ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਾਮੁਨ ਵੇਚਣ ਵਾਲਿਆਂ ਦੇ ਮੁਰਝਾਏ ਚਿਹਰੇ, ਹੋ ਰਿਹਾ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ : ਮੌਸਮ ਵਿਭਾਗ ਵੱਲੋਂ ਲਗਾਤਾਰ ਚਾਰ ਦਿਨ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਗੱਲ ਗੁਰਦਾਸਪੁਰ ਦੀ ਕਰੀਏ ਤਾਂ ਤਿੰਨ ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ।ਬਾਰਿਸ਼ ਝੋਨੇ ਦੀ ਫਸਲ ਲਈ ਚੰਗੀ ਦੱਸੀ ਜਾ ਰਹੀ ਹੈ ਉੱਥੇ ਹੀ ਇਸ ਬਾਰਿਸ਼ ਕਾਰਨ ਸਬਜ਼ੀਆਂ ਦਾ ਨੁਕਸਾਨ ਵੀ ਹੋ ਰਿਹਾ ਹੈ ਅਤੇ ਸਬਜ਼ੀਆਂ ਦੇ ਰੇਟ ਲਗਾਤਾਰ ਵੱਧ ਰਹੇ ਹਨ। ਉੱਥੇ ਹੀ ਕੁਝ ਦਿਨਾਂ ਦੇ ਮੌਸਮੀ ਫਲ ਜਾਮੁਨ ਦੀ ਗੱਲ ਕਰੀਏ ਤਾਂ ਜਾਮੁਨ ਵੇਚਣ ਵਾਲੇ ਬਾਰਿਸ਼ ਕਾਰਨ ਲਗਾਤਾਰ ਨੁਕਸਾਨ ਝੱਲ ਰਹੇ ਹਨ।
ਹਨੁਮਾਨ ਚੌਂਕ ਵਿੱਚ ਰੇਹੜੀ ਤੇ ਜਾਮੁਨ ਵੇਚਣ ਵਾਲੇ ਲਵਲੀ ਨਾਮਕ ਨੌਜਵਾਨ ਨੇ ਦੱਸਿਆ ਕਿ ਕੱਲ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਜਿਸ ਕਾਰਨ ਗ੍ਰਾਹਕ ਨਹੀਂ ਆਇਆ ਤੇ ਜਿਨਾਂ ਨੇ ਵੀ ਜਾਮੁਨ ਮੰਡੀ ਤੋਂ ਖਰੀਦ ਕੇ ਲਿਆਂਦਾ ਸੀ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ ਕਿਉਂਕਿ ਜਾਮੁਨ ਅਜਿਹਾ ਫਲ ਹੈ ਜਿਸ ਦੇ ਬਾਰਿਸ਼ ਪੈ ਜਾਵੇ ਤਾਂ ਉਹ ਗੱਲਣਾ ਸ਼ੁਰੂ ਹੋ ਜਾਂਦਾ ਹੈ। ਅੱਜ ਵੀ ਬਾਰਿਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਹੁਤ ਘੱਟ ਲੋਕ ਮੰਡੀ ਤੋਂ ਜਾਮੁਨ ਖਰੀਦ ਕੇ ਲਿਆਏ ਹਨ ਪਰ ਬਾਰਿਸ਼ ਕਾਰਨ ਜਾਮੁਨ ਦਾ ਰੇਟ ਦੁਗਨਾ ਹੋ ਗਿਆ ਹੈ ਅੱਜ ਬਾਜ਼ਾਰ ਵਿੱਚ 200 ਰੁਪਏ ਕਿਲੋ ਦੇ ਹਿਸਾਬ ਨਾਲ ਜਾਮੁਨ ਵਿਕ ਰਿਹਾ ਹੈ ਜਦਕਿ ਪਰਸੋਂ ਇਜ ਦਾ ਰੇਟ 100 ਰੁ ਕਿਲੋ ਹੋ ਗਿਆ ਸੀ । ਉਸਨੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਵੀ ਸਵੇਰੇ 9 ਵਜੇ ਤੋਂ ਬਾਰਿਸ਼ ਹੋ ਰਹੀ ਹੈ, ਜੇਕਰ ਅਜਿਹਾ ਹੀ ਰਿਹਾ ਤਾਂ ਅੱਜ ਉਸ ਨੂੰ ਵੀ ਨੁਕਸਾਨ ਹੋਵੇਗਾ ਅਤੇ ਉਸ ਵੱਲੋਂ ਲਿਆਂਦਾ ਫਲ ਵੀ ਖਰਾਬ ਹੋ ਜਾਏਗਾ।