ਵੇਅਰ ਹਾਊਸ ਦੇ ਗੋਦਾਮ ਵਿੱਚੋਂ ਲੱਖਾਂ ਦੇ ਚੌਲ ਚੋਰੀ
- ਤਾਲੇ ਤੋੜ ਕੇ ਅੰਦਰ ਵੜੇ ਅਤੇ ਅੰਦਰਲੀ ਕੰਧ ਤੋੜ ਕੇ ਚੋਰਾਂ ਨੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ
ਰੋਹਿਤ ਗੁਪਤਾ
ਗੁਰਦਾਸਪੁਰ, 27 ਜੁਲਾਈ 2025 - ਧਾਰੀਵਾਲ ਦੇ ਵੈਅਰ ਹਾਉਸ ਦੇ ਗੋਦਾਮ ਵਿੱਚੋ ਚੋਰਾਂ ਨੇ 110 ਬੋਰੇ ਚੋਲ ਚੋਰੀ ਕਰ ਲਏ ।ਵਿਭਾਗ ਦੇ ਅਧਿਕਾਰੀਆਂ ਨੇ ਪਤਾ ਲੱਗਣ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਜਿੱਥੇ ਪੁਲਿਸ ਨੇ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੇਅਰ ਹਾਊਸ ਗੁਦਾਮ ਦੇ ਇਕ ਮੁਲਾਜ਼ਮ ਅਤੇ ਮੈਨੇਜਰ ਵਿਸ਼ਾਲ ਸਿੰਘ ਜਸਰੋਟੀਆ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਨੇੜੇ ਦੇ ਪੈਲਸ ਦੇ ਮਾਲਕ ਨੇ ਸੂਚਨਾ ਦਿੱਤੀ ਸੀ ਕਿ ਪੈਲਸ ਅਤੇ ਗੁਦਾਮਾਂ ਦੇ ਤਾਲੇ ਟੁੱਟੇ ਹੋਏ ਹਨ। ਹਾਲਾਂਕਿ ਪੈਲਸ ਵਿੱਚੋਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਗੁਦਾਮਾਂ ਦੇ ਤਾਲੇ ਤੋੜ ਕੇ ਚੋਰ ਗੁਦਾਮਾਂ ਦੇ ਅੰਦਰ ਵੜੇ ਅਤੇ ਅੰਦਰਲੀ ਕੰਧ ਤੋੜ ਕੇ ਕਰੀਬ 110 ਬੋਰੀਆਂ ਚੌਲ ਚੋਰੀ ਕਰਕੇ ਲੈ ਗਏ ਹਨ । ਉਹਨਾਂ ਕਿਹਾ ਕਿ ਨਿਸ਼ਚਿਤ ਤੌਰ ਤੇ ਚੋਰ ਕਿਸੇ ਗੱਡੀ ਵਿੱਚ ਆਏ ਸੀ ਅਤੇ ਉਸੇ ਵਿੱਚ ਬੋਰੀਆ ਲੱਦ ਕੇ ਲੈ ਗਏ ਹਨ। ਜਿਸ ਨਾਲ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਾਰਦਾਤ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।