ਸਕੂਲ ਵਿੱਚ ਸੈਮੀਨਾਰ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਖੰਨਾ 11 ਜੁਲਾਈ 2025 : ਜਿਲ੍ਹਾ ਖੰਨਾ ਦੀ ਪੁਲਿਸ ਵੱਲੋਂ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਜਿੰਮੇਵਾਰ ਨਾਗਰਿਕ ਬਣਾਉਣ ਦੇ ਉਦੇਸ਼ ਨਾਲ ਇੱਕ ਵਧੀਆ ਪਹਿਲ ਕੀਤੀ ਗਈ, ਸ਼ਕਤੀ ਹੈਲਪ ਡੈਸਕ ਦੀ ਅਗਵਾਈ ਹੇਠ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ
ਇਨ੍ਹਾਂ ਸੈਮੀਨਾਰਾਂ ਦੌਰਾਨ ਵਿਦਿਆਰਥੀਆਂ ਨੂੰ ਚੰਗੇ ਅਤੇ ਬੁਰੇ ਸਪਰਸ਼ ਦੀ ਪਛਾਣ ਕਰਵਾਈ ਗਈ, ਉਨ੍ਹਾਂ ਨੂੰ ਇਹ ਸਮਝਾਇਆ ਗਿਆ ਕਿ ਕਿਸੇ ਵੀ ਅਣਚਾਹੇ ਜਾਂ ਅਸੁਵਿਧਾਜਨਕ ਸਪਰਸ਼ ਦੀ ਰਿਪੋਰਟ ਕਰਨਾ ਉਨ੍ਹਾਂ ਦਾ ਹੱਕ ਹੈ, ਪੁਲਿਸ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਜੇਕਰ ਉਹ ਕਦੇ ਕਿਸੇ ਅਜਿਹੀ ਸਥਿਤੀ ਵਿੱਚ ਫਸਣ ਤਾਂ ਉਹ ਕਿਸ ਤਰ੍ਹਾਂ ਆਪਣਾ ਬਚਾਅ ਕਰ ਸਕਦੇ ਹਨ ਅਤੇ ਕਿਨ੍ਹਾਂ ਸਰਕਾਰੀ ਸਹਾਇਤਾ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ
ਇਸ ਦੇ ਨਾਲ-ਨਾਲ, ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ, ਉਨ੍ਹਾਂ ਨੂੰ ਸੜਕਾਂ ਉੱਤੇ ਸੁਰੱਖਿਅਤ ਤਰੀਕੇ ਨਾਲ ਚਲਣ, ਹੈਲਮੈਟ ਦੀ ਵਰਤੋਂ, ਅਤੇ ਨਾਬਾਲਗਾਂ ਵੱਲੋਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਨਾ ਚਲਾਉਣ ਬਾਰੇ ਜਾਣਕਾਰੀ ਦਿੱਤੀ ਗਈ
ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਦੇ ਰਾਹੀਂ ਵਿਦਿਆਰਥੀਆਂ ਵਿੱਚ ਸਵੈ-ਸੁਰੱਖਿਆ, ਨੈਤਿਕਤਾ ਅਤੇ ਕਾਨੂੰਨੀ ਜਾਣਕਾਰੀ ਵਧੇਗੀ, ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੁਲਿਸ ਅਧਿਕਾਰੀਆਂ ਨਾਲ ਆਪਣੇ ਸਵਾਲ ਸਾਂਝੇ ਕਰਕੇ ਉਨ੍ਹਾਂ ਦੇ ਜਵਾਬ ਪ੍ਰਾਪਤ ਕੀਤੇ , SSP ਖੰਨਾ ਜੋਤੀ ਯਾਦਵ ਨੇ ਕਿਹਾ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਭਵਿੱਖ ਵਿੱਚ ਵੀ ਨਿਰੰਤਰ ਚਲਾਈਆਂ ਜਾਣਗੀਆਂ ਤਾਂ ਜੋ ਨੌਜਵਾਨ ਪੀੜ੍ਹੀ ਨੈਤਿਕ, ਕਾਨੂੰਨੀ ਅਤੇ ਸਮਾਜਿਕ ਰੂਪ ਵਿੱਚ ਮਜ਼ਬੂਤ ਬਣੇ