ਮੁੱਖ ਮੰਤਰੀ ਲੱਖਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਕੇ ਆਪਣਾ ਕੀਤਾ ਵਾਇਦਾ ਪੂਰਾ ਕਰਨ - ਮਾਨ
- "ਬੰਦ ਕੀਤੇ ਸਾਰੇ ਭੱਤੇ, ਮਹਿੰਗਾਈ ਭੱਤਿਆਂ ਦਾ ਬਕਾਇਆ, ਮੌਜੂਦਾ ਮਹਿੰਗਾਈ ਭੱਤਾ , ਪੇਅ ਕਮਿਸ਼ਨ ਦੇ ਕਮਿਸ਼ਨ ਦੇ ਬਕਾਏ ਸਰਕਾਰ ਜਲਦੀ ਜਾਰੀ ਕਰੇ"
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਜੂਨ 2024 - ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਿਕ ਬਾਰਾਦਰੀ ਪਾਰਕ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਸੂਬੇ ਅੰਦਰ ਸਰਕਾਰ ਚਾਹੇ ਕੋਈ ਵੀ ਹੋਵੇ ਪਰ ਮੁਲਾਜ਼ਮ ਹਮੇਸ਼ਾ ਬਿਨਾਂ ਕਿਸੇ ਭੇਦ ਭਾਵ ਦੇ ਸਰਕਾਰ ਦੀ ਰੀੜ ਦੀ ਹੱਡੀ ਬਣ ਕੇ ਸੂਬੇ ਦਾ ਕੰਮ ਸੁਚਾਰੂ ਰੂਪ ਨਾਲ ਚਲਾਉਣ ਲਈ ਵਚਨਬੱਧ ਹੁੰਦੇ ਹਨ। ਸਹੀ ਕੰਮ ਦੇ ਬਦਲੇ ਬਿਨਾਂ ਕਿਸੇ ਬਹਾਨੇਬਾਜ਼ੀ ਦੇ ਕੰਮ ਦਾ ਮੁਲਾਜ਼ਮਾਂ ਨੂੰ ਉਨਾਂ ਦਾ ਬਣਦਾ ਮਿਹਨਤਾਨਾ ਮਿਲਣਾ ਚਾਹੀਦਾ ਹੈ । ਪੰਜਾਬ ਦੀ ਮੌਜੂਦਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਇਦਾ ਕੀਤਾ ਸੀ।
ਵਿਧਾਨ ਸਭਾ ਚੋਣਾਂ 2022 ਦੌਰਾਨ ਮੁਲਾਜ਼ਮਾਂ ਨੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਲਿਆਉਣ ਲਈ ਹਮਾਇਤ ਕੀਤੀ ਪਰ ਸਰਕਾਰ ਬਣਦੇ ਹੀ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਵੱਡੇ ਐਲਾਨ ਕੀਤੇ ਪਰ ਹੁਣ ਤੱਕ ਇਹ ਐਲਾਨ,ਐਲਾਨ ਹੀ ਰਹੇ ਹਨ। ਉਨ੍ਹਾਂ ਦੱਸਿਆ ਕਿ ਆਪ ਸਰਕਾਰ ਬਣਨ ਤੋਂ ਦੋ ਸਾਲ ਬਾਅਦ ਵੀ ਮੁਲਾਜ਼ਮ, ਪੈਨਸ਼ਨਰ ਬੇਰੋਜ਼ਗਾਰ ਵੱਡੇ ਪੱਧਰ ਤੇ ਆਪਣੀਆਂ ਮੰਗਾਂ ਦੀਆ ਪ੍ਰਾਪਤੀਆਂ ਲਈ ਸੜਕਾਂ ਤੇ ਰੁਲ ਰਹੇ ਹਨ। ਮੁਲਾਜ਼ਮ, ਪੈਨਸ਼ਨਰ ਬੇਰੋਜ਼ਗਾਰਾਂ ਦੇ ਸੰਘਰਸ਼ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਚੁੱਕੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੋ ਲੱਖ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਬਹਾਲੀ,ਲੱਖਾਂ ਮੁਲਾਜ਼ਮਾਂ ਦੇ ਬਕਾਏ, ਬੰਦ ਕੀਤੇ ਭੱਤੇ, ਮੌਜੂਦਾ ਡੀਏ ਆਦਿ ਮਸਲੇ ਤੋਂ ਲਗਾਤਾਰ ਦੋ ਸਾਲਾਂ ਤੋਂ ਟਾਲਾ ਵੱਟ ਰਹੀ। ਇਸ ਮੌਕੇ ਜੁਝਾਰ ਸਿੰਘ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀ ਐਡ ਫਰੰਟ ਨੇ ਦੱਸਿਆ ਕਿ ਮੁੱਖ ਮੰਤਰੀ ਲਗਾਤਾਰ ਮੁਲਾਜ਼ਮ ਆਗੂਆਂ, ਪੈਨਸ਼ਨਰਾਂ ,ਬੇਰੋਜ਼ਗਾਰਾਂ ਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੇ ਹਨ ।
ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਮੁਲਾਜ਼ਮਾਂ ਮੰਗਾਂ ਦੇ ਲਈ ਸੁਹਿਰਦ ਨਹੀਂ ਹਨ। ਸੰਘਰਸ਼ ਕਰਦੇ ਮੁਲਾਜ਼ਮਾਂ ਨੂੰ ਥਾਣਿਆ ਅਤੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਸਾਰੀਆਂ ਕਾਰਵਾਈਆਂ ਦੇ ਲਈ ਮੁਲਾਜ਼ਮ ਵਰਗ ਵਿੱਚ ਵੱਡੇ ਪੱਧਰ ਤੇ ਸਰਕਾਰ ਖਿਲਾਫ ਗੁੱਸਾ ਹੈ। ਮੁਲਾਜ਼ਮਾਂ ਦੇ ਇਸੇ ਗੁੱਸੇ ਨੇ ਕੁਝ ਦਿਨ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਸ਼ੀਸ਼ਾ ਵਿਖਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੁਲਾਜਮਾਂ ਦੇ ਮਸਲੇ ਹੱਲ ਨਾਵਕੀਤੇ ਤਾਂ ਜਲੰਧਰ ਜ਼ੀਮਨੀ ਚੋਣ ਵਿੱਚ ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ।
ਇਸ ਮੌਕੇ ਸੁਰਿੰਦਰ ਛੂਛੇਵਾਲ,ਨਵੀਨ ਕਰੀਹਾ,ਸੁਦੇਸ਼ ਦੀਵਾਨ,ਭੁਪਿੰਦਰ ਸਿੰਘ ਮੁਕੰਦਪੁਰ,ਜੁਗਰਾਜ,ਸ਼ਤੀਸ ਨਵਾਂ ਗਰਾਮ ਅਤੇ ਪਵਨ ਕੁਮਾਰ ਆਦਿ ਸਾਥੀਆਂ ਨੇ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਸੁਹਿਰਤਾ ਨਹੀਂ ਹੈ ਤਾਂ ਆਉਣ ਵਾਲੀਆਂ ਜਿਮਣੀ ,ਪੰਚਾਇਤੀ ਅਤੇ ਨਗਰ ਕੌਸਿਲ ਚੋਣਾਂ ਵਿੱਚ ਵੀ ਸਰਕਾਰ ਆਪਣੀ ਹਾਰ ਲਈ ਤਿਆਰ ਰਹੇ। ਇਸ ਮੌਕੇ ਮੁਲਾਜਮਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮ ਦੀ ੳਹਿਮ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਟੈਡਰਡ ਉਪਰੇਟਰ ਪ੍ਰੋਸੀਜਰ ਜਲਦੀ ਜਾਰੀ ਕਰੇ ਅਤੇ ਬਾਕੀ ਮੰਗਾਂ ਦਾ ਤਰੁੰਤ ਹੱਲ ਕਰਨ ਹਰ ਸੰਭਵ ਯਤਨ ਕਰੇ।