AAP ਵਿਧਾਇਕਾ ਦੀ ਨੂੰਹ ਸਮੇਤ 8 ਖ਼ਿਲਾਫ਼ FIR ਦਰਜ
ਚੰਡੀਗੜ੍ਹ, 8 ਫਰਵਰੀ 2026- ਲੁਧਿਆਣਾ ਦੇ ਥਾਣਾ ਡਾਬਾ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦੇ ਪਤੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਉਨ੍ਹਾਂ ਦੀ ਨੂੰਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ 8 ਲੋਕਾਂ ਵਿਰੁੱਧ ਧੋਖਾਧੜੀ, ਚੋਰੀ ਅਤੇ ਅਮਾਨਤ ਵਿੱਚ ਖ਼ਿਆਨਤ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ, ਵਾਸੀ ਐਮ.ਜੇ.ਕੇ ਨਗਰ, ਪਿੰਡ ਲੋਹਾਰਾ, ਲੁਧਿਆਣਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਨੂੰਹ ਨਵਨੀਤ ਕੌਰ, ਉਨ੍ਹਾਂ ਦੇ ਲੜਕੇ ਨਵਕਿਰਨਜੀਤ ਸਿੰਘ ਨੂੰ ਸਪਾਊਸ ਵੀਜ਼ਾ (Spouse Visa) 'ਤੇ ਆਸਟ੍ਰੇਲੀਆ ਲੈ ਕੇ ਗਈ ਸੀ। ਉਨ੍ਹਾਂ ਦੇ ਵਿਦੇਸ਼ ਜਾਣ ਮਗਰੋਂ ਦੋਸ਼ੀ ਧਿਰ ਨੇ ਸ਼ਿਕਾਇਤਕਰਤਾ ਦੇ ਘਰੋਂ ਅਲਮਾਰੀ ਵਿੱਚੋਂ ਕਰੀਬ 20 ਤੋਲੇ ਸੋਨਾ ਅਤੇ ਹੋਰ ਸਾਮਾਨ ਚੋਰੀ ਕਰ ਲਿਆ।
ਸ਼ਿਕਾਇਤ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਜਦੋਂ ਸ਼ਿਕਾਇਤਕਰਤਾ ਦੇ ਲੜਕੇ ਨੇ ਇਸ ਬਾਰੇ ਨਵਨੀਤ ਕੌਰ ਨਾਲ ਗੱਲ ਕੀਤੀ ਤਾਂ ਉਸ ਨੇ ਲੜਾਈ-ਝਗੜਾ ਕਰਕੇ ਲੜਕੇ ਦਾ ਨਾਮ ਪੀ.ਆਰ. (PR) ਕੇਸ ਵਿੱਚੋਂ ਕੱਟਵਾ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਅਤੇ ਪੀ.ਆਰ. ਕਰਵਾਉਣ ਲਈ ਨਵਨੀਤ ਕੌਰ ਰਾਹੀਂ ਕਰੀਬ 50 ਲੱਖ ਰੁਪਏ ਖ਼ਰਚ ਕੀਤੇ ਸਨ, ਪਰ ਦੋਸ਼ੀਆਂ ਨੇ ਧੋਖਾਧੜੀ ਕਰਕੇ ਉਨ੍ਹਾਂ ਦੇ ਲੜਕੇ ਦਾ ਭਵਿੱਖ ਖ਼ਰਾਬ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ IPC ਦੀਆਂ ਧਾਰਾਵਾਂ 406, 420, 380 ਅਤੇ 120-B ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਸਬ-ਇੰਸਪੈਕਟਰ (ASI) ਸੁਰਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।