ਉਗਰਾਹਾਂ ਦੇ ਵਰਕਰਾਂ 'ਤੇ ਤਸ਼ੱਦਦ ਅਤੇ ਗ੍ਰਿਫਤਾਰੀਆਂ ਦੇ ਵਿਰੋਧ 'ਚ ਮੁੱਖ ਮੰਤਰੀ ਦੀਆਂ ਅਰਥੀਆਂ ਫੂਕੀਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 08 ਫ਼ਰਵਰੀ,2026- ਕਿਰਤੀ ਕਿਸਾਨ ਯੂਨੀਅਨ ਇਕਾਈ ਔਡ਼ ਜਿਲ੍ਹਾ ਸ਼. ਭ. ਸ. ਨਗਰ ਵਲੋਂ ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ ) ਦੇ ਵਰਕਰਾਂ ਉੱਤੇ ਅੰਨ੍ਹੇ ਪੁਲਸ ਤਸ਼ੱਦਦ ਅਤੇ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਪਿੰਡ ਉੜਾਪੜ ਅਤੇ ਬੇਗੋਵਾਲ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਰਥੀਆਂ ਫੂਕੀਆਂ ਗਈਆਂ l ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ ਨੇ ਆਮ ਆਦਮੀ ਸਰਕਾਰ ਵਲੋਂ ਇਸ ਘਿਨਾਉਣੀ ਕਾਰਵਾਈ ਨੂੰ ਕਿਸਾਨਾਂ ਉੱਤੇ ਹਮਲਾ ਕਰਾਰ ਦਿੱਤਾ l ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਇਸ ਚਣੌਤੀ ਨੂੰ ਸਵੀਕਾਰ ਕਰਦੇ ਹਨ l ਉਨ੍ਹਾਂ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾ ਖਿਲਾਫ਼ ਜੰਗ ਛੇੜ ਦਿੱਤੀ ਹੈ l ਕੇਂਦਰ ਦੀ ਭਾਜਪਾ ਸਰਕਾਰ ਨੇ ਅਮਰੀਕਾ ਦੀ ਟਰੰਪ ਸਰਕਾਰ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ l ਜਿਹੜੀ ਡੀਲ ਅਮਰੀਕਾ ਸਰਕਾਰ ਨਾਲ਼ ਹੋਈ ਹੈ ਉਸ ਵਿੱਚ ਖੇਤੀ ਅਤੇ ਖੇਤੀ ਨਾਲ਼ ਸੰਬੰਧਤ ਧੰਦੇ ਵੀ ਸ਼ਾਮਲ ਹਨ ਡੀਲ ਲਾਗੂ ਹੋਣ ਨਾਲ਼ ਭਾਰਤ ਦੀ ਖੇਤੀ ਤਬਾਹ ਹੋ ਜਾਵੇਗੀ l ਇਸ ਡੀਲ ਉੱਤੇ ਭਾਜਪਾ ਅਤੇ ਭਗਵੰਤ ਮਾਨ ਦੀ ਸਰਕਾਰ ਇੱਕ ਮੱਤ ਹਨ l ਕਿਸਾਨ ਇਸ ਧੱਕੇਸ਼ਾਹੀ ਨੂੰ ਸਹਿਣ ਨਹੀਂ ਕਰਨਗੇ l ਇਸਦਾ ਕਰਾਰਾ ਜਵਾਬ ਦਿੱਤਾ ਜਾਵੇਗਾ l ਮਾਨ ਸਰਕਾਰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾ ਕਰੇ ਅਤੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ਼ ਕਾਰਵਾਈ ਕਰੇ l ਅੱਜ ਦੇ ਅਰਥੀ ਫੂਕ ਮੁਜ਼ਾਹਰਿਆ ਵਿੱਚ ਜੀਵਨ ਦਾਸ ਬੇਗੋਵਾਲ, ਹਰਜੀਤ ਸਿੰਘ ਫਾਂਬੜਾ, ਕਰਨੈਲ ਸਿੰਘ ਉੜਾਪੜ, ਦਲਜੀਤ ਸਿੰਘ ਐਡਵੋਕੇਟ, ਬਲਦੇਵ ਸਿੰਘ ਉੜਾਪੜ,ਕਸ਼ਮੀਰ ਸਿੰਘ ਬੇਗੋਵਾਲ, ਚਰਨਜੀਤ ਸਿੰਘ ਬੇਗੋਵਾਲ, ਕ੍ਰਿਸ਼ਨ ਬੇਗੋਵਾਲ, ਚਮਨ ਲਾਲ ਬੇਗੋਵਾਲ, ਜਰਨੈਲ ਸਿੰਘ ਬੁਰਜ ਟਹਿਲ ਦਾਸ, ਹਰਪਾਲ ਸਿੰਘ, ਅਮਰੀਕ ਸਿੰਘ ਅਤੇ ਜਸਪਾਲ ਸਿੰਘ ਫਾਂਬੜਾ, ਗੁਰਨਾਮ ਸਿੰਘ ਉੜਾਪੜ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਪ੍ਰਦਰਸ਼ਨਾਂ ਵਿੱਚ ਸ਼ਾਮਲ ਸਨ l