ਡਾ. ਕਿਰਣ ਬੇਦੀ ਵੱਲੋਂ CGC ਯੂਨੀਵਰਸਿਟੀ ਮੋਹਾਲੀ ਵਿਖੇ 'ਕਿਰਣ ਬੇਦੀ ਲੀਡਰਸ਼ਿਪ ਲਰਨਿੰਗਜ਼' ਪ੍ਰੋਗਰਾਮ ਦਾ ਆਗਾਜ਼
ਸਹਿਤਿਆਮ 2026 ਦੌਰਾਨ ‘ਫੀਅਰਲੈੱਸ ਗਵਰਨੈਂਸ’ ਯਾਨੀ ਨਿਡਰ ਪ੍ਰਸ਼ਾਸਨ ਫਲਸਫੇ ਨਾਲ ਵਿਦਿਆਰਥੀਆਂ ਨੂੰ ਜੋੜਨ ਦੀ ਪਹਿਲ
ਮੋਹਾਲੀ: 7 ਫਰਵਰੀ 2026- ਸੀ.ਜੀ.ਸੀ ਯੂਨੀਵਰਸਿਟੀ, ਮੋਹਾਲੀ ਨੇ ਸਿੱਖਿਆ ਅਤੇ ਲੀਡਰਸ਼ਿਪ ਦੇ ਖੇਤਰ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਦਿਆਂ ਆਪਣੇ ਸਾਲਾਨਾ ਸਾਹਿਤ ਉਤਸਵ ‘ਸਹਿਤਿਆਮ 2026’ ਦੌਰਾਨ ‘ਕਿਰਣ ਬੇਦੀ ਲੀਡਰਸ਼ਿਪ ਲਰਨਿੰਗਜ਼ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਉਦਘਾਟਨ ਭਾਰਤ ਦੀ ਪਹਿਲੀ ਮਹਿਲਾ ਆਈ.ਪੀ.ਐਸ. ਅਧਿਕਾਰੀ ਅਤੇ ਪੁਡੂਚੇਰੀ ਦੀ ਸਾਬਕਾ ਲੈਫ਼ਟਿਨੈਂਟ ਗਵਰਨਰ ਡਾ. ਕਿਰਣ ਬੇਦੀ ਵੱਲੋਂ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਕਿਰਣ ਬੇਦੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਦੇਸ਼ ਨੂੰ ਸਿਧਾਂਤਕ ਅਤੇ ਦਲੇਰਾਨਾ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ, "ਨਿਡਰ ਪ੍ਰਸ਼ਾਸਨ ਦੀ ਨੀਂਹ ਵਿਅਕਤੀਗਤ ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ 'ਤੇ ਟਿਕੀ ਹੁੰਦੀ ਹੈ।" ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਹਿੰਮਤ, ਨੈਤਿਕਤਾ ਅਤੇ ਲੋਕ-ਹਿੱਤ ਲਈ ਕੰਮ ਕਰਨ ਦਾ ਜਜ਼ਬਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਕਿਰਣ ਬੇਦੀ ਲੀਡਰਸ਼ਿਪ ਲਰਨਿੰਗ ਪ੍ਰੋਗਰਾਮ ਦੇ ਤਹਿਤ ‘ਫੀਅਰਲੈੱਸ ਲੀਡਰਸ਼ਿਪ ਐਂਡ ਆਂਤਰਪ੍ਰਨਿਊਰਸ਼ਿਪ ਚੈਲੇਂਜ’ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਦੇ ਦੋ ਮੁੱਖ ਪੜਾਅ ਹਨ ਪਹਿਲਾ ਪੜਾਅ ਗਵਰਨੈਂਸ ਇਨੋਵੇਸ਼ਨ ਟ੍ਰੈਕ ਹੈ, ਜਿੱਥੇ ਵਿਦਿਆਰਥੀ ਕੈਂਪਸ ਅਤੇ ਸਟਾਰਟਅੱਪ ਪੱਧਰ 'ਤੇ ਸੁਧਾਰਕ ਮਾਡਲ ਪੇਸ਼ ਕਰਨਗੇ।ਜਦ ਕਿ ਦੂਜੇ ਪੜਾਅ ਲੀਡਰਸ਼ਿਪ-ਇਨ-ਐਕਸ਼ਨ ਸਿਮੂਲੇਸ਼ਨ ਹੈ ਜਿਸ ਵਿੱਚ ਅਸਲ ਜ਼ਿੰਦਗੀ ਵਰਗੇ ਦਬਾਅ ਵਾਲੇ ਹਾਲਾਤਾਂ ਵਿੱਚ ਵਿਦਿਆਰਥੀਆਂ ਦੀ ਫੈਸਲਾ ਲੈਣ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ। ਇਸ ਦੇ ਨਾਲ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ 'ਮੈਰਿਟ ਸਰਟੀਫਿਕੇਟ' ਨਾਲ ਨਿਵਾਜਿਆ ਜਾਵੇਗਾ।
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਡਾ. ਕਿਰਣ ਬੇਦੀ ਦੇ ਮਾਰਗਦਰਸ਼ਨ ਹੇਠ ਇਸ ਪ੍ਰੋਗਰਾਮ ਨੂੰ ਇੱਕ ਸੰਰਚਿਤ ਸਰਟੀਫਿਕੇਟ ਕੋਰਸ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦਾ ਮੁੱਖ ਮਕਸਦ ਕਿਤਾਬੀ ਗਿਆਨ ਅਤੇ ਅਸਲ ਪ੍ਰਸ਼ਾਸਨਿਕ ਚੁਣੌਤੀਆਂ ਦੇ ਵਿਚਕਾਰਲੇ ਪਾੜੇ ਨੂੰ ਖਤਮ ਕਰਨਾ ਹੈ। ਇਹ ਪਹਿਲ ਸੀ ਜੀ ਸੀ ਯੂਨੀਵਰਸਿਟੀ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਤਹਿਤ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਨੈਤਿਕ ਅਤੇ ਸਮਾਜਿਕ ਨੇਤਾ ਤਿਆਰ ਕੀਤੇ ਜਾ ਰਹੇ ਹਨ।
ਕੌਮਾਂਤਰੀ ਐਵਾਰਡ ਫਾਦਰ ਆਫ਼ ਐਜ਼ੂਕੇਸ਼ਨ ਨਾਲ ਨਿਵਾਜੇ ਜਾ ਚੁੱਕੇ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਸੰਸਥਾਪਕ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਹਿਤਿਆਮ 2026 ਦੌਰਾਨ ਕਿਰਨ ਬੇਦੀ ਵੱਲੋਂ ਕੀਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਸੀ ਜੀ ਸੀ ਮੋਹਾਲੀ ਦੀ ਉਸ ਵੱਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜਿਸ ਅਧੀਨ ਯੂਨੀਵਰਸਿਟੀ ਬੁੱਧਿਕ ਗੰਭੀਰਤਾ ਦੇ ਨਾਲ-ਨਾਲ ਨੈਤਿਕ ਹਿੰਮਤ ਨਾਲ ਭਰਪੂਰ ਭਵਿੱਖ ਦੇ ਨੇਤਾਵਾਂ ਦੀ ਤਿਆਰੀ ਕਰ ਰਹੀ ਹੈ। ਫੀਅਰਲੈੱਸ ਗਵਰਨੈਂਸ ਦੇ ਆਦਰਸ਼ਾਂ ਨੂੰ ਆਪਣੇ ਅਕਾਦਮਿਕ ਪਰਿਸਰ ਵਿੱਚ ਸ਼ਾਮਲ ਕਰਕੇ ਯੂਨੀਵਰਸਿਟੀ ਨੇ ਦੇਸ਼ ਦੀ ਵਿਕਸਿਤ ਰਾਸ਼ਟਰੀ ਦ੍ਰਿਸ਼ਟੀ ਨਾਲ ਜੁੜੀ ਇੱਕ ਸਸ਼ਕਤ ਨਵੀਂ ਪੀੜ੍ਹੀ ਤਿਆਰ ਕਰਨ ਵੱਲ ਮਹੱਤਵਪੂਰਨ ਕਦਮ ਚੁੱਕਿਆ ਹੈ।