ਬਠਿੰਡਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਲਾਏ ਨਸ਼ਿਆਂ ਖਿਲਾਫ ਚੌਕੇ ਛੱਕੇ
ਅਸ਼ੋਕ ਵਰਮਾ
ਬਠਿੰਡਾ,22 ਜੂਨ 2024: ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਏ.ਡੀ.ਜੀ.ਪੀ ਬਠਿੰਡਾ ਰੇਂਜ ਐੱਸ.ਪੀ.ਐੱਸ ਪਰਮਾਰ ਅਤੇ ਸੀਨੀਅਰ ਪੁਲਿਸ ਕਪਤਨ ਦੀਪਕ ਪਾਰੀਕ ਦੀ ਅਗਵਾਈ ਹੇਠ 23 ਜੂਨ ਤੱਕ ਪੁਲਿਸ ਲਾਈਨਜ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਐਂਟੀ ਡਰੱਗ ਕ੍ਰਿਕਟ ਲੀਗ ਕਰਵਾਇਆ ਜਾ ਰਿਹਾ ਹੈ ਜਿਸ ਦੇ ਉਦਘਾਟ ਅੱਜ ਨਸ਼ਿਆਂ ਖਿਲਾਫ ਸੌਂਹ ਚੁੱਕ ਕੇ ਕੀਤਾ ਗਿਆ। ਇਸ ਕ੍ਰਿਕਟ ਲੀਗ ਦਾ ਮੁੱਖ ਮਕਸਦ ਆਉਣ ਵਾਲੀ ਪੀੜੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਐਸਐਸਪੀ ਬਠਿੰਡਾ ਦੀਪਕ ਪਾਰੀਕ ਨੇ ਦੱਸਿਆ ਕਿ ਤਿੰਨ ਦਿਨਾਂ ‘ਐਂਟੀ ਡਰੱਗ ਕ੍ਰਿਕਟ ਲੀਗ’ ਦਾ ਰਸਮੀ ਉਦਘਾਟਨ ਸਮੂਹ ਖਿਡਾਰੀਆਂ ਅਤੇ ਪੁਲਿਸ ਕਰਮਚਾਰੀਆਂ ਦੀ ਹਾਜਰੀ ਵਿੱਚ ਸੌਂਹ ਚੁੱਕ ਕੇ ਕੀਤਾ ਗਿਆ।ਇਹ ਮੈਚ ਰੋਜਾਨਾ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਕਰਵਾਏ ਜਾ ਰਹੇ ਹਨ।ਇਹਨਾਂ ਖੇਡਾਂ ਦਾ ਮੁੱਖ ਮਕਸਦ ਆਉਣ ਵਾਲੀ ਨੌਜਵਾਨ ਪੀੜੀ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਖੇਡਾਂ ਵਿੱਚ ਦਿਲਚਸਪੀ ਪੈਦਾ ਕਰਨਾ ਹੈ।
ਇਹਨਾਂ ਮੁਕਾਬਲਿਆਂ ਵਿੱਚ ਬਠਿੰਡਾ ਪੁਲਿਸ ਵੱਲੋਂ ਦਿੱਤੇ ਲਿੰਕ ਪਰ ਕੁੱਲ 131 ਟੀਮਾਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਸੀ, ਜਿਹਨਾਂ ਵਿੱਚੋਂ 16 ਟੀਮਾਂ ਟੀਮਾਂ ਦੀ ਚੋਣ ਪੁਲਿਸ ਲਾਈਨਜ ਬਠਿੰਡਾ ਵਿਖੇ ਸਾਂਝੇ ਵਿਅਕਤੀਆਂ ਦੀ ਹਾਜਰੀ ਵਿੱਚ ਬਠਿੰਡਾ ਪੁਲਿਸ ਦੇ ਫੇਸਬੁੱਕ ਪੇਜ ਅਤੇ ਮੀਡੀਆ ਰਾਹੀਂ ਲਾਈਵ ਕਰਕੇ ਕੀਤੀ ਗਈ। ਕੁੱਲ 20 ਟੀਮਾਂ ਵਿੱਚੋਂ 4 ਟੀਮਾਂ ਨੂੰ ਰਿਜਰਵ ਰੱਖਿਆ ਗਿਆ।ਖੇਡ ਦੇ ਪਹਿਲੇ ਦਿਨ 8 ਟੀਮਾਂ ਦੇ ਆਪਸੀ ਮੁਕਾਬਲੇ ਕਰਵਾਏ ਗਏ।ਇਸਦੇ ਨਾਲ ਹੀ ਬਠਿੰਡਾ ਪੁਲਿਸ ਵੱਲੋਂ ਸਾਰੇ ਖਿਡਾਰੀਆਂ ਲਈ ਰਾਤ ਦਾ ਖਾਣਾ ਅਤੇ ਗਰਮੀ ਦੇ ਬਚਾਅ ਲਈ ਕੋਲਡ ਡਰਿੰਕਸ, ਜੀਰਾ ਲੈਮਨ ਆਦਿ ਦੇ ਪ੍ਰਬੰਧ ਵੀ ਕੀਤੇ ਗਏ। ਏ.ਡੀ.ਜੀ.ਪੀ ਬਠਿੰਡਾ ਰੇਂਜ ਬਠਿੰਡਾ ਅਤੇ ਐੱਸ.ਐੱਸ.ਪੀ ਬਠਿੰਡਾ ਨੇ ਆਮ ਲੋਕਾਂ ਨੂੰ ਨਸ਼ਾ ਰੋਕਣ ਲਈ ਪੁਲਿਸ ਪ੍ਰਸ਼ਾਸਨ ਦੀ ਮੱਦਦ ਕਰਨ ਦੀ ਅਪੀਲ ਕੀਤੀ । ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਚੋਂ ਨਸ਼ਾ ਖਤਮ ਹੋਣ ਤੱਕ ਨਸ਼ਿਆਂ ਖਿਲਾਫ ਜੰਗ ਜਾਰੀ ਰਹੇਗੀ ।