Vigilance Special: ਹਾਈਕੋਰਟ ਦੀ ਘੁਰਕੀ ਪਿੱਛੋਂ ਵਿਜੀਲੈਂਸ ਵੱਲੋਂ ‘ਹਾਕਮ ਧਿਰ’ ਦੀ ਸਰਪੰਚ ਖਿਲਾਫ ਸ਼ਿਕੰਜਾ
ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2026: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਬਠਿੰਡਾ ਨੇ ਸੱਤਾਧਾਰੀ ‘ਆਮ ਆਦਮੀ ਪਾਰਟੀ’ ਦੇ ਮਹਿਲਾ ਵਿੰਗ ਦੀ ਤੱਤਕਾਲੀ ਜ਼ਿਲ੍ਹਾ ਪ੍ਰਧਾਨ ਅਤੇ ਪਿੰਡ ਕਾਲਝਰਾਣੀ ਦੀ ਮੌਜੂਦਾ ਸਰਪੰਚ ਸਤਵੀਰ ਕੌਰ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਤਵੀਰ ਕੌਰ ਨੇ ਜੰਗਲਾਤ ਵਿਭਾਗ ਵਿੱਚ ਡਰਾਈਵਰ ਦੀ ਨੌਕਰੀ ਦਿਵਾਉਣ ਬਦਲੇ ‘ਆਮ ਆਦਮੀ ਪਾਰਟੀ’ ਦੇ ਵਲੰਟੀਅਰ ਜਤਿੰਦਰ ਸਿੰਘ ਤੋਂ ਉਸ ਦੀ ਤਨਖਾਹ ਵਿੱਚੋਂ 8 ਹਜ਼ਾਰ 500 ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ ਸੀ। ਜਤਿੰਦਰ ਸਿੰਘ ਨੇ 19 ਦਸੰਬਰ 2023 ਨੂੰ ਬਠਿੰਡਾ ਵਿਜੀਲੈਂਸ ਕੋਲ ਸਬੂਤਾਂ ਸਮੇਤ ਸ਼ਿਕਾਇਤ ਦਰਜ ਕਰਵਾਈ ਸੀ ਪਰ ਵਿਜੀਲੈਂਸ ਨੇ ਕਾਰਵਾਈ ਕਰਨ ਤੋਂ ਪਾਸਾ ਵੱਟ ਲਿਆ ਜਿਸ ਦਾ ਕਾਰਨ ਸਿਆਸੀ ਦਬਾਅ ਦੱਸਿਆ ਜਾਂਦਾ ਹੈ। ਪੀੜਤ ਜਤਿੰਦਰ ਸਿੰਘ ਨੇ ਕਾਰਵਾਈ ਕਰਵਾਉਣ ਲਈ ਸਬੂਤਾਂ ਸਮੇਤ 2025 ਦੌਰਾਨ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਜੀਲੈਂਸ ਵਿਭਾਗ ਨੂੰ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਹੈਰਾਨੀ ਦੀ ਗੱਲ ਹੈ ਕਿ ਵਿਜੀਲੈਂਸ ਨੇ 25 ਜਨਵਰੀ ਨੂੰ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਸੀ ਪਰ ਇਸ ਸਬੰਧੀ ਭਾਫ ਵੀ ਬਾਹਰ ਨਹੀਂ ਨਿਕਲਣ ਦਿੱਤੀ ਅਤੇ ਨਾਂ ਹੀ ਸਰਪੰਚ ਸਤਵੀਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਵੱਡੀ ਗੱਲ ਇਹ ਹੈ ਕਿ ਗਾਹੇ ਬਗਾਹੇ ਆਪਣੀ ਪ੍ਰਾਪਤੀਆਂ ਦਾ ਚਿੱਠਾ ਮੀਡੀਆ ਨੂੰ ਦੱਸਣ ਵਾਲੀ ਵਿਜੀਲੈਂਸ ਨੇ ਇਹ ਮਾਮਲਾ ਪੱਤਰਕਾਰਾਂ ਤੋਂ ਵੀ ਲੁਕਾਈ ਰੱਖਿਆ ਹੈ। ਹੁਣ ਸਾਹਮਣੇ ਆਇਆ ਹੈ ਕਿ ਵਿਜੀਲੈਂਸ ਨੇ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਸਰਪੰਚ ਸਤਬੀਰ ਕੌਰ ਖਿਲਾਫ ਭ੍ਰਿਸ਼ਟਚਾਰ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ। ਵਿਜੀਲੈਂਸ ਨੇ ਐਫਆਈਆਰ ’ਚ ਕਿਹਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਰਾਕੇਸ਼ ਪੁਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਨਾਮਜਦ ਕੀਤਾ ਜਾਏਗਾ।
ਪੀੜਤ ਜਤਿੰਦਰ ਸਿੰਘ ਦਾ ਪੱਖ
ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ 2013-2014 ਤੋਂ ’ਆਪ’ ਵਲੰਟੀਅਰ ਹੈ ਅਤੇ ਉਦੋਂ ਸਤਵੀਰ ਕੌਰ ਵੀ ਇੱਕ ਵਲੰਟੀਅਰ ਸੀ। ਚੇਅਰਮੈਨ ਰਾਕੇਸ਼ ਪੁਰੀ ਵੀ ਆਮ ਆਦਮੀ ਪਾਰਟੀ ਵਿੱਚ ਸੀ। ਉਸ ਨੇ ਦੱਸਿਆ ਕਿ ਪੈਸਕੋ ਰਾਹੀਂ, ਉਸ ਦੀ 25 ਜੁਲਾਈ, 2023 ਨੂੰ ਜੰਗਲਾਤ ਵਿਭਾਗ ਵਿੱਚ ਡਰਾਈਵਰ ਵਜੋਂ ਨਿਯੁਕਤੀ ਹੋਈ ਅਤੇ ਤਨਖਾਹ 22 ਹਜ਼ਾਰ 500 ਰੁਪਏ ਸੀ। ਇੱਕ ਮਹੀਨੇ ਬਾਅਦ, ਸਰਪੰਚ ਅਤੇ ਚੇਅਰਮੈਨ ਨੇ ਮੈਨੂੰ ਦਫ਼ਤਰ ਬੁਲਾਇਆ ਅਤੇ ਦੋਵਾਂ ਨੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ ਸੀ। ਜੋ ਬਾਅਦ ’ਚ ਘਟਾਕੇ 85 ਸੌ ਰੁਪਏ ਤੇ ਆ ਗਏ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੂੰ ਦਿੱਤੀ ਸ਼ਕਾਇਤ ’ਤੇ ਜਦੋਂ ਕਾਰਵਾਈ ਨਾਂ ਹੋਈ ਤਾਂ 2025 ਵਿੱਚ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ । ਇਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਵਿਜੀਲੈਂਸ ਨੂੰ ਐਫਆਈਆਰ ਦਰਜ ਕਰਨੀ ਪਈ ਹੈ।
ਆਊਟਸੋਰਸਿੰਗ ਤਹਿਤ ਭਰਤੀ
ਵਿਜੀਲੈਂਸ ਦੀ ਇੰਸਪੈਕਟਰ ਰਾਜਨਦੀਪ ਕੌਰ ਨੇ ਦੱਸਿਆ ਕਿ ਸਤਵੀਰ ਕੌਰ ਖਿਲਾਫ ਭ੍ਰਿਸ਼ਟਾਚਾਰ ਨਿਵਾਰਣ ਐਕਟ 1988 ਦੀ ਧਾਰਾ 7 ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਜਤਿੰਦਰ ਸਿੰਘ ਨੇ ਨੌਕਰੀ ਹਾਸਲ ਕਰਨ ਲਈ ਸਤਵੀਰ ਕੌਰ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਤਵੀਰ ਕੌਰ ਨੇ 24 ਜੁਲਾਈ, 2023 ਨੂੰ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੀ ਆਊਟਸੋਰਸਿੰਗ ਸਕੀਮ ਤਹਿਤ ਜਤਿੰਦਰ ਸਿੰਘ ਪੰਜਾਬ ਸਾਬਕਾ ਸੈਨਿਕ ਨਿਗਮ ਰਾਹੀਂ ਡਰਾਈਵਰ ਵਜੋਂ ਭਰਤੀ ਕਰਵਾਇਆ ਸੀ। ਇੰਸਪੈਕਟਰ ਰਾਜਨਦੀਪ ਕੌਰ ਨੇ ਦੱਸਿਆ ਕਿ ਮੁਲਜਮ ਸਤਵੀਰ ਕੌਰ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
ਪੈਸਿਆਂ ਤੋਂ ਜਵਾਬ ਪਿੱਛੋਂ ਬਰਖਾਸਤ
ਐਫਆਈਆਰ ’ਚ ਦੋਸ਼ ਲਾਇਆ ਗਿਆ ਹੈ ਕਿ ਸਤਵੀਰ ਕੌਰ ਨੇ ਜਤਿੰਦਰ ਸਿੰਘ ਤੋਂ ਹਰ ਮਹੀਨੇ 10 ਹਜਾਰ ਰੁਪਏ ਰਿਸ਼ਵਤ ਮੰਗੀ ਸੀ ਜੋ ਬਾਅਦ ’ਚ 8,500 ਰੁਪਏ ਤੈਅ ਹੋਈ ਸੀ। ਜਦੋਂਂ ਜਤਿੰਦਰ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਦੌਰਾਨ ਜਤਿੰਦਰ ਸਿੰਘ ਨੇ ਤਨਖਾਹ ਚੋਂ ਰਿਸ਼ਵਤ ਮੰਗਣ ਸਬੰਧੀ ਸਬੂਤ ਆਡੀਓ ਤੇ ਵੀਡੀਓ ਰਿਕਾਰਡ ਕਰ ਲਏ ਸਨ ਜਿੰਨ੍ਹਾਂ ਦੇ ਅਧਾਰ ਤੇ ਮੁਕੱਦਮਾ ਦਰਜ ਹੋਇਆ ਹੈ। ਇਸਪੈਕਟਰ ਰਾਜਨਦੀਪ ਕੌਰ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਜੰਗਲਾਤ ਵਿਭਾਗ ਦੇ ਚੇਅਰਮੈਨ ਰਾਕੇਸ਼ ਪੁਰੀ ਦੀ ਭੂਮਿਕਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਕਿਸਮ ਦੀ ਸ਼ਮੂਲੀਅਤ ਸਾਹਮਣੇ ਆਉਣ ਤੇ ਪੁਰੀ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ।
ਫਰਾਰ ਸਰਪੰਚ ਅਦਾਲਤੀ ਸ਼ਰਨ ’ਚ
ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ ਸਰਪੰਚ ਸਤਵੀਰ ਕੌਰ ਨੇ ਆਪਣਾ ਬਚਾਅ ਕਰਨ ਲਈ 5 ਫਰਵਰੀ ਨੂੰ ਬਠਿੰਡਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸਦੀ ਸੁਣਵਾਈ 9 ਫਰਵਰੀ ਨੂੰ ਹੋਣੀ ਹੈ। ਜਾਣਕਾਰੀ ਅਨੁਸਾਰ ਪੀੜਤ ਨੇ ਵਿਜੀਲੈਂਸ ਨੂੰ 11 ਆਡੀਓ ਅਤੇ ਵੀਡੀਓ ਰਿਕਾਰਡਿੰਗਾਂ ਸੌਂਪੀਆਂ ਸਨ। ਇਨ੍ਹਾਂ ਰਿਕਾਰਡਿੰਗਾਂ ਦੀਆਂ ਟਰਾਂਸਕ੍ਰਿਪਟਾਂ ਸ਼ਿਕਾਇਤਕਰਤਾ ਦੀ ਮੌਜੂਦਗੀ ਵਿੱਚ ਤਿਆਰ ਕੀਤੀਆਂ ਗਈਆਂ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਗੱਲਬਾਤ ਦੌਰਾਨ ਸਤਵੀਰ ਕੌਰ ਨੇ 8,500 ਰਪਏ ਮਹੀਨਾ ਲੈਣ ਦੀ ਗੱਲ ਸਵੀਕਾਰ ਕੀਤੀ ਅਤੇ ਇਹ ਵੀ ਮੰਨਿਆ ਕਿ 10 ਹਜ਼ਾਰ ਰੁਪਏ ਪਹਿਲਾਂ ਪ੍ਰਾਪਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਰਿਕਾਰਡਿੰਗਾਂ ਵਿੱਚ ਚੇਅਰਮੈਨ ਪੁਰੀ ਨਾਲ ਗੱਲਬਾਤ ਵੀ ਸ਼ਾਮਲ ਹੈ।