ਭਾਈਚਾਰਕ ਤੌਰ ‘ਤੇ ਵੰਡੀਆਂ ਪਾਉਣ ਵਾਲਿਆਂ ਖਿਲਾਫ਼ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਖ਼ਤ ਹੋਣ ਦੀ ਲੋੜ੍ਹ - ਪ੍ਰੋ. ਚੰਦੂਮਾਜਰਾ
ਰੂਪਨਗਰ, 14 ਜੂਨ 2024 - ਅੱਜ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ਼ ਬਿਆਨਜ਼ਾਰੀ ਕਰਦਿਆਂ ਆਖਿਆ ਕਿ ਪਿਛਲੇ ਦਿਨੀਂ ਹਰਿਆਣਾ, ਹਿਮਾਚਲ ਅਤੇ ਦੇਸ਼ ਦੇ ਹੋਰਨਾਂ ਵੱਖ-ਵੱਖ ਸੂਬਿਆਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਭਾਈਚਾਰਕ ਸਾਂਝ ਨੂੰ ਤੋੜਨਾ ਅਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਲਾਂਬੂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਭਾਈਚਾਰਕ ਤੌਰ ‘ਤੇ ਵੰਡੀਆਂ ਪਾਉਣ ਵਾਲਿਆਂ ਖਿਲਾਫ਼ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਖ਼ਤਾਈ ਨਾਲ ਨਿਪਟਣ ਦੀ ਲੋੜ੍ਹ ਹੈ। ਉਨ੍ਹਾਂ ਹਰਿਆਣਾ ਵਿੱਚ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਦੋਸ਼ੀਆੰ ਖਿਲਾਫ਼ ਪ੍ਰਸ਼ਾਸਨ ਵੱਲੋਂ ਵਰਤੀ ਢਿੱਲ ਚਿੰਤਾ ਦਾ ਵਿਸ਼ਾ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹਨਾਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਾਂਝੇ ਉਪਰਾਲੇ ਚੁੱਕਣ ਦੀ ਜਰੂਰਤ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਭਾਈਚਾਰਕ ਵੰਡੀਆੰ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਦੀਆਂ ਹਨ, ਅਜਿਹੇ ਸਮਾਜ ਨੂੰ ਆਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਸਾਡੀ ਗੁਲਾਮੀ ਦਾ ਕਾਰਨ ਸਾਡਾ ਆਪਸ ਵਿੱਚ ਵੰਡੇ ਹੋਣਾ ਸੀ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਜ਼ਾਦੀ ਤੋਂ ਬਾਅਦ ਵੀ ਵੰਡਪਾਊ ਤਾਕਤਾਂ ਨੇ ਸਮਾਜ ਨੂੰ ਇਕਜੁੱਟ ਨਹੀਂ ਹੋਣ ਦਿੱਤਾ, ਜਿਨ੍ਹਾਂ ਕਰਕੇ ਦੇਸ਼ ਵਿੱਚ ਨਫ਼ਾਰਤ ਦੀ ਭਾਵਨਾ ਹੋਰ ਤੀਬਰ ਹੋ ਰਹੀ ਹੈ, ਇਹਨਾਂ ਅਨਸਰਾਂ ਖਿਲਾਫ਼ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ। ਅਕਾਲੀ ਲੀਡਰ ਨੇ ਕਿਹਾ ਕਿ ਭਾਰਤ ਦੀ ਦੁਨੀਆਂ ਵਿੱਚ ਪਹਿਚਾਣ ਇਸਦੀ ਧਰਮ ਨਿਰਪੱਖਤਾ, ਜਾਤ-ਪਾਤ ਦਾ ਭੇਦਭਾਵ ਨਾ ਕਰਨਾ ਅਤੇ ਭਾਈਚਾਰਕ ਮਜ਼ਬੂਤੀ ਹੀ ਖੂਬਸੂਰਤੀ ਦਾ ਕਾਰਨ ਹੈ, ਜਿਸਨੂੰ ਕੁੱਝ ਲੋਕਾਂ ਵੱਲੋਂ ਆਪਣੀਆਂ ਸਿਆਸੀ ਰੋਟੀਆੰ ਸੇਕਣ ਲਈ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਵੱਖਰੇ-ਵੱਖਰੇ ਧਰਮਾਂ, ਸੱਭਿਆਚਾਰਾਂ, ਰੀਤੀ-ਰਿਵਾਜਾਂ, ਭਾਸ਼ਾਵਾਂ ਭਾਰਤ ਦੀ ਸੁੰਦਰਤਾ ਦਾ ਅੰਗ ਹਨ।