ਬੱਬਰ ਖਾਲਸਾ ਨਾਲ ਜੁੜਿਆ ਅੱਤਵਾਦੀ ਗ੍ਰਿਫ਼ਤਾਰ, ਬਟਾਲਾ ਗ੍ਰਨੇਡ ਹਮਲੇ ਦਾ ਹੈ ਮੁਲਜ਼ਮ
ਨਵੀਂ ਦਿੱਲੀ, 27 ਜੁਲਾਈ 2025: ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ 'ਚ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਇੱਕ ਵੱਡੀ ਗ੍ਰਿਫ਼ਤਾਰੀ ਹੋਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਹਮਲੇ ਵਿੱਚ ਸ਼ਾਮਲ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਇੱਕ ਲੋੜੀਂਦੇ ਆਰੋਪੀ ਕਰਨਬੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ 7 ਅਪ੍ਰੈਲ 2025 ਨੂੰ ਗੁਰਦਾਸਪੁਰ ਦੇ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਗਿਆ ਸੀ। ਇਸ ਅੱਤਵਾਦੀ ਹਮਲੇ ਵਿੱਚ ਕਰਨਬੀਰ ਅਤੇ ਹੋਰ ਕਈ ਅੱਤਵਾਦੀ ਸ਼ਾਮਲ ਸਨ। ਹੁਣ ਤੱਕ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਇਸ ਮਾਮਲੇ ਵਿੱਚ ਕੁੱਲ 9 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤਾ ਗਿਆ ਆਰੋਪੀ ਕਰਨਬੀਰ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਦਿੱਲੀ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਪਿਛਲੇ 22 ਸਾਲਾਂ ਤੋਂ ਫਰਾਰ ਸੀ। ਪੁਲਿਸ ਸੂਤਰਾਂ ਅਨੁਸਾਰ ਉਹ ਰਾਜਧਾਨੀ ਵਿੱਚ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਨ ਦੇ ਨੈੱਟਵਰਕ ਨਾਲ ਵੀ ਜੁੜਿਆ ਹੋਇਆ ਸੀ।