ਸਿਹਤ ਕੇਂਦਰ ਕੌਹਰੀਆਂ ਵਿਖੇ ‘ਵਿਸ਼ਵ ਖੂਨਦਾਨੀ ਦਿਵਸ’ ਮਨਾਇਆ
- ਖੂਨਦਾਨ ਜ਼ਿੰਦਗੀ ਦਾ ਅਨਮੋਲ ਤੋਹਫ਼ਾ: ਡਾ. ਕਰਮਜੀਤ ਸਿੰਘ
ਦਲਜੀਤ ਕੌਰ
ਕੌਹਰੀਆਂ/ਸੰਗਰੂਰ, 15 ਜੂਨ, 2024: ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਕਰਮਜੀਤ ਸਿੰਘ ਐਕਸ ਪੀ ਸੀ ਐੱਸ ਦੀ ਯੋਗ ਰਹਿਨੁਮਾਈ ਹੇਠ ਪੀ ਐੱਚ ਸੀ ਕੌਹਰੀਆਂ ਵਿਖੇ ‘ਵਿਸ਼ਵ ਖੂਨਦਾਨੀ ਦਿਵਸ’ ਮਨਾਇਆ ਗਿਆ।
ਡਾ. ਕਰਮਜੀਤ ਸਿੰਘ ਨੇ ਸਿਹਤਮੰਦ ਲੋਕਾਂ ਨੂੰ ਖੂਨਦਾਨ ਕਰਕੇ ਲੋੜਵੰਦਾਂ ਨੂੰ ‘ਜ਼ਿੰਦਗੀ ਦਾ ਅਨਮੋਲ ਤੋਹਫ਼ਾ’ ਦੇਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਖੂਨ ਦੀ ਇਕ-ਇਕ ਬੂੰਦ ਜ਼ਿੰਦਗੀ ਲਈ ਕੀਮਤੀ ਹੈ। ਕਿਸੇ ਹੋਰ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇੱਕ ਸੇਵਾ ਹੈ। ਹਰ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਤੱਕ, ਸਰੀਰ ਦਾ ਭਾਰ 45 ਕਿਲੋਗ੍ਰਾਮ ਜਾਂ ਇਸ ਤੋਂ ਵੱਧ, ਐੱਚਬੀ 12 ਗ੍ਰਾਮ, ਕੋਈ ਕਰੌਨਿਕ ਬਿਮਾਰੀ ਨਾ ਹੋਵੇ, ਖੂਨਦਾਨ ਕਰ ਸਕਦਾ ਹੈ, ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਭਾਵ ਕਿ ਕੋਈ ਵਿਅਕਤੀ ਸਾਲ ਵਿੱਚ ਚਾਰ ਵਾਰੀ ਖੂਨ ਦੇ ਸਕਦਾ ਹੈ ਅਤੇ ਫਿਰ ਵੀ ਸਿਹਤਮੰਦ ਰਹਿ ਸਕਦਾ ਹੈ।
ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ। ਇਹ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ, ਬੀਪੀ ਕਾਬੂ ਕਰਦਾ ਹੈ, ਕੋਲੈਸਟਰਲ ਦਾ ਪੱਧਰ ਨੀਵਾਂ ਰਹਿੰਦਾ ਹੈ, ਮੋਟਾਪੇ 'ਤੇ ਕਾਬੂ ਰਹਿੰਦਾ ਹੈ। ਸੰਖੇਪ ਵਿੱਚ ਇਹ "ਮਾਨਵ ਸੇਵਾ ਦੇ ਨਾਲ ਖੁਦ ਦੀ ਸਿਹਤ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ।
ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਖੂਨਦਾਨ ਦੀ ਲਗਾਤਾਰ ਲੋੜ ਹੈ। ਦਾਨ ਕੀਤੇ ਗਏ ਖੂਨ ਨਾਲ ਕਿਸੇ ਵੀ ਵਿਅਕਤੀ ਨੂੰ ਇਲਾਜ, ਜਣੇਪੇ, ਜਾਂ ਸੱਟ ਲੱਗਣ 'ਤੇ ਪੈਦਾ ਹੋਈ ਖੂਨ ਦੀ ਕਮੀ ਨੂੰ ਪੂਰਾ ਕਰ ਸਕਦੀ ਹੈ। ਖੂਨਦਾਨ ਕਰਨ ਨਾਲ ਕੋਈ ਸਰੀਰਕ ਕਮਜੋਰੀ ਨਹੀਂ ਆਉਂਦੀ, ਬਲਕਿ 24 ਘੰਟੇ ਤੋਂ 7 ਦਿਨ ਦੇ ਅੰਦਰ-ਅੰਦਰ ਕੁਦਰਤੀ ਰੂਪ ਨਾਲ ਸਰੀਰ ਵਿੱਚ ਨਵਾਂ ਖੂਨ ਬਣ ਜਾਂਦਾ ਹੈ। ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਆਕਤੀ ਨੂੰ ਜੀਵਨਦਾਨ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ, ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ।
ਇਸ ਮੌਕੇ ਰਾਮਫਲ਼ ਸਿੰਘ ਐੱਮ ਐੱਲ ਟੀ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ,ਵੀਰ ਸਿੰਘ, ਗੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।