ਭਾਬੀ ਕਮਲ ਕੌਰ ਕਤਲ ਕਾਂਡ! ਅੰਮ੍ਰਿਤਪਾਲ ਮਹਿਰੋਂ ਨੂੰ ਦੁਬਈ ਭਜਾਉਣ ਵਾਲਾ ਮਦਦਗਾਰ ਗ੍ਰਿਫ਼ਤਾਰ
Babushahi Network
ਬਠਿੰਡਾ/ਅੰਮ੍ਰਿਤਸਰ, 7 ਫਰਵਰੀ: ਬਠਿੰਡਾ ਦੇ ਬਹੁ-ਚਰਚਿਤ ਭਾਬੀ ਕਮਲ ਕੌਰ ਕਤਲ ਕਾਂਡ ਵਿੱਚ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਮੁੱਖ ਮੁਲਜ਼ਮ ਦੇ ਮਦਦਗਾਰ ਰਣਜੀਤ ਸਿੰਘ ਨੂੰ ਸ਼ਿਕੰਜੇ ਵਿੱਚ ਲਿਆ ਹੈ। ਬਠਿੰਡਾ ਪੁਲਿਸ ਮੁਲਜ਼ਮ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ, ਜਿਸ ਤੋਂ ਹੁਣ ਇਸ ਕਤਲ ਕਾਂਡ ਦੀ ਸਾਜ਼ਿਸ਼ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਕੀ ਹਨ ਇਲਜ਼ਾਮ?
ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕਮਲ ਕੌਰ ਦਾ ਕਤਲ ਕਰਨ ਤੋਂ ਬਾਅਦ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਮਹਿਰੋਂ ਨੂੰ ਦੇਸ਼ ਵਿੱਚੋਂ ਫਰਾਰ ਕਰਵਾਉਣ ਵਿੱਚ ਰਣਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ। ਰਣਜੀਤ ਸਿੰਘ 'ਤੇ ਇਲਜ਼ਾਮ ਹਨ ਕਿ ਉਸਨੇ ਅੰਮ੍ਰਿਤਪਾਲ ਮਹਿਰੋਂ ਨੂੰ ਕਾਰ ਵਿੱਚ ਬਠਿੰਡਾ ਤੋਂ ਅੰਮ੍ਰਿਤਸਰ ਏਅਰਪੋਰਟ ਤੱਕ ਛੱਡਿਆ ਸੀ। ਰਣਜੀਤ ਦੀ ਮਦਦ ਨਾਲ ਅੰਮ੍ਰਿਤਪਾਲ ਮਹਿਰੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਬਈ ਫਰਾਰ ਹੋਣ ਵਿੱਚ ਕਾਮਯਾਬ ਰਿਹਾ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਪਹਿਲਾਂ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਹੁਣ ਬਠਿੰਡਾ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਅੰਮ੍ਰਿਤਪਾਲ ਮਹਿਰੋਂ ਦੇ ਟਿਕਾਣਿਆਂ ਅਤੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਰਨਾਂ ਅਨਸਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।