ਥਾਣਾ ਚਾਟੀਵਿੰਡ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਅਤੇ ਲਾਹਣ ਸਮੇਤ ਇਕ ਕਾਬੂ
ਬਲਰਾਜ ਸਿੰਘ ਰਾਜਾ
- ਗੁਪਤ ਸੂਚਨਾ ਦੇ ਆਧਾਰ ਉੱਤੇ ਕੀਤੀ ਛਾਪੇਮਾਰੀ
- ਛਾਪੇਮਾਰੀ ਦੌਰਾਨ 1200 ਕਿਲੋ ਲਾਹਣ ਅਤੇ 30,000 ਮਿਲੀ ਲੀਟਰ ਨਜਾਇਜ਼ ਸ਼ਰਾਬ ਬਰਾਮਦ
- ਗ੍ਰਿਫਤਾਰ ਮੁਲਜ਼ਮ ਦੇ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ
ਬਿਆਸ, 22 ਜੂਨ 2024 - ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਚਾਟੀਵਿੰਡ ਦੀ ਪੁਲਿਸ ਵੱਲੋਂ ਭਾਰੀ ਮਾਤਰਾ ਦੇ ਵਿੱਚ ਲਾਹਣ ਅਤੇ ਨਜਾਇਜ਼ ਸ਼ਰਾਬ ਸਮੇਤ ਇੱਕ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਚਓ ਥਾਣਾ ਚਾਟੀਵਿੰਡ ਨੇ ਦੱਸਿਆ ਕਿ ਡੀਐਸਪੀ ਜੰਡਿਆਲਾ ਗੁਰੂ ਦੀ ਜੇਰੇ ਨਿਗਰਾਨੀ ਹੇਠ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਮੁਲਜਮ ਸੂਰਜ ਸਿੰਘ ਉਰਫ ਗੋਰੀ ਪੁੱਤਰ ਜਰਨੈਲ ਸਿੰਘ ਵਾਸੀ ਪੱਤੀ ਮਸਦੀ ਪਿੰਡ ਗੁਰੂਵਾਲੀ ਅਤੇ ਕਥਿਤ ਮੁਲਜਮ ਗੁਰਮੁਖ ਸਿੰਘ ਉਰਫ ਬੀਤਾ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂਵਾਲੀ ਇੱਬਣ ਕਲਾਂ ਵਾਲੀ ਨਹਿਰ ਦੇ ਕੰਢੇ ਤੇ ਡਰਮਾਂ ਵਿੱਚ ਲਾਹਣ ਪਾ ਕੇ ਨਹਿਰ ਦੇ ਕੰਢੇ ਹੀ ਰੱਖਦੇ ਹਨ।। ਉੱਥੇ ਹੀ ਕਥਿਤ ਤੌਰ ਦੇ ਉੱਤੇ ਭੱਠੀ ਲਗਾ ਕੇ ਸ਼ਰਾਬ ਕੱਢਣ ਦਾ ਧੰਦਾ ਕਰਦੇ ਹਨ। ਜਿਸ ਸਬੰਧੀ ਮੁਖਬਰ ਵੱਲੋਂ ਦੱਸੀ ਜਗ੍ਹਾ ਦੇ ਉੱਤੇ ਛਾਪੇਮਾਰੀ ਕਰਕੇ ਕਥਿਤ ਮੁਲਜ਼ਮ ਸੂਰਜ ਸਿੰਘ ਉਰਫ ਗੋਰੀ ਨੂੰ 1200 ਕਿਲੋ ਲਾਹਣ ਅਤੇ 30 ਹਜਾਰ ਮਿਲੀ ਲੀਟਰ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਕਥਿਤ ਮੁਲਜਮ ਸੂਰਜ ਸਿੰਘ ਉਰਫ ਗੋਰੀ ਅਤੇ ਕਥਿਤ ਮੁਲਜਮ ਗੁਰਮੁੱਖ ਸਿੰਘ ਉਰਫ ਬੀਤਾ ਦੇ ਖਿਲਾਫ ਮੁਕਦਮਾ ਨੰਬਰ 81, ਜੁਰਮ ਐਕਸਾਈਜ਼ ਐਕਟ ਤਹਿਤ ਥਾਣਾ ਚਾਟੀਵਿੰਡ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੂਸਰੇ ਕਥਿਤ ਮੁਲਜਮ ਗੁਰਮੁਖ ਸਿੰਘ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।।।