ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਮਨਰੇਗਾ ਕਾਨੂੰਨ ਬਹਾਲ ਅਤੇ ਜੀ ਰਾਮ ਜੀ ਐਕਟ ਰੱਦ ਕਰਨ ਲਈ ਧਰਨਾ
ਅਸ਼ੋਕ ਵਰਮਾ
ਬਠਿੰਡਾ ,7 ਫਰਵਰੀ 2026 :ਮੋਦੀ ਸਰਕਾਰ ਮਗਨਰੇਗਾ ਕਾਨੂੰਨ 2005 ਬਹਾਲ ਕਰੋ ਤੇ ਜੀ ਰਾਮ ਜੀ ਐਕਟ 2025 ਨੂੰ ਰੱਦ ਕਰੇ ਅਤੇ ਪੰਜਾਬ ਸਰਕਾਰ ਔਰਤਾਂ ਨੂੰ 1000 ਰੁਪੈ ਮਹੀਨਾ ਦੇਣ ਤੇ ਪੈਨਸ਼ਨ 1500 ਤੋ ਵਧਾਕੇ 2500 ਰੁਪੈ ਕਰਨ ਦੇ ਕੀਤੇ ਵਾਅਦੇ ਪੂਰੇ ਕਰੇ । ਇਹ ਮੰਗ ਅੱਜ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਨੇ ਡੀ ਸੀ ਦਫ਼ਤਰ ਬਠਿੰਡਾ ਅੱਗੇ ਲਾਏ ਧਰਨੇ ਵਿੱਚ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕੌਂਸਲ ਦੇ ਮੈਂਬਰਾਂ ਸੁਰਜੀਤ ਸਿੰਘ ਸੋਹੀ ਤੇ ਨਾਨਕ ਚੰਦ ਲੰਬੀ ਨੇ ਮੰਗ ਕੀਤੀ ਕਿ ਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪੈ ਤੇ ਕੰਮ ਦਿਨ ਵਧਾਕੇ 200 ਕੀਤੇ ਜਾਣ । ਸੀਨੀਅਰ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਉੱਤੇ ਦੋਸ਼ ਲਾਇਆ ਕਿ ਮਨੂ ਸਮ੍ਰਿਤੀ ਨੂੰ ਮੰਨਣ ਵਾਲੀ ਬੀਜੇਪੀ ਸਰਕਾਰ ਦਲਿਤਾਂ ਅਤੇ ਗਰੀਬਾਂ ਨੂੰ ਨਫ਼ਰਤ ਕਰਦੀ ਹੈ, ਜਿਸ ਕਰਕੇ ਮਗਨਰੇਗਾ ਸਕੀਮ ਦਾ ਗੱਲ ਘੁੱਟ ਰਹੀ ਹੈ।
ਉਹਨਾਂ ਕਿਹਾ ਕਿ ਇਸੇ ਕਰਕੇ ਨਰੇਗਾ ਸਕੀਮ ਵਿੱਚ ਕੇਂਦਰ ਦਾ ਹਿੱਸਾ 90% ਤੋ ਘਟਾਕੇ 60% ਕਰ ਦਿੱਤਾ ਗਿਆ ਹੈ ਅਤੇ ਮਜ਼ਦੂਰਾਂ ਦਾ ਕੰਮ ਮੰਗਣ ਦਾ ਅਧਿਕਾਰ ਖਤਮ ਕਰ ਦਿੱਤਾ ਗਿਆ ਹੈ ਅਤੇ ਮਗਨਰੇਗਾ ਸਕੀਮ ਦਾ ਨਾਮ ਬਦਲਕੇ ਉਸਨੂੰ ਧਾਰਮਿਕ ਰੰਗਤ ਦੇ ਦਿੱਤੀ ਗਈ ਹੈ। ਡੀ ਸੀ ਬਠਿੰਡਾ ਵੱਲੋਂ ਤਹਿਸੀਲਦਾਰ ਕੁਲਦੀਪ ਸਿੰਘ ਨੇ ਧਰਨੇ ਵਿੱਚ ਪਹੁੰਚਕੇ ਧਰਨਾਕਾਰੀਆ ਤੋਂ 7 ਨੁਕਾਤੀ ਮੰਗ ਪੱਤਰ ਹਾਸਲ ਕਰਕੇ ਵਿਸ਼ਵਾਸ਼ ਦਿਵਾਇਆ ਕਿ ਸੋਮਵਾਰ ਨੂੰ ਇਹ ਮੰਗ ਪੱਤਰ ਡੀ ਸੀ ਦਫ਼ਤਰ ਵੱਲੋਂ ਯੋਗ ਪ੍ਰਣਾਲੀ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਭੇਜ ਦਿੱਤਾ ਜਾਵੇਗਾ। ਵੱਡੀ ਗਿਣਤੀ ਵਿੱਚ ਹਾਜ਼ਰ ਧਰਨਾਂਕਾਰੀਆਂ ਨੂੰ ਸੂਬਾ ਸਕੱਤਰ ਰਿਸ਼ੀ ਪਾਲ ਖੁੱਬਣ ਜ਼ਿਲ੍ਹਾ ਆਗੂ ਪਰਮਜੀਤ ਸਿੰਘ ਸੇਖਪੁਰਾ, ਸੁਰਜੀਤ ਸਿੰਘ ਸਰਦਾਰਗੜ੍ਹ, ਸੁਖਨ ਲਾਲ ਝੁੰਬਾ, ਠਾਕੁਰ ਸਿੰਘ ਕੋਟਸ਼ਮੀਰ, ਮਨਦੀਪ ਸਿੰਘ ਸਰਦਾਰਗੜ, ਜਸਵੀਰ ਕੌਰ ਸਰਾਂ ਤੇ ਬਲਜਿੰਦਰ ਸਿੰਘ ਜੋਗਾਨੰਦ ਨੇ ਵੀ ਸੰਬੋਧਨ ਕੀਤਾ।