ਪੰਜਾਬ ਪੁਲਿਸ ਨੇ ਫੜੇ 22,772 ਨਸ਼ਾ ਤਸਕਰ; ਅਰਬਾਂ ਰੁਪਏ ਦੀ ਹੈਰੋਇਨ ਅਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਬਰਾਮਦ
—ਡੀਜੀਪੀ ਪੰਜਾਬ ਨੇ ਲੋਕਾਂ ਨੂੰ ‘ਸੇਫ ਪੰਜਾਬ’ ਹੈਲਪਲਾਈਨ 97791-00200 ਰਾਹੀਂ ਨਸ਼ਾ ਤਸਕਰਾਂ ਬਾਰੇ ਗੁਪਤ ਤੌਰ ’ਤੇ ਜਾਣਕਾਰੀ ਸਾਂਝੀ ਕਰਨ ਦਾ ਦਿੱਤਾ ਸੱਦਾ
— ਸਾਰੇ ਵੱਡੇ ਸੰਗਠਿਤ ਅਤੇ ਗੈਂਗਸਟਰ ਨਾਲ ਸਬੰਧਤ ਕੇਸ ਟਰੇਸ ਕੀਤੇ ਗਏ, ਅੱਤਵਾਦ ਸਬੰਧੀ ਕੇਸਾਂ ਦਾ ਕੀਤਾ 100 ਫੀਸਦ ਨਿਪਟਾਰਾ : ਡੀਜੀਪੀ ਗੌਰਵ ਯਾਦਵ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 21 ਜੁਲਾਈ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਦੇ ਨਾਲ-ਨਾਲ ਪੰਜਾਬ ਦੇ ‘ਸੇਫ ਪੰਜਾਬ’ ਵਟਸਐਪ ਚੈਟਬੋਟ ਪੋਰਟਲ— 9779100200— ਨੇ ਸਫਲਤਾਪੂਰਵਕ 30 ਫੀਸਦ ਟਿਪ ਕਨਵਰਜਨ ਰੇਟ ਹਾਸਲ ਕੀਤਾ ਹੈ। ਲੋਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਨਾਲ 1 ਮਾਰਚ, 2025 ਤੋਂ ਹੁਣ ਤੱਕ 3671 ਐਫਆਈਆਰਜ਼ ਦਰਜ ਕੀਤੀਆਂ ਗਈਆਂ ਅਤੇ 4872 ਗ੍ਰਿਫ਼ਤਾਰੀਆਂ ਹੋਈਆਂ ਹਨ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਜ਼ਿਕਰਯੋਗ ਹੈ ਕਿ ‘ਸੇਫ਼ ਪੰਜਾਬ’ ਨਸ਼ਾ ਵਿਰੋਧੀ ਹੈਲਪਲਾਈਨ 97791-00200 ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜਿਸਦਾ ਉਦੇਸ਼ ਨਸ਼ਿਆਂ ਨਾਲ ਸਬੰਧਤ ਮਸਲਿਆਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਗੁਪਤ, ਆਸਾਨੀ ਨਾਲ ਉਪਲਬਧ ਅਤੇ ਭਰੋਸੇਯੋਗ ਸਹਾਇਤਾ ਪ੍ਰਦਾਨ ਕਰਨਾ ਹੈ।
ਡੀਜੀਪੀ ਨੇ ਕਿਹਾ ਕਿ ‘ਸੇਫ਼ ਪੰਜਾਬ’ ਚੈਟਬੋਟ ਇੱਕ ਮਹੱਤਵਪੂਰਨ ਉਪਰਾਲੇ ਵਜੋਂ ਉੱਭਰੀ ਹੈ ਕਿਉਂਕਿ ਇਸਨੂੰ ਆਪਣੀ ਗੁਪਤਤਾ ਵਾਲੀ ਵਿਸ਼ੇਸ਼ਤਾ ਲਈ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਇਹ ਲੋਕਾਂ ਨੂੰ ਤਸਕਰਾਂ, ਨਸ਼ਾ ਪੀੜਤਾਂ ਦੀ ਰਿਪੋਰਟ ਕਰਨ ਅਤੇ ਸੁਝਾਅ ਦੇਣ ਲਈ ਉਤਸ਼ਾਹਿਤ ਕਰਦੀ ਹੈ। ਲੋਕਾਂ ਨੂੰ ਇਸ ਚੈਟਬੋਟ ‘ਤੇ ਬਿਨਾਂ ਕਿਸੇ ਡਰ ਤੋਂ ਗੁਪਤ ਰੂਪ ਵਿੱਚ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।
ਡੀਜੀਪੀ ਪੰਜਾਬ, ਮਹਾਰਾਜਾ ਰਣਜੀਤ ਸਿੰਘ-ਪੰਜਾਬ ਪੁਲਿਸ ਅਕੈਡਮੀ (ਐਮਆਰਐਸ-ਪੀਪੀਏ), ਫਿਲੌਰ ਵਿਖੇ ਸਾਰੇ ਰੇਂਜ ਡੀਆਈਜੀ, ਐਸਐਸਪੀ ਅਤੇ ਸੀ.ਪੀ. ਨਾਲ ਰਾਜ ਪੱਧਰੀ ਕਾਨੂੰਨ ਵਿਵਸਥਾ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਜਿਸ ਵਿੱਚ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਡਰੱਗ ਕਾਨੂੰਨ ਲਾਗੂ ਕਰਨ, ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਅੰਦਰੂਨੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ। ਵਿਸ਼ੇਸ਼ ਡੀਜੀਪੀ ਕਾਨੂੰਨ ਵਿਵਸਥਾ ਅਰਪਿਤ ਸ਼ੁਕਲਾ, ਵਿਸ਼ੇਸ਼ ਡੀਜੀਪੀ (ਇੰਟੈਲੀਜੈਂਸ) ਪ੍ਰਵੀਨ ਸਿਨਹਾ, ਡਾਇਰੈਕਟਰ (ਪੀਪੀਏ) ਫਿਲੌਰ ਅਨੀਤਾ ਪੁੰਜ, ਏਡੀਜੀਪੀ (ਏਐਨਟੀਐਫ) ਨੀਲਭ ਕਿਸ਼ੋਰ, ਏਡੀਜੀਪੀ (ਏ.ਜੀ.ਟੀ.ਐਫ.) ਪ੍ਰਮੋਦ ਬਾਨ ਅਤੇ ਏਡੀਜੀਪੀ ਕਾਊਂਟਰ ਇੰਟੈਲੀਜੈਂਸ (ਸੀਆਈ) ਅਮਿਤ ਪ੍ਰਸਾਦ ਅਤੇ ਆਈਜੀਪੀ (ਹੈੱਡਕੁਆਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਸਾਂਝੇ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਹੁਣ ਤੱਕ 14,281 ਐਫਆਈਆਰਜ਼ ਦਰਜ ਕਰਕੇ 22,772 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 940 ਕਿਲੋ ਹੈਰੋਇਨ, 337 ਕਿਲੋ ਅਫੀਮ, 18 ਟਨ ਭੁੱਕੀ, 14 ਕਿਲੋ ਚਰਸ, 325 ਕਿਲੋ ਗਾਂਜਾ, 6 ਕਿਲੋ ਆਈਸੀਈ, 3.3 ਕਿਲੋ ਕੋਕੀਨ, 29.63 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 11.84 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਮੁਹਿੰਮ ਦੌਰਾਨ ਕਾਨੂੰਨੀ ਨਿਯਮਾਂ ਅਨੁਸਾਰ ਨਸ਼ਾ ਤਸਕਰਾਂ ਦੀਆਂ 162 (ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ) ਜਾਇਦਾਦਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਐਨਡੀਪੀਐਸ ਐਕਟ ਦੇ 90 ਫ਼ੀਸਦ ਮਾਮਲਿਆਂ ਵਿੱਚ ਅਪਰਾਧਿਆਂ ਨੂੰ ਸਜ਼ਾ ਦਵਾ ਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ।
ਡੀਜੀਪੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਤੋਂ ਇਲਾਵਾ, ਸੰਗਠਿਤ ਅਪਰਾਧ, ਗੈਂਗਸਟਰਾਂ ਅਤੇ ਪਾਕਿਸਤਾਨ-ਅਧਾਰਤ ਅੱਤਵਾਦੀ ਗਤੀਵਿਧੀਆਂ ਵਿਰੁੱਧ ਕਾਰਵਾਈ ਕਰਨਾ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ ਅਤੇ ਸਾਰੇ ਵੱਡੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਵੱਡੇ ਸੰਗਠਿਤ ਅਪਰਾਧ ਅਤੇ ਗੈਂਗਸਟਰ ਨਾਲ ਸਬੰਧਤ ਮਾਮਲਿਆਂ ਦਾ ਪਤਾ ਲਗਾਇਆ ਗਿਆ ਹੈ ਅਤੇ 100 ਫ਼ੀਸਦੀ ਅੱਤਵਾਦੀ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ।
ਇਸ ਮੌਕੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ, ਵਿਸ਼ੇਸ਼ ਡੀਜੀਪੀ ਇੰਟੈਲੀਜੈਂਸ ਪ੍ਰਵੀਨ ਸਿਨਹਾ, ਏਡੀਜੀਪੀ (ਏਐਨਟੀਐਫ) ਨੀਲਭ ਕਿਸ਼ੋਰ, ਏਡੀਜੀਪੀ (ਏਜੀਟੀਐਫ) ਪ੍ਰਮੋਦ ਬਾਨ ਅਤੇ ਏਡੀਜੀਪੀ (ਸੀਆਈ) ਅਮਿਤ ਪ੍ਰਸਾਦ ਨੇ ਫੀਲਡ ਅਧਿਕਾਰੀਆਂ ਨੂੰ ਨਸ਼ਾ ਤਸਕਰੀ, ਪਾਕਿ-ਅਧਾਰਤ ਅੱਤਵਾਦ, ਸੰਗਠਿਤ ਅਪਰਾਧ ਅਤੇ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮੁੱਦਿਆਂ ਦੇ ਨਵੀਨਤਮ ਰੁਝਾਨਾਂ ਤੋਂ ਜਾਣੂ ਕਰਵਾਇਆ।