ਧਰਤੀ ਤੋਂ ਅੰਬਰ ਤੀਕ ਫ਼ੈਲਿਆ ਬਿਰਖ ਸੀ ਡਾ. ਮਹਿੰਦਰ ਸਿੰਘ ਰੰਧਾਵਾ
ਗੁਰਭਜਨ ਸਿੰਘ ਗਿੱਲ (ਪ੍ਰੋ.)
ਡਾ.ਮਹਿੰਦਰ ਸਿੰਘ ਰੰਧਾਵਾ ਪੇਂਡੂ ਵਿਕਾਸ, ਸਾਹਿਤ ਕਲਾ, ਵਿਗਿਆਨ ਤੇ ਲੋਕ ਪ੍ਰਸ਼ਾਸਨ ਦਾ ਚੌਮੁਖੀਆ ਚਿਰਾਗ ਸਨ ਡਾ. ਮਹਿੰਦਰ ਸਿੰਘ ਰੰਧਾਵਾ ਜੀ ਦੇ 116ਵੇਂ ਜਨਮ ਉਤਸਵ ਮੌਕੇ ਉਨ੍ਹਾਂ ਨੂੰ ਚੇਤੇ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ। ਧਰਤੀ ਤੋਂ ਅੰਬਰ ਤੀਕ ਫ਼ੈਲਿਆ ਪੰਜਾਬੀ ਪੁੱਤਰ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਲਾਂ ਵਿੱਚ ਡਾ. ਰੰਧਾਵਾ ਦਾ ਜੱਦੀ ਘਰ ਸੀ। ਸਮਾਰਕ ਵਾਂਗ ਸੰਭਾਲਣ ਲਈ ਪੰਜਾਬ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਸੀ ਪਰ ਢਹਿ ਗਿਆ। ਬਹੁਤ ਕੁਝ ਢਕਿ ਰਿਹਾ ਹੈ ਯਾਦਾਂ ਵਿੱਚੋਂ ਵੀ।
ਅੱਜ ਉਨ੍ਹਾਂ ਦੇ ਪਰਮ ਮਿੱਤਰ ਚਿੱਤਰਕਾਰ ਸ. ਸ਼ੋਭਾ ਸਿੰਘ ਜੀ ਦਾ ਬਣਾਇਆ ਇਹ ਚਿੱਤਰ ਗਹੁ ਨਾਲ ਵੇਖੇ। ਸੰਪੂਰਨ ਰੰਧਾਵਾ ਸਾਹਿਬ ਦਿਸਦੇ ਨੇ।
ਉਹ ਸਾਂਝੇ ਪੰਜਾਬ ਦੇ ਸਰਬ ਪ੍ਰਵਾਨਤ ਵਿਕਾਸ ਪੁਰਸ਼ ਸਨ। ਸਾਰੀ ਜ਼ਿੰਦਗੀ ਲਟ ਲਟ ਬਲ਼ੇ। ਨੂਰ ਹੀ ਨੂਰ, ਰੌਸ਼ਨੀ ਹੀ ਰੌਸ਼ਨੀ। ਪੰਜਾਬ ਖੇਤੀ ਯੂਨੀਵਰਸਿਟੀ ਦੇ 1968 ਤੋਂ 1975 ਤੀਕ ਵਾਈਸ ਚਾਂਸਲਰ ਰਹੇ। ਕਿੰਨਾ ਕੁਝ ਬੀਜ ਗਏ ਏਥੇ। ਸੁਪਨੇ, ਸੰਸਕਾਰ, ਸਾਦਗੀ ਭਰਿਆ ਸੁਹਜ। ਫੁੱਲ ਹੀ ਫੁੱਲ, ਬੂਟੇ ਹੀ ਬੂਟੇ ਗਲੀਓ ਗਲੀ। ਹਰ ਸੜਕ ਦਾ ਨਾਮ ਫੁੱਲਾਂ ਦੇ ਨਾਮ ਤੇ। ਬੂਟਿਆਂ ਨਾਲ ਗੱਲਾਂ ਕਰਦੇ, ਪੱਤਿਆਂ ਦਾ ਹਾਲ ਚਾਲ ਪੁੱਛਦੇ। ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਉਨ੍ਹਾਂ ਬਣਾਏ। ਯੁੱਗ ਕਵੀ ਪ੍ਰੋ. ਮੋਹਨ ਸਿੰਘ ਨੂੰ ਲਿਆ ਕੇ ਭਾਸ਼ਾਵਾਂ,ਪੱਤਰਕਾਰੀ ਤੇ ਸੱਭਿਆਚਾਰ ਵਿਭਾਗ ਬਣਾਇਆ। ਪੁਰਾਤਨ ਪੰਜਾਬੀ ਘਰ ਦਾ ਅਜਾਇਬਘਰ ਵਿਦਿਆਰਥੀਂ ਦੀ ਮਦਦ ਨਾਲ ਉਸਾਰਿਆ। ਕਿਸਾਨ ਮੇਲਿਆਂ ਵਾ ਵਿਸਥਾਰ ਕਰਕੇ ਵਿੱਚ ਕਿਤਾਬਾਂ ਲਿਆਂਦੀਆਂ। ਕਿਤਾਬਾਂ ਦੇ ਸਟਾਲ ਮੁਫ਼ਤ ਲੱਗਦੇ। ਸ਼ੋਕ ਕਤਾਰਾਂ ਬੰਨ੍ਹ ਕੇ ਕਿਤਾਬਾਂ ਖ਼ਰੀਦਦੇ। ਪ੍ਰੀਤ ਲੜੀ ਆਰਸੀ ਮਾਸਿਕ ਪੱਤਰਾਂ ਦੇ ਚੰਦੇ ਭਰਦੇ।
ਚੂਪਣ ਵਾਲੇ ਅੰਬਾਂ ਦੀ ਰੁੱਤੇ ਇਕ ਹਫ਼ਤਾ ਪਿੰਡ ਰਹਿੰਦੇ ਬਾਲਟੀ ਚ ਪਾਣੀ ਪਾ ਕੇ ਅੰਬ ਧੋਂਦੇ, ਸੱਦੇ ਹੋਏ ਮਿੱਤਰਾਂ ਨੂੰ ਚੂਪਾਉਂਦੇ। ਅੰਬਾਂ ਦੀਆਂ ਟੋਕਰੀਆਂ ਭਰ ਕੇ ਰਾਹਦਾਰੀ ਵਜੋਂ ਸ਼ਗਨ ਰੂਪ ਦਿੰਦੇ। ਇਹ ਗੱਲ ਉਨ੍ਹਾਂ ਦੇ ਮਿੱਤਰ ਸਵਰਗੀ ਸ, ਪ੍ਰੀਤਮ ਸਿੰਘ ਭਿੰਡਰ ਨੀਲੋਖੇੜੀ ਵਾਲਿਆਂ ਨੇ ਮੈਨੂੰ ਤੀਹ ਪੈਂਤੀ ਸਾਲ ਪਹਿਲਾਂ ਦੱਸੀ ਸੀ।
ਨਾਲ ਤੁਰਦੀ ਸੰਧੂ ਜੋੜੀ। ਹਰੀ ਸਿੰਘ ਸੰਧੂ ਲੈਂਡ ਸਕੇਪਿੰਗ ਮਾਹਿਰ ਤੇ ਤਰਲੋਚਨ ਸਿੰਘ ਸੰਧੂ ਅਸਟੇਟ ਅਫ਼ਸਰ। ਹੁਣ ਵੀ ਦੂਜੇ ਸੰਧੂ ਸਾਹਿਬ ਗੁਰਦੇਵ ਨਗਰ ਰਹਿੰਦੇ ਨੇ, ਭਾਵੇਂ ਅੱਜ ਹੀ ਜਾ ਕੇ ਉਨ੍ਹਾਂ ਤੋਂ ਪੁੱਛ ਲਵੋ।
ਡਾ.ਰੰਧਾਵਾ ਪੇਂਡੂ ਵਿਕਾਸ,ਸਾਹਿਤ ਕਲਾ,ਵਿਗਿਆਨ ਤੇ ਲੋਕ ਪ੍ਰਸ਼ਾਸਨ ਦਾ ਚੌਮੁਖੀਆ ਚਿਰਾਗ ਸਨ। ਉਨ੍ਹਾਂ ਦੇਸ਼ ਵੰਡ ਮਗਰੋਂ ਜਿਸ ਸ਼ਕਤੀ ਨਾਲ ਆਈ ਸੀ ਐੱਸ ਅਫ਼ਸਰਾਂ ਸ. ਤਰਲੋਕ ਸਿੰਘ ਤੇ ਪ ਨ ਥਾਪਰ ਨਾਲ ਮਿਲ ਕੇ ਰਾਵੀ ਪਾਰੋਂ ਉੱਜੜ ਕੇ ਆਏ ਪੰਜਾਬੀਆਂ ਦਾ ਏਧਰਲੇ ਪੰਜਾਬ ਵਿੱਚ ਮੁੜ ਵਸੇਬਾ ਕਰਵਾਇਆ, ਪੰਜਾਬ ਦੀ ਮੁਰੱਬੇਬੰਦੀ ਕਰਵਾਈ, ਵਰਤਮਾਨ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਤੇ ਪੇਂਡੂ ਵਿਕਾਸ ਨੂੰ ਦਿਸ਼ਾ ਨਿਰਦੇਸ਼ ਦਿੱਤਾ, ਕਲਾ, ਹਸਤ ਸ਼ਿਲਪ, ਲੋਕ ਕਲਾਵਾਂ ਦੇ ਨਾਲ ਨਾਲ ਸਾਹਿੱਤ ਸਭਿਆਚਾਰ ਦੀ ਸੇਵਾ ਸੰਭਾਲ ਨੂੰ ਮਿਸ਼ਨ ਵਾਂਗ ਅਪਣਾਇਆ, ਉਹ ਆਪਣੇ ਆਪ ਵਿੱਚ ਮਿਸਾਲ ਹੈ।
ਜਿਸ ਸਮਰਪਿਤ ਭਾਵਨਾ ਨਾਲ ਉਹ ਵੱਡੇ ਵੱਡੇ ਫ਼ੈਸਲੇ ਪਲਾਂ ਵਿੱਚ ਕਰਕੇ ਨੇਪਰੇ ਚਾੜ੍ਹ ਲੈਂਦੇ ਸਨ ,ਉਸ ਦੀ ਮਿਸਾਲ ਲੱਭਣੀ ਆਸਾਨ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਬਣਦਿਆਂ ਉਨ੍ਹਾਂ ਲੁਧਿਆਣਾ ਵਿੱਚ ਪੰਜਾਬੀ ਭਵਨ ਦੋ ਨਿਰਮਾਣ ਦੀ ਰੂਪ ਰੇਖਾ ਉਲੀਕੀ।ਪੀ ਏ ਯੂ ਲੁਧਿਆਣਾ ਦੇ ਨਕਸ਼ਾ ਮਾਹਿਰਾਂ ਤੋਂ ਨਕਸ਼ਾ ਬਣਵਾ ਕੇ ਆਪਣੀ ਦੇਖ ਰੇਖ ਹੇਠ ਯੂਨੀਵਰਸਿਟੀ ਦੇ ਉਸਾਰੀ ਵਿਭਾਗ ਤੋਂ ਕੰਮ 1974 ਤੋਂ 1977 ਤੀਕ ਸੰਪੂਰਨ ਕਰਵਾਇਆ। ਯੁੱਗ ਕਵੀ ਪ੍ਰੋ. ਮੋਹਨ ਸਿੰਘ ਉਦੋਂ ਉਨ੍ਹਾਂ ਨਾਲ ਜਨਰਲ ਸਕੱਤਰ ਸਨ। ਉਨ੍ਹਾਂ ਦੀ ਪ੍ਰਧਾਨਗੀ ਹੇਠ 1984 ਤੋਂ ਤਿੰਨ ਮਾਰਚ 1986 ਤੀਕ ਮੈਨੂੰ ਉਨ੍ਹਾਂ ਨਾਲ ਕਾਰਜਕਾਰਨੀ ਮੈਂਬਰ ਵਜੋਂ ਕੰਮ ਕਰਨ ਦਾ ਸੁਭਾਗਾ ਮੌਕਾ ਮਿਲਿਆ। ਉਨ੍ਹਾਂ ਕੋਲ ਸਿਖਾਉਣ ਲਈ ਬਹੁਤ ਕੁਝ ਸੀ। ਹਰ ਬੋਲ ਨਵੇਂ ਸੁਪਨੇ ਤੇ ਪ੍ਰੇਰਨਾ ਵਰਗਾ।
ਪਾਰਖੂ ਬੜੇ ਸਨ। ਕੋਈ ਗੁੰਮਰਾਹ ਨਹੀਂ ਸੀ ਕਰ ਸਕਦਾ। ਅੱਖ ਦੀ ਮੈਲ਼ੀ ਝੱਟ ਬੁੱਝ ਲੈਂਦੇ। ਨਕਲੀ ਤੇ ਅਸਲੀ ਅੱਥਰੂਆਂ ਨੂੰ ਝੱਟ ਨਿਖੇੜ ਦਿੰਦੇ। ਲੋਕ ਵਿਸ਼ਵਾਸ ਵਿਚਲੇ ਪਰਿੰਦੇ ਹੰਸ ਵਾਂਗ ਦੁੱਧ ਤੇ ਪਾਣੀ ਦਾ ਨਿਖੇੜ ਕਰ ਦਿੰਦੇ। ਪੰਜਾਬੀ ਭਵਨ ਵਿੱਚ ਨਾਟਕ ਪੇਸ਼ਕਾਰੀਆਂ ਕਰਨ ਵਾਲੇ ਬਹੁਤ ਵੱਡੇ ਨਿਰਦੇਸ਼ਕ ਤੇ ਅਦਾਕਾਰ ਨੂੰ ਬਹੁਤ ਸਰਪ੍ਰਸਤੀ ਦਿੱਤੀ ਪਰ ਜਦ ਵੇਖਿਆ ਕਿ ਇਹ ਇਸ ਸੰਸਥਾ ਦੇ ਹਿਤਾਂ ਬਰਾਬਰ ਨਹੀਂ ਤੁਰ ਰਿਹਾ ਤਾਂ ਸਿਰ ਤੋਂ ਹੱਥ ਚੁੱਕ ਲਿਆ। ਮੇਰਾ ਯਕੀਨ ਨਹੀਂ ਤਾਂ ਚਸ਼ਮਦੀਦ ਗਵਾਹ ਅਮਰਜੀਤ ਗਰੇਵਾਲ ਨੂੰ ਪੁੱਛ ਲੈਣਾ। ਡਾ. ਰੰਧਾਵਾ ਦੇ ਸਹੁਰੇ ਪਿੰਡ ਨਾਰੰਗਵਾਲ(ਲੁਧਿਆਣਾ) ਵਾਲੇ ਤੋਂ। ਡਾ. ਰੰਧਾਵਾ ਅੱਖਾਂ ਦੇ ਮਹਾਨ ਸਰਜਨ ਡਾ. ਹਰਭਜਨ ਸਿੰਘ ਗਰੇਵਾਲ ਇਸੇ ਪਿੰਡ ਤੋਂ ਹੀ ਗੋਜਰਾ(ਲਾਇਲਪੁਰ) ਜਾ ਕੇ ਵੱਸੇ ਸਨ। ਡਾ. ਰੰਧਾਵਾ ਜੀ ਦੀ ਜੀਵਨ ਸਾਥਣ ਸਰਦਾਰਨੀ ਇਕਬਾਲ ਕੌਰ ਇਨ੍ਹਾਂ ਦੀ ਬੇਟੀ ਸਨ।
ਪੰਜਾਬ ਖੇਤੀ ਯੂਨੀਵਰਸਿਟੀ ਵੀ ਲੁਧਿਆਣਾ ਵਿੱਚ ਸਥਾਪਤ ਨਾ ਹੁੰਦੀ ਜੇਕਰ ਡਾ. ਰੰਧਾਵਾ ਉਸ ਵੇਲੇ ਦੀ ਪਰਤਾਪ ਸਿੰਘ ਕੈਰੋਂ ਸਰਕਾਰ ਨੂੰ ਸਹੀ ਸਲਾਹ ਸਮੇਂ ਸਿਰ ਨਾ ਦਿੰਦੇ। ਉਨ੍ਹਾਂ ਇਸ ਦੇ ਦੂਜੇ ਵਾਈਸ ਚਾਂਸਲਰ ਵਜੋਂ ਇਸ ਯੂਨੀਵਰਸਿਟੀ ਨੂੰ ਸਾਹਿੱਤ, ਕਲਾ ਤੇ ਸੱਭਿਆਚਾਰ ਦਾ ਕੇਂਦਰ ਵੀ ਬਣਾਇਆ।
ਲੁਧਿਆਣਾ ਵਿੱਚ ਕਲਾ ਸਰਗਰਮੀਆਂ ਨੂੰ ਹੁਲਾਰਾ ਦੇਣ ਵਿੱਚ ਉਨਾਂ ਸਥਾਨਕ ਵਿਦਿਅਕ ਸੰਸਥਾਵਾਂ ਨੂੰ ਵੀ ਉਤਸ਼ਾਹਿਤ ਕੀਤਾ। ਕਈ ਸੰਸਥਾਵਾਂ ਉਸਾਰਨ ਵਿੱਚ ਸਲਾਹਕਾਰਾਂ ਸੇਵਾਵਾਂ ਨਿਭਾਈਆਂ। ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਵੇਲੇ 1969 ਵਿੱਚ ਉਨ੍ਹਾਂ ਐਲਾਨ ਹੀ ਕਰ ਦਿੱਤਾ ਕਿ ਜਿਹੜਾ ਪਿੰਡ ਜਾਂ ਸ਼ਹਿਰ ਗੁਰੂ ਨਾਨਕ ਪਾਤਿਸ਼ਾਹ ਦੇ ਨਾਮ ਤੇ ਸਕੂਲ ਜਾਂ ਕਾਲਿਜ ਖੋਲ੍ਹੇਗਾ ਉਸ ਨੂੰ ਪੀ ਏ ਯੂ ਵੱਲੋਂ ਨਕਸ਼ਾ ਵੀ ਬਣਾ ਕੇ ਦਿਆਂਗੇ ਤੇ ਲੈਂਡ ਸਕੇਪਿੰਗ ਵੀ ਕਰਵਾ ਦਿਆਂਗੇ। ਮੈਂ ਗੁਰੂ ਨਾਨਕ ਕਾਲਿਜ ਕਾਲਾ ਅਫ਼ਗਾਨਾ (ਗੁਰਦਾਸਪੁਰ) ਵਿੱਚ ਪੜ੍ਹਨ ਕਰਕੇ ਜਾਣਦਾਂ ਕਿ ਇਸ ਦੀ ਉਸਾਰੀ ਵੇਲੇ ਪੀ ਏ ਯੂ ਲੁਧਿਆਣਾ ਦੇ ਆਰਕੀਟੈਕਟ ਆਉਂਦੇ ਹੁੰਦੇ ਸੀ ਏਥੇ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਬਣਵਾਇਆ। ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚ ਸੁੰਦਰ ਸ਼ਿੰਗਾਰ ਰੁੱਖਾਂ ਤੇ ਬਾਗ ਬਗੀਚਿਆਂ ਦਾ ਸੱਭਿਆਚਾਰ ਵੀ ਡਾ. ਰੰਧਾਵਾ ਦੀ ਦੇਣ ਹੈ।
ਦੇਸ਼ ਵੰਡ ਵੇਲੇ ਉਹ ਦਿੱਲੀ ਦੇ ਡਿਪਟੀ ਕਮਿਸ਼ਨਰ ਹੋਣ ਕਾਰਨ ਉਨ੍ਹਾਂ ਪੰਜਾਬੀ ਲੇਖਕਾਂ ਅੰਮ੍ਰਿਤਾ ਪ੍ਰੀਤਮ, ਗੁਰਬਖ਼ਸ਼ ਸਿੰਘ, ਨਾਨਕ ਸਿੰਘ, ਅਜੀਤ ਕੋਰ, ਭਾਪਾ ਪ੍ਰੀਤਮ ਸਿੰਘ ਤੇ ਹੋਰ ਕਿੰਨਿਆਂ ਨੂੰ ਘਰ ਅਲਾਟ ਕਰ ਦਿੱਤੇ ਅਤੇ ਮਗਰੋਂ ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਵਜੋਂ ਪੰਜਾਬੀ ਹਿੰਦੀ ਤੇ ਉਰਦੂ ਲੇਖਕਾਂ ਤੇ ਕਲਾਕਾਰਾਂ ਨੂੰ ਉਨ੍ਹਾਂ ਸਸਤੇ ਮੁੱਲ ਦੇ ਪਲਾਟ ਦੇ ਕੇ ਵਸਾਇਆ। ਕਲਾਭਵਨ ਚੰਡੀਗੜ੍ਹ ਉਨ੍ਹਾਂ ਦੀ ਹੀ ਦੂਰ ਦ੍ਰਿਸ਼ਟੀ ਦਾ ਫ਼ਲ ਹੈ।
ਡਾ. ਮ ਸ ਰੰਧਾਵਾ ਦਾ ਮਹਿਮਾ ਬਹੁ ਦਿਸ਼ਾਵੀ ਹੈ। ਪੰਜਾਬੀ ਲੋਕ ਗਾਇਕਾ ਜਗਮੋਹਨ ਕੌਰ ਤੇ ਕੇ ਦੀਪ ਦੇ ਮੁਹੱਬਤੀ ਵਿਆਹ ਨੂੰ ਵੀ ਗੇਂਦੇ ਦੇ ਫੁੱਲਾਂ ਦਾ ਵੱਡਾ ਸਾਰਾ ਹਾਰ ਪਾ ਕੇ ਲੋਕ ਪ੍ਰਵਾਨਗੀ ਦਿੱਤੀ ਸੀ। ਇਹ ਗੱਲ ਤਸਵੀਰ ਵਿਖਾ ਕੇ ਮੈਨੂੰ ਡਾ. ਸ ਸ ਦੁਸਾਂਝ ਨੇ ਦੱਸੀ ਸੀ ਬਹੁਤ ਸਾਲ ਪਹਿਲਾਂ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਰਗੀ ਮਹਾਨ ਸਿੰਖ ਸੰਸਥਾ ਦੇ ਵੀ ਉਹ ਪਹਿਲੇ ਸਰਪ੍ਰਸਤ ਸਨ। ਬਾਬਾ ਬੁੱਢਾ ਜੀ ਦੀ ਯਾਦ ਵਿੱਚ ਕੱਥੂਨੰਗਲ(ਅੰਮ੍ਰਿਤਸਰ), ਫੀਰੋਜ਼ਸ਼ਾਹ ਵਿੱਚ ਸਿੰਘਾਂ ਤੇ ਫਰੰਗੀਆਂ ਦੇ ਯੁੱਧ ਦੀ ਯਾਦਗਾਰ, ਲੁਧਿਆਣਾ, ਮੰਡੀ ਗੇਬਿੰਦਗੜ੍ਹ ਤੇ ਹੋਰ ਕਿੰਨੇ ਸ਼ਹਿਰੀਂ ਰੌਜ਼ ਗਾਰਡਨ, ਨੇਕ ਚੰਦ ਦਾ ਚੰਡੀਗੜ੍ਹ ਵਿੱਚ ਰਾਕ ਗਾਰਡਨ ਤੇ ਕਿੰਨਾ ਕੁਝ ਹੋਰ ਉਨ੍ਹਾਂ ਨੇ ਉਸਾਰਿਆ।
ਅੱਜ ਪੰਜਾਬ ਵਿੱਚ ਜਿੱਥੇ ਕਿਤੇ ਵੀ ਫੁੱਲਦਾਰ ਦਰਖ਼ਤ ਖੜ੍ਹੇ ਹਨ, ਬੋਗਵੇਲੀਆ ਦੀਆਂ ਰੰਗ ਬਰੰਗੀਆਂ ਝਾੜੀਆਂ ਹਨ, ਚੂਪਣ ਵਾਲੇ ਅੰਬਾਂ ਦੇ ਬੂਟੇ ਖੜ੍ਹੇ ਹਨ, ਉਨ੍ਹਾਂ ਵਿੱਚੋਂ ਡਾ. ਰੰਧਾਵਾ ਦੇ ਦਰਸ਼ਨ ਕਰ ਸਕਦੇ ਹੋ।
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਿੱਚ ਅੱਜ ਤੋਂ ਕਲਾ ਭਵਨ ਵਿੱਚ ਪੰਜ ਰੋਜ਼ਾ ਸਮਾਗਮ ਕਰਵਾ ਰਹੀ ਹੈ। ਬਹੁਤ ਚੰਗੀ ਗੱਲ ਹੈ।
ਡਾ. ਮ ਸ ਰੰਧਾਵਾ ਦੇ ਵਿਛੋੜੇ ਵੇਲੇ ਡਾ. ਸੁਖਦੇਵ ਸਿੰਘ ਜੀ ਵਾਈਸ ਚਾਂਸਲਰ ਪੀ ਏ ਯੂ ਦੀ ਪ੍ਰੇਰਨਾ ਨਾਲ ਵਿਸ਼ੇਸ਼ ਫੰਡ ਜਮ੍ਹਾਂ ਕੀਤਾ ਸੀ। ਅਸਾਂ ਸਾਰੇ ਅਧਿਆਪਕਾਂ /ਕਰਮਚਾਰੀਆਂ ਨੇ ਇੱਕ ਦਿਨ ਦੀ ਤਨਖਾਹ ਇਸ ਵਿੱਚ ਪਾਈ ਸੀ। ਕੁਝ ਸਾਲ ਵਿਸ਼ੇਸ਼ ਭਾਸ਼ਨ ਹੁੰਦੇ ਰਹੇ ਪਰ ਹੁਣ ਲੰਮੇ ਸਮੇਂ ਤੋਂ ਕੋਈ ਸਰਗਰਮੀ ਨਹੀਂ ਸੁਣੀ। ਜੇ ਹੁੰਦੀ ਹੋਵੇ ਤਾਂ ਦੱਸਣਾ।
ਡਾ. ਮ ਸ ਰੰਧਾਵਾ ਦੀ ਸਵੈ-ਜੀਵਨੀ ਪੜ੍ਹ ਕੇ ਉਨ੍ਹਾਂ ਨਾਲ ਉਮਰ ਲੰਮੀ ਸਾਂਝ ਪਾ ਕੇ ਜਾਣ ਸਕਦੇ ਹੋ ਕਿ ਵੱਡਾ ਬੰਦਾ ਬਣਨ ਲਈ ਕੀ ਕੁਝ ਚਾਹੀਦਾ ਹੈ।
ਅੱਜ ਦੇ ਦਿਨ ਸਾਨੂੰ ਪੰਜਾਬ ਲਈ ਮੁੜ ਸਮਰਪਿਤ ਹੋ ਕੇ ਡਾ. ਮ ਸ ਰੰਧਾਵਾ ਵਾਂਗ ਈਮਾਨ ਦਾ ਪੱਲਾ ਫੜਨਾ ਚਾਹੀਦਾ ਹੈ।

-
ਗੁਰਭਜਨ ਸਿੰਘ ਗਿੱਲ (ਪ੍ਰੋ.), ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ- ਲੁਧਿਆਣਾ
gurbhajangill@gmail.com
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.