ਅੰਡਰ-19 ਵਿਸ਼ਵ ਕੱਪ ਦੌਰਾਨ ਡੇਰਾ ਸਿਰਸਾ ਦੇ ਖਿਡਾਰੀ ਕਨਿਸ਼ਕ ਚੌਹਾਨ ਦੇ ਪ੍ਰਦਰਸ਼ਨ ’ਤੇ ਜਸ਼ਨ ਮਨਾਏ
ਅਸ਼ੋਕ ਵਰਮਾ
ਸਿਰਸਾ, 7 ਫਰਵਰੀ 2026: ਭਾਰਤੀ ਅੰਡਰ-19 ਕ੍ਰਿਕਟ ਟੀਮ ਦੀ ਛੇਵੀਂ ਵਿਸ਼ਵ ਕੱਪ ਜਿੱਤ ਅਤੇ ਸ਼ਾਹ ਸਤਨਾਮ ਜੀ ਬੁਆਏਜ਼ ਕਾਲਜ, ਸਿਰਸਾ ਦੇ ਆਲਰਾਉਂਡਰ ਕਨਿਸ਼ਕ ਚੌਹਾਨ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਸ਼ਾਹ ਸਤਨਾਮ ਜੀ ਕ੍ਰਿਕਟ ਅਕੈਡਮੀ ਨੇ ਇਸ ਇਤਿਹਾਸਕ ਪ੍ਰਾਪਤੀ ਤੇ ਕਾਲਜ ਕੈਂਪਸ ਵਿੱਚ ਜਸ਼ਨ ਮਨਾਇਆ। ਵਿਦਿਆਰਥੀਆਂ, ਖਿਡਾਰੀਆਂ ਅਤੇ ਸਟਾਫ ਮੈਂਬਰਾਂ ਨੇ ਕਾਲਜ ਦੇ ਵਿਹੜੇ ਵਿੱਚ ਢੋਲ ਦੀ ਤਾਲ ’ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਭਾਰਤ ਦੀ ਜਿੱਤ ਅਤੇ ਕਨਿਸ਼ਕ ਚੌਹਾਨ ਦੀ ਸਫਲਤਾ ’ਤੇ ਇੱਕ ਦੂਜੇ ਨੂੰ ਵਧਾਈ ਦਿੰਦੇ ਹੋਏ, ਉਨ੍ਹਾਂ ਨੇ ਮਿਠਾਈਆਂ ਵੰਡੀਆਂ। ਕਾਲਜ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਕ੍ਰਿਕਟ ਅਕੈਡਮੀ ਦੇ ਜਸਕਰਨ ਸਿੰਘ ਸਿੱਧੂ ਅਤੇ ਸਟਾਫ ਮੈਂਬਰਾਂ ਨੇ ਕਨਿਸ਼ਕ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਇੰਨ੍ਹਾਂ ਸ਼ਖਸ਼ੀਅਤਾਂ ਨੇ ਕਿਹਾ ਕਿ ਇਹ ਸਿਰਸਾ, ਹਰਿਆਣਾ ਅਤੇ ਪੂਰੇ ਦੇਸ਼ ਲਈ ਮਾਣ ਵਾਲਾ ਪਲ ਹੈ ਕਿ ਭਾਰਤ ਨੇ ਅੰਡਰ-19 ਵਿਸ਼ਵ ਕੱਪ ਜਿੱਤਿਆ ਹੈ।
ਇਸ ਦੌਰਾਨ ਸ਼ਾਹ ਸਤਨਾਮ ਜੀ ਐਜੂਕੇਸ਼ਨਲ ਇੰਸਟੀਚਿਊਟ ਦੇ ਪ੍ਰਸ਼ਾਸਕ ਚਰਨਜੀਤ ਇੰਸਾਂ, ਮੁੱਖ ਕੋਚ ਡਾ. ਨਵਜੀਤ ਭੁੱਲਰ, ਸੇਵਾਮੁਕਤ ਕਰਨਲ ਨਰਿੰਦਰ ਪਾਲ ਸਿੰਘ ਤੂਰ ਅਤੇ ਸਿਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੇਨੀਵਾਲ ਨੇ ਵੀ ਕਨਿਸ਼ਕ ਚੌਹਾਨ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਉਨ੍ਹਾਂ ਕਿਹਾ ਕਿ ਅੰਤਿਮ ਸਾਲ ਦੇ ਵਿਦਿਆਰਥੀ ਕਨਿਸ਼ਕ ਚੌਹਾਨ ਨੇ ਇਸ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਨਿਸ਼ਕ ਨੇ ਇੱਕ ਤੇਜ਼ ਗੇਂਦਬਾਜ਼ ਦੇ ਤੌਰ ’ਤੇ ਵਿਕਟਾਂ ਲਈਆਂ ਜਿਸ ਬਾਰੇ ਸਿਖਲਾਈ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਦਿੱਤੀ ਸੀ। ਅਕੈਡਮੀ ਦੇ ਜਸਕਰਨ ਸਿੰਘ ਸਿੱਧੂ ਨੇ ਕਿਹਾ ਕਿ ਭਾਰਤੀ ਅੰਡਰ-19 ਟੀਮ ਦੀ ਜਿੱਤ ਕਨਿਸ਼ਕ ਨੇ ਟੀਮ ਕੋਚ ਵੀਵੀਐਸ ਲਕਸ਼ਮਣ ਦੁਆਰਾ ਸੌਂਪੀ ਗਈ ਫਿਨਿਸ਼ਰ ਦੀ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਜਿਸ ਦੇ ਚਲਦਿਆਂ ਇਹ ਪ੍ਰਾਪਤੀ ਕਰਨੀ ਸੰਭਵ ਹੋ ਸਕੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ, ਪਰ ਸੰਸਥਾ ਲਈ ਇਸ ਤੋਂ ਵੀ ਵੱਡੀ ਪ੍ਰਾਪਤੀ ਇਹ ਹੈ ਕਿ ਕਨਿਸ਼ਕ ਚੌਹਾਨ ਇਸ ਅਕੈਡਮੀ ਦਾ ਪਹਿਲਾ ਖਿਡਾਰੀ ਹੈ ਜਿਸ ਨੇ ਇੰਨੇ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਅਨਿਰੁਧ ਚੌਧਰੀ ਅਤੇ ਸਿਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਵੀ ਕਨਿਸ਼ਕ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਿਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਕਿਹਾ ਕਿ ਕਨਿਸ਼ਕ ਚੌਹਾਨ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਿਰਸਾ ਦਾ ਮਾਣ ਵਧਾਇਆ ਹੈ । ਉਨ੍ਹਾਂ ਕਿਹਾ ਕਿ ਕਨਿਸ਼ਕ ਇੱਕ ਮਿਹਨਤੀ ਖਿਡਾਰੀ ਹੈ ਜੋ ਜਾਣਦਾ ਹੈ ਕਿ ਹਰ ਮੌਕੇ ਦਾ ਫਾਇਦਾ ਕਿਵੇਂ ਉਠਾਉਣਾ ਹੈ। ਡਾ. ਬੈਨੀਵਾਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ ਵਿੱਚ, ਕਨਿਸ਼ਕ ਆਈਪੀਐਲ ਵਰਗੇ ਵੱਡੇ ਮੰਚ ’ਤੇ ਖੇਡ ਕੇ ਤਜਰਬਾ ਹਾਸਲ ਕਰੇਗਾ।