ਭਾਰਤ ਮਾਲਾ ਪ੍ਰੋਜੈਕਟ ਤਹਿਤ ਅਕਵਾਇਰ ਕੀਤੀ ਜ਼ਮੀਨ ਤੇ ਕਬਜ਼ਾ ਕਰਨ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਰੋਕਿਆ
ਰੋਹਿਤ ਗੁਪਤਾ
ਗੁਰਦਾਸਪੁਰ 22 ਜੂਨ 2024 - ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਕੋਟ ਧੰਦਲ ਵਿੱਚ ਅੱਜ ਉਸ ਵੇਲੇ ਸਥਿਤੀ ਤਨਾਅਪੂਰਨ ਹੋ ਗਈ, ਜਦੋਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕੰਪਨੀ ਦੇ ਅਧਿਕਾਰੀਆਂ ਵੱਲੋਂ ਜਮੀਨ ਅਕਵਾਇਰ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸਠਿਆਲੀ ਨਾਲ ਸੰਬੰਧਿਤ ਕਿਸਾਨ ਆਗੂਆਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਆਗੂ ਪਿੰਡ ਕੋਟ ਧੰਦਲ ਵਿੱਚ ਉਸ ਸਥਾਨ ਤੇ ਪੁੱਜਣੇ ਸ਼ੁਰੂ ਹੋ ਗਏ ਜਿੱਥੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਮੀਨ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸਠਿਆਲੀ ਦੇ ਆਗੂ ਰਣਜੀਤ ਸਿੰਘ ,ਰਣਜੀਤ ਸਿੰਘ ਧੰਦਲ ਅਤੇ ਅਨੂਪ ਸਿੰਘ ਬਲੱਗਣ ਨੇ ਦੱਸਿਆ ਕਿ ਇਹ ਜਮੀਨ ਬਲਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਵੜੈਚ ਨੇ ਕਿਸੇ ਕੋਲੋਂ ਠੇਕੇ ਤੇ ਲਈ ਹੋਈ ਹੈ। ਜਦਕਿ ਜਮੀਨ ਦੇ ਮਾਲਕ ਵਿਦੇਸ਼ ਵਿੱਚ ਰਹਿੰਦੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਜਮੀਨ ਅਕਵਾਇਰ ਕਰਨ ਆਏ ਅਧਿਕਾਰੀਆਂ ਨੂੰ ਜਦੋਂ ਇਸ ਬਾਰੇ ਦੱਸਿਆ ਕਿ ਇਹ ਜਮੀਨ ਕਿਸੇ ਹੋਰ ਨੇ ਠੇਕੇ ਤੇ ਲਈ ਹੋਈ ਜਦ ਕਿ ਜਮੀਨ ਦੇ ਅਸਲ ਮਾਲਕ ਕਿਤੇ ਹੋਰ ਰਹਿੰਦੇ ਹਨ। ਅਸੀਂ ਇਸ ਜਮੀਨ ਤੇ ਉਸ ਵੇਲੇ ਤੱਕ ਕਬਜ਼ਾ ਨਹੀਂ ਹੋਣ ਦੇਵਾਂਗੇ, ਜਦ ਤੱਕ ਜਮੀਨ ਦੇ ਅਸਲ ਮਾਲਕ ਇਸ ਤੇ ਰਜਾਮੰਦੀ ਨਹੀਂ ਦਿੰਦੇ। ਇਸ ਤੋਂ ਬਾਅਦ ਅਧਿਕਾਰੀਆਂ ਨੇ ਆਪਣੀ ਕਾਰਵਾਈ ਬੰਦ ਕਰ ਦਿੱਤੀ। ਇਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸੰਬੰਧਿਤ ਵੱਡੀ ਗਿਣਤੀ ਚ ਕਿਸਾਨ ਆਗੂਆਂ ਵੱਲੋਂ ਜਮੀਨ ਦੇ ਵਿੱਚ ਹੀ ਟੈਂਟ ਲਗਾ ਕੇ ਇਸ ਸਬੰਧੀ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਇਸ ਮੌਕੇ ਬਲਕਾਰ ਸਿੰਘ ਧੰਦਲ ਕਾਬਲ ਸਿੰਘ ਧੰਦਲ ਪ੍ਰਗਟ ਸਿੰਘ ਧੰਦਲ ਨਿਸ਼ਾਨ ਸਿੰਘ ਭਿੱਟੇਵਾਡ ਮੇਜਰ ਸਿੰਘ ਧੰਦਲ ਗੁਰਵਿੰਦਰ ਸਿੰਘ ਬਲੱਗਣ ਸਮੇਤ ਪਿੰਡ ਕੋਟ ਟੋਡਰਮਲ ਅਤੇ ਮਲੀਆਂ ਪੱਕੀਆਂ ਤੇ ਕਾਲਾ ਬਾਲਾ ਦੇ ਵੱਡੀ ਗਿਣਤੀ ਚ ਕਿਸਾਨ ਆਗੂ ਹਾਜ਼ਰ ਸਨ।