲਮੇਟ ਸਮੇਤ ਉਸ ਦਾ ਸਿਰ ਟਰੱਕ ਦੇ ਪਹੀਏ ਹੇਠ ਕੁਚਲਿਆ ਗਿਆ। ਸੁਨੀਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਵੀ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਸੁਨੀਲ ਆਪਣੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਛੋਟੇ ਬੱਚੇ ਛੱਡ ਗਿਆ ਹੈ। ਉਸ ਦੀ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ, ਜਿੱਥੇ ਐਂਤਵਾਰ ਸਵੇਰੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਲੈਹਲੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।