ਅਖਾੜਾ ਗੈਸ ਫੈਕਟਰੀ ਖ਼ਿਲਾਫ ਸੰਘਰਸ਼ਸੀਲ ਲੋਕ 18 ਜੂਨ ਨੂੰ ਹਲਕਾ ਵਿਧਾਇਕ ਦਾ ਘਰ ਘੇਰਨਗੇ
- ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਸ਼ਾਮਲ ਹੋਣ ਦੀ ਅਪੀਲ
ਦਲਜੀਤ ਕੌਰ
ਜਗਰਾਉਂ, 15 ਜੂਨ, 2024: ਬੀਤੇ 46 ਦਿਨਾਂ ਤੋਂ ਪਿੰਡ ਦੇ ਮੁੱਢ ਚ ਲੱਗ ਰਹੀ ਬਾਇਓ ਗੈਸ ਫੈਕਟਰੀ ਨੂੰ ਪੱਕੇ ਤੋਰ ਤੇ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਫੈਕਟਰੀ ਮੂਹਰੇ ਪਿੰਡ ਅਖਾੜਾ 'ਚ ਦਿਨ ਰਾਤ ਦੇ ਧਰਨੇ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਤੱਕ ਇਹ ਫੈਕਟਰੀ ਪੱਕੇ ਤੌਰ ਤੇ ਬੰਦ ਨਹੀ ਜ਼ਰ ਦਿੱਤੀ ਜਾਂਦੀ। ਸੰਘਰਸ਼ ਕਮੇਟੀ ਦੇ ਆਗੂਆਂ ਗੁਲਵੰਤ ਸਿੰਘ ਅਖਾੜਾ, ਗੁਰਤੇਜ ਸਿੰਘ ਅਖਾੜਾ ਨੇ ਦੱਸਿਆ ਕਿ ਡੀ ਸੀ ਲੁਧਿਆਣਾ ਵੱਲੋਂ ਭੇਜੀ ਪੜਤਾਲੀਆ ਟੀਮ ਨੂੰ ਦੋ ਘੰਟੇ ਲੰਮੀ ਮੀਟਿੰਗ ਚ ਅਧਿਕਾਰੀਆਂ ਦੇ ਸਾਰੇ ਸਵਾਲਾਂ ਦੇ ਤਰਕ ਭਰਪੂਰ ਜਵਾਬ ਦੇ ਕੇ ਸਹਿਮਤ ਕੀਤਾ ਗਿਆ ਕਿ ਇਹ ਫੈਕਟਰੀ ਪੱਕੇ ਤੋਰ ਤੇ ਬੰਦ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਭਗਵੰਤ ਮਾਨ ਸਰਕਾਰ ਤੇ ਦਬਾਅ ਬਨ੍ਹਾਉਣ ਅਤੇ ਮਾਨ ਸਰਕਾਰ ਦਾ ਪਾਜ ਉਘਾੜਣ ਲਈ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਘਰ ਦਾ 18 ਜੂਨ ਨੂੰ ਪੂਰੇ ਪਿੰਡ ਵੱਲੋਂ ਲਾਮਿਸਾਲ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ 'ਚ ਸਭ ਤੋ ਵੱਧ ਵੋਟਾਂ ਪਾ ਕੇ ਪੂਰੇ ਪਿੰਡ ਵੱਲੋਂ ਜਿਤਾਈ ਜਾਣ ਵਾਲੀ ਹਲਕਾ ਵਿਧਾਇਕ ਨਖਿੱਧ ਸਾਬਤ ਹੋਈ ਹੈ। ਲੋਕ ਸਭਾ ਚੋਣਾਂ ਦਾ ਪੂਰਨ ਬਾਈਕਾਟ ਕਰਕੇ ਅਖਾੜਾ ਪਿੰਡ ਨੇ ਅਪਣੀ ਸ਼ਕਤੀ ਤੇ ਪੂਰਨ ਏਕਤਾ ਦਾ ਮੁਜਾਹਰਾ ਕੀਤਾ ਹੈ। ਉਨ੍ਹਾਂ ਇਲਾਕੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇਸ ਰੋਸ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਬੀਤੀ 11 ਜੂਨ ਨੂੰ ਸੱਤ ਪਿੰਡਾਂ ਅਖਾੜਾ, ਭੂੰਦੜੀ, ਘੁੰਗਰਾਲੀ ਰਾਜਪੂਤਾਂ, ਮੁਸ਼ਕਾਬਾਦ, ਪਾਇਲ, ਸੇਹ, ਗੋਹ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਹਜ਼ਾਰਾਂ ਦੀ ਗਿਣਤੀ ਚ ਮਰਦ ਔਰਤਾਂ ਵੱਲੋਂ ਡੀ ਸੀ ਦਫਤਰ ਮੂਹਰੇ ਦਿੱਤੇ ਲਾਮਿਸਾਲ ਧਰਨੇ ਦੀ ਬਦੌਲਤ ਡੀ ਸੀ ਲੁਧਿਆਣਾ ਨੇ ਸਾਰੀਆਂ ਥਾਵਾਂ ਦੀ ਪੜਤਾਲ ਕਰਕੇ ਰਿਪੋਰਟ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ 'ਚ ਭੇਜਣ ਤੇ ਪੰਜਾਬ ਸਰਕਾਰ ਨਾਲ ਗੱਲ ਕਰਾਉਣ ਦਾ ਭਰੋਸਾ ਦੇਣ ਤੇ ਬੀਤੇ ਦਿਨ ਮੋਰਚੇ ਚ ਪੁੱਜੀ ਡੀ ਸੀ ਸੀ ਪੜਤਾਲੀਆ ਟੀਮ 'ਚ ਡੀ ਡੀ ਪੀ ਓ ਨਵਦੀਪ ਕੋਰ ਲੁਧਿਆਣਾ, ਗੁਰਦੀਪ ਸਿੰਘ ਬਲਾਕ ਖੇਤੀਬਾੜੀ ਅਫਸਰ, ਹਰਮਿੰਦਰ ਸਿੰਘ ਏ ਡੀ ਓ ਸਮੇਤ ਵੱਖ ਵੱਖ ਅਦਾਰਿਆਂ ਦੇ ਅੱਠ ਅਧਿਕਾਰੀ ਹਾਜ਼ਰ ਸਨ।
ਸੰਘਰਸ਼ ਕਮੇਟੀ ਆਗੂਆਂ ਨੇ ਦੱਸਿਆ ਕਿ ਵੱਸੋਂ ਦੇ ਨੇੜੇ ਉਸਾਰੀ ਜਾਣ ਵਾਲੀ ਬਾਈਓ ਗੈਸ ਫੈਕਟਰੀ ਗੈਰਕਨੂੰਨੀ ਹੈ, ਪਿੰਡ ਦੀ ਪੰਚਾਇਤ ਜਾਂ ਗਰਾਮ ਸਭਾ ਤੋਂ ਪੁੱਛਿਆ ਹੀ ਨਹੀਂ ਗਿਆ। ਸੰਘਰਸ਼ ਕਮੇਟੀ ਨੇ ਕਿਹਾ ਕਿ ਉਹ ਘੂੰਗਰਾਲੀ ਰਾਜਪੂਤਾਂ ਜਿਹਾ ਸਰਾਪ ਅਪਣੇ ਪਿੰਡ ਹਰ ਤਰਾਂ ਦੀ ਕੁਰਬਾਨੀ ਕਰਕੇ ਕਿਸੇ ਵੀ ਹਾਲਤ ਚ ਨਹੀ ਲੱਗਣ ਦੇਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਵੱਡੀਆਂ ਸਬਸਿਡੀਆਂ ਸਰਕਾਰ ਤੋ ਹਾਸਲ ਕਰਕੇ ਲੋਕਾਂ ਦੀ ਜਾਨ ਦਾ ਖੋਅ ਬਨਣ ਵਲੀ ਫੈਕਟਰੀ ਬੰਦ ਕਰਾਉਣ ਲਈ ਪਿੰਡ ਵਾਸੀ ਹਰ ਤਰਾਂ ਦੀ ਲੜਾਈ ਲੜਣ ਲਈ ਤਿਆਰ ਬਰ ਤਿਆਰ ਹਨ। ਮੀਟਿੰਗ 'ਚ ਇਨਾਂ ਦੇ ਨਾਲ ਪਾਲ਼ਾ ਸਿੰਘ, ਸੁਖਜੀਤ ਸਿੰਘ, ਹਰਦੇਵ ਸਿੰਘ, ਸੁਖਦੇਵ ਸਿੰਘ, ਭਗਵੰਤ ਸਿੰਘ, ਤਾਰਾ ਸਿੰਘ, ਦਰਸ਼ਨ ਸਿੰਘ, ਮਨਿੰਦਰ ਸਿੰਘ, ਰਣਜੀਤ ਸਿੰਘ ਹਾਜ਼ਰ ਸਨ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫ਼ੈਕਟਰੀਆਂ ਬੰਦ ਨਾ ਕਰਨ ਦੀ ਸੂਰਤ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤਿੰਨ ਤਿੰਨ ਮਹੀਨਿਆਂ ਤੋ ਤਪਦੀ ਗਰਮੀ ਚ ਧਰਨਿਆਂ ਤੇ ਬੈਠੇ ਲੋਕਾਂ ਨੂੰ ਮਹਿਜ ਵੋਟਾਂ ਸਮਝਣ ਦੀ ਗਲਤੀ ਕਰਨ ਦਾ ਖ਼ਮਿਆਜ਼ਾ ਭੁਗਤ ਚੁੱਕੇ ਹੋਣ ਦੇ ਬਾਵਜੂਦ ਵੀ ਜੇ ਮਸਲੇ ਨੂੰ ਲਟਕਾਇਆ ਗਿਆ ਤਾਂ ਮਾੜੇ ਨਤੀਜਿਆਂ ਦੀ ਜਿੰਮੇਵਾਰੀ ਮਾਨ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਵਰਕਰ ਵੱਡੀ ਗਿਣਤੀ 'ਚ ਇਸ ਘਿਰਾਓ ਸ਼ਾਮਲ ਹੋਣਗੇ।