ਮੋਹਾਲੀ: ਕੂੜਾ ਖਿਲਾਰਨ ਵਾਲਿਆਂ ਦੇ ਕੱਟੇ ਚਾਲਾਨ
ਐਮ.ਸੀ. ਮੋਹਾਲੀ ਵੱਲੋਂ ਕੂੜਾ ਖਿਲਾਰਨ ਵਾਲਿਆਂ ‘ਤੇ ਸਖ਼ਤ ਕਾਰਵਾਈ, ਸ਼ਹਿਰ-ਪੱਧਰੀ ਸਫਾਈ ਮੁਹਿੰਮ ਸ਼ੁਰੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਫ਼ਰਵਰੀ:
ਨਗਰ ਨਿਗਮ ਮੋਹਾਲੀ ਵੱਲੋਂ ਅੱਜ ਸ਼ਹਿਰ ਭਰ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ, ਜਿਸ ਨਾਲ ਮੋਹਾਲੀ ਨਿਵਾਸੀਆਂ ਨੂੰ ਸਾਫ਼-ਸੁਥਰਾ, ਸੁਚੱਜਾ ਅਤੇ ਵਾਤਾਵਰਣ-ਪੱਖੀ ਮਾਹੌਲ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਗਈ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਫੀਲਡ ਟੀਮਾਂ ਵੱਲੋਂ ਸੈਕਟਰ-64 ਫੇਜ਼-10 ਮਾਰਕੀਟ, ਸੈਕਟਰ-64 ਜੋਨ-3, ਸੈਕਟਰ-68 ਜੋਨ-3, ਸੈਕਟਰ-78 ਅਤੇ ਫੇਜ਼-11 ਮੋਹਾਲੀ ਸਮੇਤ ਫੇਜ਼-2 (ਹਾਊਸ ਨੰਬਰ 758, ਬੀ-ਰੋਡ) ਅਤੇ ਫੇਜ਼-6, ਸੈਕਟਰ-56 (56-ਬੀ ਰੋਡ, 636-ਸੀ ਅਤੇ 638-ਸੀ ਰੋਡ) ਵਿੱਚ ਸਫਾਈ ਅਤੇ ਬਾਗਬਾਨੀ ਕੂੜੇ ਦੀ ਚੁਕਾਈ ਕੀਤੀ ਗਈ।
ਇਸ ਤੋਂ ਇਲਾਵਾ ਪਬਲਿਕ ਅਤੇ ਕਮਿਊਨਿਟੀ ਟਾਇਲਟ — ਪੀ.ਟੀ. 1, 2, 3, 4, 5, 6, 7, 8, 10, 11, 12, 13, 14, 15, 64, 65, 76 ਅਤੇ 78 — ਦੀ ਪੂਰੀ ਤਰ੍ਹਾਂ ਸਫਾਈ ਅਤੇ ਸੈਨੀਟਾਈਜ਼ੇਸ਼ਨ ਕੀਤੀ ਗਈ ਅਤੇ ਹਰ ਸਥਾਨ ਤੋਂ ਸਮੇਂ-ਸਮੇਂ ਦੀਆਂ ਅਪਡੇਟਾਂ ਸਾਂਝੀਆਂ ਕੀਤੀਆਂ ਗਈਆਂ।
ਸਖ਼ਤ ਕਾਰਵਾਈ ਕਰਦਿਆਂ ਸੈਕਟਰ-70 ਸਥਿਤ ਹੋਮਲੈਂਡ ਹਾਈਟਸ ਸੋਸਾਇਟੀ ਨਾਲ ਜੁੜੇ ਕੂੜਾ ਇਕੱਠਾ ਕਰਨ ਵਾਲੇ ਦਾ ਚਾਲਾਨ ਕੀਤਾ ਗਿਆ, ਕਿਉਂਕਿ ਬਲਕ ਵੇਸਟ ਜਨਰੇਟਰ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਗਈਆਂ। ਮੌਕੇ ‘ਤੇ ਹੀ 5,000 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ, ਜੋ ਕਿ ਕੂੜਾ ਫੈਲਾਉਣ, ਖੁੱਲ੍ਹੇ ਵਿੱਚ ਕੂੜਾ ਸੁੱਟਣ ਅਤੇ ਸਾੜਨ ਵਿਰੁੱਧ ਕਾਰਪੋਰੇਸ਼ਨ ਦੀ ਜ਼ੀਰੋ-ਟੋਲਰੈਂਸ ਨੀਤੀ ਨੂੰ ਦਰਸਾਉਂਦਾ ਹੈ।
ਪੀ.ਸੀ.ਐਲ. ਲਾਈਟ ਤੋਂ ਮਟੌਰ ਰੋਡ, ਵਾਈ.ਪੀ.ਐਸ. ਚੌਕ ਤੋਂ ਜੇਲ੍ਹ ਰੋਡ ਅਤੇ ਹੋਰ ਮਹੱਤਵਪੂਰਨ ਸੜਕਾਂ ‘ਤੇ ਮਸ਼ੀਨੀ ਸਫਾਈ ਅਤੇ ਲਿਟਰ-ਪਿਕਿੰਗ ਕੀਤੀ ਗਈ। ਮਸ਼ੀਨੀ ਸਫਾਈ ਦੇ ਨਾਲ-ਨਾਲ ਫੁੱਟਪਾਥ ਅਤੇ ਪੈਦਲ ਮਾਰਗਾਂ ਦੀ ਹੱਥੋਂ ਸਫਾਈ ਯਕੀਨੀ ਬਣਾਉਣ ਅਤੇ ਹਰ ਸਥਾਨ ਦੀ ਫੋਟੋਗ੍ਰਾਫਿਕ ਰਿਕਾਰਡਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ। ਦਾਰਾ ਸਟੂਡੀਓ ਬਾਊਂਡਰੀ, ਵੇਰਕਾ ਸਾਈਡ ਅਤੇ ਵੇਰਕਾ ਪਲਾਂਟ ਇਲਾਕੇ ਦੇ ਆਲੇ-ਦੁਆਲੇ ਵੀ ਕੂੜਾ ਸਾਫ਼ ਕੀਤਾ ਗਿਆ ਅਤੇ ਪੱਤੇ ਤੇ ਲਿਫਾਫੇ ਵੱਖਰੇ ਇਕੱਠੇ ਕਰਕੇ ਸ਼ਾਹੀ ਮਾਜਰਾ ਵਿਖੇ ਵਿਗਿਆਨਕ ਢੰਗ ਨਾਲ ਨਿਪਟਾਰਾ ਲਈ ਭੇਜੇ ਗਏ।
ਰਾਤਰੀ ਡਿਊਟੀ ਲਈ ਵਿਸਥਾਰਪੂਰਕ ਰੂਟ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਚੰਡੀਗੜ੍ਹ ਵੱਲ ਜਾਂਦੀਆਂ ਸੜਕਾਂ ‘ਤੇ ਸੈਕਟਰ-48 ਤੱਕ ਕਈ ਸਵੀਪਿੰਗ ਮਸ਼ੀਨਾਂ ਅਤੇ ਸਹਾਇਕ ਵਾਹਨ ਤਾਇਨਾਤ ਕੀਤੇ ਗਏ ਹਨ। ਸੋਹਾਣਾ ਸਾਹਿਬ ਤੋਂ ਵਾਈ.ਪੀ.ਐਸ. ਚੌਕ ਤੱਕ ਅਤੇ ਵਾਪਸੀ ਦੌਰਾਨ ਵਾਟਰ-ਜੈੱਟਿੰਗ ਵੀ ਨਿਯੁਕਤ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ।
ਮਿਊਂਸਿਪਲ ਕਾਰਪੋਰੇਸ਼ਨ ਨੇ ਸਾਰੇ ਨਾਗਰਿਕਾਂ, ਖ਼ਾਸ ਕਰਕੇ ਬਲਕ ਵੇਸਟ ਜਨਰੇਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਠੋਸ ਕੂੜਾ ਪ੍ਰਬੰਧਨ ਨਿਯਮਾਂ ਦੀ ਪਾਲਣਾ ਕਰਨ ਅਤੇ ਮੋਹਾਲੀ ਨੂੰ ਸਾਫ਼, ਸੁਚੱਜਾ ਅਤੇ ਵਾਤਾਵਰਣ ਪੱਖੋਂ ਜ਼ਿੰਮੇਵਾਰ ਸ਼ਹਿਰ ਬਣਾਉਣ ਵਿੱਚ ਸਾਥ ਦੇਣ।