ਪੰਜਾਬ 'ਚ ਬਿਜਲੀ ਦਾ ਸੁਨਹਿਰੀ ਇਤਿਹਾਸ: 110 ਸਾਲ ਪਹਿਲਾਂ ਅੰਗਰੇਜ਼ਾਂ ਨੇ ਇਸ ਜ਼ਿਲ੍ਹੇ ਦੇ DC ਨੂੰ ਦਿੱਤਾ ਸੀ ਪਹਿਲਾ ਕੁਨੈਕਸ਼ਨ
Babushahi Network
ਚੰਡੀਗੜ੍ਹ, 8 ਫਰਵਰੀ 2026- ਭਾਰਤ ਵਿੱਚ ਲਗਭਗ 127 ਸਾਲ ਪਹਿਲਾਂ ਸੰਨ 1899 ਵਿੱਚ ਬਿਜਲੀ ਦਾ ਵਪਾਰਕ ਤੌਰ ਤੇ ਪੈਦਾਵਾਰ ਸ਼ੁਰੂ ਹੋ ਗਿਆ ਸੀ। ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਪੰਜਾਬ ਵਿੱਚ ਪੂਰੇ 110 ਸਾਲ ਪਹਿਲਾਂ 8 ਫਰਵਰੀ ਸੰਨ 1916 ਨੂੰ ਬਿਜਲੀ ਦਾ ਪਹਿਲਾਂ ਕੁਨੈਕਸ਼ਨ ਜਾਰੀ ਕੀਤਾ ਗਿਆ ਸੀ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸੰਚਾਲਨ ਸ਼ਹਿਰੀ ਸਰਕਲ ਅਮ੍ਰਿਤਸਰ ਦੇ ਉਪ ਮੁੱਖ ਇੰਜੀਨੀਅਰ ਇੰਜੀ:ਗੁਰਸ਼ਰਨ ਸਿੰਘ ਖਹਿਰਾ ਅਨੁਸਾਰ ਅੰਮ੍ਰਿਤਸਰ ਦੇ ਹਾਲ ਗੇਟ ਦੇ ਸਭ ਤੋਂ ਪੁਰਾਣੇ ਬਿਜਲੀ ਵਿਭਾਗ ਦੇ ਸਭ ਤੋਂ ਪੁਰਾਣੇ ਦਫਤਰ ਵੱਲੋਂ ਲੱਭੇ ਗਏ ਦਸਤਾਵੇਜਾਂ ਤੋਂ ਇਹ ਪਤਾ ਲੱਗਦਾ ਹੈ ਕਿ ਪਹਿਲਾ ਬਿਜਲੀ ਕਨੈਕਸ਼ਨ ਮੁੱਖ ਇਲੈਕਟ੍ਰੀਕਲ ਇੰਜੀਨੀਅਰ ਐਚ.ਸੀ.ਗ੍ਰੀਨਵੁਡ ਵੱਲੋਂ ਪ੍ਰਵਾਨ ਕੀਤਾ ਗਿਆ ਸੀ।
11 ਦਸੰਬਰ, ਸੰਨ 1915 ਨੂੰ ਮਿਉਂਸਪਲ ਇਲੈਕਟ੍ਰੀਸਿਟੀ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਲਈ ਪਹਿਲਾਂ ਬਿਜਲੀ ਕੁਨੈਕਸ਼ਨ ਲਗਾਉਣ ਲਈ ਬੇਨਤੀ ਪੱਤਰ ਦਿੱਤਾ ਗਿਆ ਸੀ ।ਸੀ.ਐਮ. ਕਿੰਗ ਵੱਲੋਂ ਉਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ।ਬਿਜਲੀ ਕੁਨੈਕਸ਼ਨ ਜਾਰੀ ਕਰਨ ਲਈ ਬੇਨਤੀ ਤੇ ਵਰਕ ਆਰਡਰ ਨੰਬਰ ਇੱਕ ਮਿਤੀ 8 ਫਰਵਰੀ,1916 ਰਾਹੀਂ ਪਹਿਲਾ ਬਿਜਲੀ ਕੁਨੈਕਸ਼ਨ ਜਾਰੀ ਕੀਤਾ ਗਿਆ ਅਤੇ ਬਿਜਲੀ ਬਿਨੈਕਾਰ ਨੂੰ ਬਿਜਲੀ ਕੁਨੈਕਸ਼ਨ ਜਾਰੀ ਕਰਨ ਲਈ 55 ਰੁਪਏ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ।
ਪਾਵਰਕਾਮ ਦੇ ਦੱਖਣ ਸੰਚਾਲਣ ਜੌਨ ਦੇ ਮੁੱਖ ਇੰਜੀਨੀਅਰ ਇੰਜੀ: ਰਤਨ ਮਿੱਤਲ ਅਨੁਸਾਰ ਸ੍ਰੀਮਤੀ ਸਰਿਤਾ ਪਾਵਰਕਾਮ ਇਕ ਕਰੋੜਵੇਂ ਬਿਜਲੀ ਖਪਤਕਾਰ ਹਨ, ਉਨ੍ਹਾਂ ਨੇ ਪਾਵਰਕਾਮ ਤੋਂ ਘਰੇਲੂ ਕੁਨੈਕਸ਼ਨ ਲਿਆ, ਜਿਨ੍ਹਾਂ ਨੂੰ 31 ਜੁਲਾਈ 2021 ਨੂੰ ਬਿਜਲੀ ਖਪਤ ਦਾ ਬਿਲ ਜਾਰੀ ਕੀਤਾ ਗਿਆ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਰਿਕਾਰਡ ਅਨੁਸਾਰ ਸੰਨ 1917 ਵਿੱਚ ਬਿਜਲੀ ਦੀਆਂ ਦਰਾਂ ਅੱਠ ਆਨਾ ਪ੍ਰਤੀ ਯੂਨਿਟ ਸਨ ਅਤੇ ਇਸ ਵਿੱਚ 25 ਫੀਸਦੀ ਦੀ ਛੋਟ ਦਿੱਤੀ ਗਈ ਸੀ ।ਅੱਪਰ ਬਾਰੀ ਦੁਆਬ ਨਹਿਰ ਦੀ ਜਗ੍ਹਾ ,ਜਿਸ ਤੇ 1915 ਵਿੱਚ ਸ਼ਹਿਰ ਲਈ ਬਿਜਲੀ ਪੈਦਾ ਕਰਨ ਲਈ ਟਰਬਾਈਨਾਂ ਲਗਾਈਆਂ ਗਈਆਂ ਸਨ ,ਨੂੰ ਹਿਰਦੇ ਪ੍ਰੋਜੈਕਟ ਤਹਿਤ ਸੁਰੱਖਿਅਤ ਰੱਖਿਆ ਗਿਆ ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 1995 ਚ ਨਗਰ ਕੌਂਸਲ ਨਗਰਪਾਲਿਕਾ ਬਿਜਲੀ ਵਿਭਾਗ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਇਹ ਕਾਫੀ ਲੰਬਾ ਸਫਰ ਤੈ ਕਰ ਚੁੱਕਾ ਹੈ।
ਇਸ ਸਮੇਂ ਪਾਵਰਕਾਮ ਇਕ ਕਰੋੜ ਸਤ ਲੱਖ ਦੇ ਲਗਭਗ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾ ਰਿਹਾ ਹੈ, ਜਿਨ੍ਹਾਂ ਵਿੱਚ 79.28 ਲੱਖ ਘਰੇਲੂ ਕੁਨੈਕਸ਼ਨ,12.57 ਲੱਖ ਵਣਜ ਕੁਨੈਕਸ਼ਨ, 13.91 ਲੱਖ ਖੇਤੀ ਕੁਨੈਕਸ਼ਨ, 1.57 ਸਨਅਤੀ ਕੁਨੈਕਸ਼ਨ ਅਤੇ 6414 ਹੋਰ ਕੁਨੈਕਸ਼ਨ ਹਨ।